ਪ੍ਰੈਸ ਰਿਲੀਜ਼ ਅਪ੍ਰੈਲ - ਜੂਨ 2026 (Press Releases April-June,2026)
ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਡਾ. ਜਗਦੀਪ ਸਿੰਘ ਦਾ ਅਮਰੀਕਾ ਦੌਰਾ
ਪਟਿਆਲਾ, 23 ਜੂਨ
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਹਾਲ ਹੀ ਵਿੱਚ ਕੀਤਾ ਗਿਆ ਅਮਰੀਕਾ ਦਾ ਦੌਰਾ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਹੈ। ਉਨ੍ਹਾਂ ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਅਕਾਦਮਿਕ ਮਿਆਰ ਨੂੰ ਉੱਚਾ ਚੁੱਕਣ, ਖੋਜ ਕਾਰਜਾਂ ਨੂੰ ਹੁਲਾਰਾ ਦੇਣ ਅਤੇ ਵਿਦੇਸ਼ਾਂ ਵਿੱਚ ਬੈਠੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨਾਲ਼ ਸਾਂਝ ਮਜ਼ਬੂਤ ਕਰਨ ਦੇ ਉਦੇਸ਼ ਨਾਲ਼ ਉਨ੍ਹਾਂ ਅਮਰੀਕਾ ਦੇ ਤਿੰਨ ਪ੍ਰਮੁੱਖ ਸੂਬਿਆਂ ਦਾ ਅਧਿਕਾਰਤ ਦੌਰਾ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਦੌਰੇ ਦੌਰਾਨ ਅਮਰੀਕਾ ਦੇ ਐਰੀਜ਼ੋਨਾ, ਕੈਲੀਫੋਰਨੀਆ ਅਤੇ ਨਿਊ ਜਰਸੀ ਸੂਬਿਆਂ ਵਿੱਚ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖ਼ਸੀਅਤਾਂ, ਉਦਯੋਗਪਤੀਆਂ ਅਤੇ ਤਕਨੀਕੀ ਮਾਹਿਰਾਂ ਨਾਲ਼ ਅਹਿਮ ਮੁਲਾਕਾਤਾਂ ਹੋਈਆਂ, ਜਿਸ ਦੇ ਸਿੱਟੇ ਵਜੋਂ ਯੂਨੀਵਰਸਿਟੀ ਦੇ ਸਰਵਪੱਖੀ ਵਿਕਾਸ ਲਈ ਕਈ ਅਹਿਮ ਇਕਰਾਰਨਾਮੇ ਸਹੀਬੱਧ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਐਰੀਜ਼ੋਨਾ ਵਿੱਚ ਪ੍ਰਸਿੱਧ ਨਿਊਰੋਸਰਜਨ ਅਤੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਡਾ. ਜਸਵੰਤ ਸਿੰਘ ਸਚਦੇਵ ਨਾਲ਼ ਮੁਲਾਕਾਤ ਦੌਰਾਨ ਵਿਦੇਸ਼ਾਂ ਵਿੱਚ ਰਹਿ ਰਹੇ ਦੂਜੀ ਅਤੇ ਤੀਜੀ ਪੀੜ੍ਹੀ ਦੇ ਪੰਜਾਬੀ ਬੱਚਿਆਂ ਲਈ ਆਨਲਾਈਨ ਪੰਜਾਬੀ ਭਾਸ਼ਾ ਦੇ ਕੋਰਸ ਸ਼ੁਰੂ ਕਰਨ ਬਾਰੇ ਗੰਭੀਰ ਚਰਚਾ ਹੋਈ। ਇਸੇ ਤਰ੍ਹਾਂ ਫੂਡ ਇੰਡਸਟਰੀ ਦੇ ਸਫਲ ਕਾਰੋਬਾਰੀ ਸ. ਲਖਵਿੰਦਰ ਸਿੰਘ (ਰਾਣਾ ਸੋਢੀ) ਨਾਲ਼ ਯੂਨੀਵਰਸਿਟੀ ਦੇ ਸੱਭਿਆਚਾਰਕ ਅਤੇ ਵਿਦਿਅਕ ਪ੍ਰੋਜੈਕਟਾਂ ਵਿੱਚ ਸਹਿਯੋਗ ਦੇਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਫੀਕਨਿਕਸ ਦੇ ਆਇਰਨਵੁੱਡ ਕੈਂਸਰ ਰਿਸਰਚ ਸੈਂਟਰ ਦੇ ਮੈਨੇਜਿੰਗ ਪਾਰਟਨਰ ਡਾ. ਪਰਵਿੰਦਰ ਖਨੂਜਾ (ਓਨਕੋਲੋਜਿਸਟ) ਨਾਲ਼ ਭਾਰਤ ਅਤੇ ਅਮਰੀਕਾ ਵਿੱਚ ਕੈਂਸਰ ਦੇ ਇਲਾਜ, ਕੀਮੋਥੈਰੇਪੀ ਅਤੇ ਰੇਡੀਏਸ਼ਨ ਥੈਰੇਪੀ ਦੇ ਖੇਤਰ ਵਿੱਚ ਤੁਲਨਾਤਮਕ ਅਧਿਐਨ ਅਤੇ ਖੋਜ ਬਾਰੇ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਡਾ. ਖਨੂਜਾ ਨੇ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਦੇ ਵਿਦਿਆਰਥੀਆਂ ਕੋਲੋਂ ਪੰਜਾਬੀ ਕਲਾਕ੍ਰਿਤੀਆਂ ਤਿਆਰ ਕਰਵਾਉਣ ਵਿੱਚ ਵੀ ਦਿਲਚਸਪੀ ਦਿਖਾਈ।
ਕੈਲੀਫੋਰਨੀਆ ਸੂਬੇ ਦੇ ਦੌਰੇ ਬਾਰੇ ਉਨ੍ਹਾਂ ਦੱਸਿਆ ਕਿ ਇਹ ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਆਡੀਓ ਲਾਇਬ੍ਰੇਰੀ ਦੇ ਹਵਾਲੇ ਨਾਲ਼ ਅਹਿਮ ਰਿਹਾ। ਇੱਥੇ ਇੰਜੀ. ਪ੍ਰੀਤ ਵਿਰਕ (ਵਾਈਸ ਪ੍ਰੈਜ਼ੀਡੈਂਟ, ਮਾਰਵਲ ਟੈਕਨਾਲੋਜੀ) ਨੇ ਪੰਜਾਬੀ ਯੂਨੀਵਰਸਿਟੀ ਵਿੱਚ 'ਬਾਣੀ ਟ੍ਰਾਂਸਲੇਸ਼ਨ ਪ੍ਰੋਜੈਕਟ', ਐਥਲੀਟ ਸਪਾਂਸਰਸ਼ਿਪ, ਹਾਕੀ ਖੇਡ ਸਹੂਲਤਾਂ, ਮਾਈਕਰੋ-ਫੋਰੈਸਟ ਡਿਵੈਲਪਮੈਂਟ ਅਤੇ ਸੈਮੀਕੰਡਕਟਰ ਚਿੱਪ ਡਿਜ਼ਾਈਨ ਵਰਗੇ ਪ੍ਰੋਜੈਕਟਾਂ ਵਿੱਚ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ।
ਉਨ੍ਹਾਂ ਦੱਸਿਆ ਕਿ ਸੈਂਟਰ ਫਾਰ ਪੰਜਾਬੀ, ਯੂ. ਐੱਸ. ਏ. ਦੇ ਅਟਾਰਨੀ ਜਸਪ੍ਰੀਤ ਸਿੰਘ ਨਾਲ਼ ਇੱਕ ਅਹਿਮ ਇਕਰਾਰਨਾਮਾ ਸਹੀਬੱਧ ਕੀਤਾ ਗਿਆ ਜਿਸ ਤਹਿਤ ਪੰਜਾਬੀ ਭਾਸ਼ਾ ਲਈ ਏ.ਆਈ.-ਆਧਾਰਿਤ ਟੂਲ, ਪੰਜਾਬੀ ਲਾਰਜ ਲੈਂਗੂਏਜ ਮਾਡਲਜ਼ (ਐੱਲ.ਐੱਲ.ਐੱਮਜ਼), ਪੰਜਾਬੀ ਸਾਹਿਤ ਅਤੇ ਲੋਕਧਾਰਾ ਦਾ ਡਿਜੀਟਾਈਜ਼ੇਸ਼ਨ ਅਤੇ ਇੱਕ ਡਿਜੀਟਲ ਆਰਕਾਈਵ ਸਥਾਪਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅਲਰਟ ਐਂਟਰਪ੍ਰਾਈਜ਼ ਦੇ ਸੀ.ਈ.ਓ. ਇੰਜੀ. ਜਸਵੀਰ ਗਿੱਲ ਨਾਲ਼ ਸਾਈਬਰ ਸੁਰੱਖਿਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਵਿਸ਼ੇਸ਼ ਅਕਾਦਮਿਕ ਕੋਰਸ ਅਤੇ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਲਈ ਇਕਰਾਰਨਾਮਾ ਹੋਇਆ। ਇਸ ਤੋਂ ਇਲਾਵਾ ਆਵਾਜ਼ ਘਰ ਡਿਜੀਟਲ ਪਲੇਟਫਾਰਮ ਨਾਲ਼ ਮਿਲ ਕੇ ਪੰਜਾਬੀ ਯੂਨੀਵਰਸਿਟੀ ਵਿੱਚ 'ਪੰਜਾਬੀ ਯੂਨੀਵਰਸਿਟੀ ਆਡੀਓ ਲਾਇਬ੍ਰੇਰੀ' ਸਥਾਪਿਤ ਕਰਨ ਲਈ ਵੀ ਇਕਰਾਰਨਾਮਾ ਹੋਇਆ, ਜਿਸ ਤਹਿਤ ਦੁਰਲੱਭ ਪੁਸਤਕਾਂ, ਖੋਜ ਪੱਤਰਾਂ ਅਤੇ ਹੱਥ-ਲਿਖਤਾਂ ਨੂੰ ਆਡੀਓ ਫਾਰਮੈਟ ਵਿੱਚ ਬਦਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੋਕਾ ਟੀਵੀ ਨਾਮਕ ਮੀਡੀਆ ਸੰਸਥਾ ਨਾਲ਼ ਵਿਦਿਆਰਥੀਆਂ ਦੀ ਪ੍ਰੈਕਟੀਕਲ ਸਿਖਲਾਈ, ਮਾਸਟਰ ਕਲਾਸਾਂ ਅਤੇ ਮੀਡੀਆ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਹਿਮਤੀ ਬਣੀ।
ਉਨ੍ਹਾਂ ਦੱਸਿਆ ਕਿ ਕੈਲੀਫੋਰਨੀਆ ਅਤੇ ਨਿਊ ਜਰਸੀ ਵਿੱਚ 'ਪੰਜਾਬੀ ਯੂਨੀਵਰਸਿਟੀ ਅਲੂਮਨੀ ਐਂਡ ਫਰੈਂਡਜ਼ ਆਫ਼ ਪੰਜਾਬੀ ਯੂਨੀਵਰਸਿਟੀ' ਸੰਸਥਾ ਨਾਲ਼ ਹੋਈਆਂ ਵਿਸ਼ੇਸ਼ ਇਕੱਤਰਤਾਵਾਂ ਦੌਰਾਨ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਪ੍ਰਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਰਾਣੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਵਿੱਚ ਵੱਖ-ਵੱਖ ਖੇਤਰਾਂ ਬਾਰੇ 'ਵਿਸ਼ੇਸ਼ ਅਕਾਦਮਿਕ ਚੇਅਰਾਂ' ਸਥਾਪਿਤ ਕਰਨ ਵਿੱਚ ਗੰਭੀਰ ਦਿਲਚਸਪੀ ਦਿਖਾਈ ਗਈ। ਇਨ੍ਹਾਂ ਖੇਤਰਾਂ ਵਿੱਚ ਪਰਸ਼ੀਅਨ ਸਟੱਡੀਜ਼ ਚੇਅਰ, ਭਗਤਾਂ ਦੀ ਬਾਣੀ ਅਧਿਐਨ ਬਾਰੇ ਚੇਅਰ, ਗੁਰਮਤਿ ਸੰਗੀਤ ਚੇਅਰ, ਸਿੱਖ ਇਤਿਹਾਸ ਅਤੇ ਸੱਭਿਆਚਾਰ ਚੇਅਰ, ਮਹਾਰਾਜਾ ਰਣਜੀਤ ਸਿੰਘ ਚੇਅਰ ਆਦਿ ਸ਼ਾਮਿਲ ਰਹੇ।
ਡਾ. ਜਗਦੀਪ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਭਵਿੱਖ ਵਿੱਚ ਇਨ੍ਹਾਂ ਸਾਰੇ ਇਕਰਾਰਨਾਮਿਆਂ ਅਤੇ ਮੌਕਿਆਂ ਨੂੰ ਜਮੀਨੀ ਪੱਧਰ 'ਤੇ ਲਾਗੂ ਕਰਨ ਲਈ ਸਬੰਧਤ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨਾਲ਼ ਲਗਾਤਾਰ ਸੰਪਰਕ ਅਤੇ ਤਾਲਮੇਲ ਬਣਾ ਕੇ ਰੱਖਿਆ ਜਾਵੇਗਾ ਤਾਂ ਜੋ ਯੂਨੀਵਰਸਿਟੀ ਨੂੰ ਵਿੱਤੀ ਅਤੇ ਅਕਾਦਮਿਕ ਤੌਰ 'ਤੇ ਹੋਰ ਮਜ਼ਬੂਤ ਕੀਤਾ ਜਾ ਸਕੇ।
ਪੰਜਾਬ ਦੇ ਸੈਕੰਡਰੀ ਸਕੂਲ ਵਿਦਿਆਰਥੀਆਂ ਵਿੱਚ ਪੜ੍ਹਨ ਦੇ ਹੁਨਰ ਅਤੇ ਆਪਣੀ ਸੋਚ ਨੂੰ ਸਮਝਣ ਦੀ ਸਮਰਥਾ (ਮੈਟਾਕੋਗਨੀਸ਼ਨ) ਦਾ ਪੱਧਰ ਔਸਤ ਨਾਲੋਂ ਉੱਪਰ; ਪੰਜਾਬੀ ਯੂਨੀਵਰਸਿਟੀ ਦਾ ਅਧਿਐਨ
ਪਟਿਆਲਾ, 21 ਜੂਨ
ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿੱਚ ਹੋਏ ਇੱਕ ਖੋਜ ਕਾਰਜ ਰਾਹੀਂ ਪੰਜਾਬ ਦੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੇ ਹੁਨਰ ਅਤੇ ਇਸ ਨੂੰ ਪ੍ਰਭਾਵਿਤ ਕਰਨ ਵਾਲ਼ੇ ਮੁੱਖ ਕਾਰਕਾਂ 'ਤੇ ਚਾਨਣਾ ਪਾਇਆ ਗਿਆ ਹੈ। ਖੋਜਾਰਥੀ ਡਾ. ਸੁਖਰਾਜ ਸਿੰਘ ਵੱਲੋਂ ਇਹ ਖੋਜ ਕਾਰਜ ਡਾ. ਜਗਪ੍ਰੀਤ ਕੌਰ ਦੀ ਨਿਗਰਾਨੀ ਹੇਠ ਕੀਤਾ ਗਿਆ।
ਡਾ. ਜਗਪ੍ਰੀਤ ਕੌਰ ਨੇ ਖੋਜ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਪੰਜਾਬ ਦੇ ਸੈਕੰਡਰੀ ਸਕੂਲਾਂ ਨਾਲ ਸਬੰਧਿਤ ਅਧਿਐਨ ਹੈ, ਜੋ ਕਿ ਪੰਜਾਬ ਦੇ ਛੇ ਜ਼ਿਲ੍ਹਿਆਂ, ਜਲੰਧਰ, ਹੁਸ਼ਿਆਰਪੁਰ, ਪਟਿਆਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਦੇ 860 ਵਿਦਿਆਰਥੀਆਂ ਤੋਂ ਪ੍ਰਾਪਤ ਅੰਕੜਿਆਂ 'ਤੇ ਅਧਾਰਿਤ ਹੈ। ਉਨ੍ਹਾਂ ਦੱਸਿਆ ਕਿ ਖੋਜ ਦੇ ਨਤੀਜਿਆਂ ਤੋਂ ਸਾਹਮਣੇ ਆਇਆ ਹੈ ਕਿ ਵਿਦਿਆਰਥੀਆਂ ਵਿੱਚ ਸਮੁੱਚੇ ਤੌਰ 'ਤੇ ਪੜ੍ਹਨ ਦੇ ਹੁਨਰ ਅਤੇ ਆਪਣੀ ਸੋਚ ਨੂੰ ਸਮਝਣ ਦੀ ਸਮਰਥਾ (ਮੈਟਾਕੋਗਨੀਸ਼ਨ) ਦਾ ਪੱਧਰ ਔਸਤ ਨਾਲੋਂ ਉੱਪਰ ਹੈ, ਜਦੋਂ ਕਿ ਉਨ੍ਹਾਂ ਵਿੱਚ ਪੜ੍ਹਾਈ ਦੌਰਾਨ ਆਲਸ ਕਰਨ ਦੀ ਪ੍ਰਵਿਰਤੀ ਔਸਤ ਨਾਲ਼ੋਂ ਘੱਟ ਮਿਲੀ। ਉਨ੍ਹਾਂ ਦੱਸਿਆ ਕਿ ਅਧਿਐਨ ਦੌਰਾਨ ਪੜ੍ਹਨ ਦੇ ਹੁਨਰ ਅਤੇ ਆਲਸ ਦੇ ਮਾਮਲੇ ਵਿੱਚ ਲੜਕੇ ਅਤੇ ਲੜਕੀਆਂ ਵਿਚਕਾਰ ਮਹੱਤਵਪੂਰਨ ਫਰਕ ਦੇਖਿਆ ਗਿਆ, ਪਰ ਮੈਟਾਕੋਗਨੀਸ਼ਨ ਦੇ ਮਾਮਲੇ ਵਿੱਚ ਕੋਈ ਲਿੰਗ ਅਧਾਰਿਤ ਫਰਕ ਨਹੀਂ ਪਾਇਆ ਗਿਆ। ਸ਼ਹਿਰੀ ਜਾਂ ਪੇਂਡੂ ਖੇਤਰ ਦੇ ਅਧਾਰ 'ਤੇ ਸਿਰਫ਼ ਪੜ੍ਹਾਈ ਦੇ ਆਲਸ ਵਿੱਚ ਅੰਤਰ ਦੇਖਿਆ ਗਿਆ, ਜਦਕਿ ਸਕੂਲਾਂ ਦੀ ਕਿਸਮ (ਸਰਕਾਰੀ ਜਾਂ ਪ੍ਰਾਈਵੇਟ) ਦਾ ਕਿਸੇ ਵੀ ਮੁੱਖ ਕਾਰਕ 'ਤੇ ਕੋਈ ਖਾਸ ਅਸਰ ਵੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਖੋਜ ਮੁਤਾਬਕ ਮਾਪਿਆਂ ਦੀ ਪੜ੍ਹਾਈ ਦਾ ਵੀ ਬੱਚਿਆਂ ਦੀਆਂ ਆਦਤਾਂ 'ਤੇ ਵੱਖਰਾ ਪ੍ਰਭਾਵ ਦੇਖਣ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਵਿਸ਼ਲੇਸ਼ਣ ਤੋਂ ਸਿੱਧ ਹੁੰਦਾ ਹੈ ਕਿ ਮੈਟਾਕੋਗਨੀਸ਼ਨ ਵਿਦਿਆਰਥੀਆਂ ਦੇ ਪੜ੍ਹਨ ਦੇ ਹੁਨਰ ਨੂੰ ਵਧਾਉਣ ਅਤੇ ਪੜ੍ਹਾਈ ਦੇ ਆਲਸ ਨੂੰ ਘਟਾਉਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਖੋਜਾਰਥੀ ਡਾ. ਸੁਖਰਾਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਤੀਜਿਆਂ ਦੇ ਅਧਾਰ 'ਤੇ ਸੁਝਾਇਆ ਗਿਆ ਹੈ ਕਿ ਹਰ ਸਕੂਲ ਦੀ ਲਾਇਬ੍ਰੇਰੀ ਵਿੱਚ ਬੁੱਕ-ਬੈਂਕ ਅਤੇ ਡਿਜੀਟਲ ਲਾਇਬ੍ਰੇਰੀ ਦੀ ਸਥਾਪਨਾ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਕਿਤਾਬਾਂ, ਮੈਗਜ਼ੀਨਾਂ ਅਤੇ ਅਖ਼ਬਾਰਾਂ ਨਾਲ਼ ਜੁੜ ਸਕਣ। ਇਸ ਨਾਲ਼ ਬੱਚਿਆਂ ਨੂੰ ਪੜ੍ਹਨ, ਲਿਖਣ, ਯਾਦ ਰੱਖਣ ਅਤੇ ਸਮਝਣ ਦੇ ਵੱਖ-ਵੱਖ ਹੁਨਰਾਂ ਵਿੱਚ ਮਾਹਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਨਤੀਜੇ ਨੀਤੀ ਘਾੜਿਆਂ ਅਤੇ ਸਿੱਖਿਆ ਸ਼ਾਸਤਰੀਆਂ ਲਈ ਬਹੁਤ ਮਹੱਤਵ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇਹ ਖੋਜ ਸੁਝਾਉਂਦੀ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਗਰੁੱਪ ਡਿਸਕਸ਼ਨ, ਕੁਇਜ਼ ਮੁਕਾਬਲੇ ਅਤੇ ਲੇਖ ਰਚਨਾ ਵਰਗੇ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ ਅਤੇ ਨਾਲ਼ ਹੀ ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਸੈਮੀਨਾਰ ਤੇ ਵਰਕਸ਼ਾਪਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਪੜ੍ਹਨ ਦੇ ਹੁਨਰ ਦੀ ਅਹਿਮੀਅਤ ਨੂੰ ਸਮਝ ਸਕਣ। ਉਨ੍ਹਾਂ ਕੌਮੀ ਸਿੱਖਿਆ ਨੀਤੀ (2020) ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੜ੍ਹਨ ਦੇ ਇਨ੍ਹਾਂ ਹੁਨਰਾਂ ਨੂੰ ਮੁਢਲੀ ਸਿੱਖਿਆ ਤੋਂ ਹੀ ਸ਼ੁਰੂ ਕਰ ਕੇ ਵਿਦਿਆਰਥੀ ਦੇ ਪੂਰੇ ਵਿਦਿਅਕ ਸਫ਼ਰ ਦੌਰਾਨ ਜਾਰੀ ਰੱਖਣਾ ਜ਼ਰੂਰੀ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਉਪਲਬਧੀ 'ਤੇ ਵਧਾਈ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਦੇਸ਼ ਅਤੇ ਵਿਦੇਸ਼ ਵਿੱਚ ਸਿੱਖਿਆ ਪ੍ਰਣਾਲੀ ਦੇ ਸੁਧਾਰ ਲਈ ਕੀਤੇ ਜਾਣ ਵਾਲੇ ਅਜਿਹੇ ਖੋਜ ਕਾਰਜਾਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗਲੋਬਲ ਪੱਧਰ 'ਤੇ ਵਿਦਿਅਕ ਨੀਤੀਆਂ ਅਤੇ ਅਮਲਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਅਜਿਹੇ ਅਧਿਐਨ ਬੇਹੱਦ ਮਹੱਤਵਪੂਰਨ ਅਤੇ ਲੋੜੀਂਦੇ ਹਨ।
ਪੰਜਾਬੀ ਯੂਨੀਵਰਸਿਟੀ ਵਿਖੇ 53ਵੀਂ ਆਲ ਇੰਡੀਆ ਦ੍ਰਾਵਿੜੀਅਨ ਲਿੰਗੁਇਸਟਸ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ
ਪਟਿਆਲਾ, 20 ਜੂਨ
ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੀ ਤਿੰਨ-ਰੋਜ਼ਾ '53ਵੀਂ ਆਲ ਇੰਡੀਆ ਕਾਨਫ਼ਰੰਸ ਆਫ਼ ਦ੍ਰਾਵਿੜੀਅਨ ਲਿੰਗੁਇਸਟਸ' ਅਕਾਦਮਿਕ ਪੱਧਰ 'ਤੇ ਕਈ ਅਹਿਮ ਨੁਕਤਿਆਂ ਉੱਪਰ ਗੰਭੀਰ ਸਵਾਦ ਰਚਾਉਂਦੀ ਹੋਈ ਸਫਲਤਾਪੂਰਵਕ ਸੰਪੰਨ ਹੋ ਗਈ।
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਪਟਿਆਲਾ, ਦਰਾਵਿੜੀਅਨ ਲਿੰਗੁਇਸਟਿਕ ਐਸੋਸੀਏਸ਼ਨ ਵੱਲੋਂ ਸੀ. ਆਈ. ਆਈ. ਐੱਲ. ਮੈਸੂਰ ਅਤੇ ਆਈ.ਸੀ.ਐੱਸ.ਐੱਸ.ਆਰ., ਨਵੀਂ ਦਿੱਲੀ ਦੇ ਸਹਿਯੋਗ ਨਾਲ਼ ਕਰਵਾਈ ਗਈ ਇਸ ਰਾਸ਼ਟਰੀ ਪੱਧਰ ਦੀ ਕਾਨਫ਼ਰੰਸ ਦੇ ਵਿਦਾਇਗੀ ਸਮਾਰੋਹ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ।
ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਭਵਿੱਖ ਵਿੱਚ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਉੱਚ-ਪੱਧਰੀ ਖੋਜ ਅਤੇ ਪ੍ਰਚਾਰ-ਪ੍ਰਸਾਰ ਲਈ ਆਪਣਾ ਨਿਰੰਤਰ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਇਸ ਇਤਿਹਾਸਕ ਕਾਨਫਰੰਸ ਦੇ ਸਫ਼ਲ ਆਯੋਜਨ ਲਈ ਸਾਰੀਆਂ ਸਹਿਯੋਗੀ ਸੰਸਥਾਵਾਂ ਦੀ ਭਰਪੂਰ ਸ਼ਲਾਘਾ ਕੀਤੀ।
, ਪ੍ਰੋ. ਜੀ.ਕੇ. ਪਨੀਕਰ ਡੀਨ, ਡੀ.ਐੱਲ.ਏ ਅਤੇ ਡਾਇਰੈਕਟਰ, ਆਈ.ਐੱਸ.ਡੀ.ਐੱਲ ਉਨ੍ਹਾਂ ਨੇ 53ਵੀਂ ਕਾਨਫਰੰਸ ਵਿੱਚ ਏ. ਸੁਬਰਾਮਨੀਅਮ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਭੂਮਿਕਾ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਪੰਜਾਬ ਅਤੇ ਬੰਗਾਲ ਵਰਗੇ ਖੇਤਰਾਂ ਦੀ ਭਾਸ਼ਾਈ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਭਾਸ਼ਾ ਵਿਗਿਆਨ ਦੇ ਵਿਕਾਸ ਵਿੱਚ ਡੀ.ਐੱਲ.ਏ. ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਇਸ ਕਾਨਫਰੰਸ ਨੂੰ ਹੁਣ ਤੱਕ ਦੀਆਂ ਸਭ ਤੋਂ ਵਧੀਆ ਕਾਨਫਰੰਸਾਂ ਵਿੱਚੋਂ ਇੱਕ ਦੱਸਿਆ।
ਪ੍ਰੋਫ਼ੈਸਰ ਭੁਪਿੰਦਰ ਸਿੰਘ ਖਹਿਰਾ ਨੇ ਵਿਸ਼ੇਸ਼ ਵਿਦਾਇਗੀ ਟਿੱਪਣੀਆਂ ਕਰਦਿਆਂ ਦ੍ਰਾਵਿੜੀਅਨ ਅਤੇ ਉੱਤਰ-ਭਾਰਤੀ ਭਾਸ਼ਾਈ ਅਧਿਐਨਾਂ ਵਿਚਕਾਰ ਆਪਸੀ ਸਾਂਝ ਅਤੇ ਤਾਲਮੇਲ ਵਧਾਉਣ 'ਤੇ ਵਿਸ਼ੇਸ਼ ਰੌਸ਼ਨੀ ਪਾਈ। ।
ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਧਰਮਜੀਤ ਸਿੰਘ ਨੇ ਤਿੰਨਾਂ ਦਿਨਾਂ ਦੌਰਾਨ ਹੋਈਆਂ ਸਮੁੱਚੀਆਂ ਅਕਾਦਮਿਕ ਗਤੀਵਿਧੀਆਂ ਅਤੇ ਪੇਸ਼ ਹੋਏ ਖੋਜ ਪੱਤਰਾਂ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ।
ਸੈਸ਼ਨ ਦੇ ਆਗਾਜ਼ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਅਤੇ ਪ੍ਰਬੰਧਕੀ ਸਕੱਤਰ ਡਾ. ਰਾਜਵੰਤ ਕੌਰ ਪੰਜਾਬੀ ਨੇ ਦੇਸ਼-ਵਿਦੇਸ਼ ਤੋਂ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਅਤੇ ਸਥਾਨਕ ਪੱਧਰ 'ਤੇ ਕੀਤੇ ਗਏ ਪ੍ਰਬੰਧਕੀ ਯਤਨਾਂ ਦਾ ਸੰਖੇਪ ਵੇਰਵਾ ਸਾਂਝਾ ਕੀਤਾ।
ਕਾਨਫਰੰਸ ਦੌਰਾਨ ਪੜ੍ਹੇ ਗਏ ਖੋਜ-ਪੱਤਰਾਂ ਦੀ ਉੱਚ-ਪੱਧਰੀ ਸਮੀਖਿਆ ਲਈ ਦੇਸ਼ ਦੇ ਪ੍ਰਮੁੱਖ ਭਾਸ਼ਾ ਵਿਗਿਆਨੀਆਂ ਦਾ ਇੱਕ ਵਿਸ਼ੇਸ਼ ਪੈਨਲ ਗਠਿਤ ਕੀਤਾ ਗਿਆ ਸੀ। ਇਸ ਪੈਨਲ ਵਿੱਚ ਪ੍ਰੋ. ਰਾਜਾਸੇਕਰਨ ਨਾਇਰ (ਸਾਬਕਾ ਡਾਇਰੈਕਟਰ, ਅੰਨਾਮਲਾਈ ਯੂਨੀਵਰਸਿਟੀ), ਪ੍ਰੋ. ਨੀਲਾਦਰੀ ਸੇਖਰ ਦਾਸ (ਮੁਖੀ, ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ, ਕੋਲਕਾਤਾ), ਪ੍ਰੋ. ਭਕਥਾਵਾਤਸਲਾ ਰੈੱਡੀ (ਸਾਬਕਾ ਡੀਨ, ਤੇਲਗੂ ਯੂਨੀਵਰਸਿਟੀ), ਪ੍ਰੋ. ਐਮ.ਜੇ. ਵਾਰਸੀ (ਅਲੀਗੜ੍ਹ ਮੁਸਲਿਮ ਯੂਨੀਵਰਸਿਟੀ) ਅਤੇ ਪ੍ਰੋ. ਐਜਾਜ਼ ਮੁਹੰਮਦ ਸ਼ੇਖ (ਕਸ਼ਮੀਰ ਯੂਨੀਵਰਸਿਟੀ) ਸ਼ਾਮਲ ਸਨ। ਇਸ ਮੌਕੇ ਵੱਖ-ਵੱਖ ਰਾਜਾਂ ਤੋਂ ਆਏ ਭਾਗੀਦਾਰਾਂ ਵੱਲੋਂ ਭਾਸ਼ਾ ਵਿਗਿਆਨ ਦੇ ਭਵਿੱਖੀ ਸਰੋਕਾਰਾਂ ਬਾਰੇ ਕਈ ਮਹੱਤਵਪੂਰਨ ਅਕਾਦਮਿਕ ਸੁਝਾਅ ਅਤੇ ਵਿਚਾਰ ਵੀ ਪੇਸ਼ ਕੀਤੇ ਗਏ।
ਸਮਾਗਮ ਦੇ ਅਖੀਰ ਵਿੱਚ ਡਾ. ਰਿਤੂ ਲਹਿਲ (ਡੀਨ ਖੋਜ, ਪੰਜਾਬੀ ਯੂਨੀਵਰਸਿਟੀ) ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ। ਇਸ ਕਾਨਫਰੰਸ ਵਿੱਚ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਮੁਖੀ ਡਾ. ਹਰਵਿੰਦਰ ਪਾਲ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।
ਪੰਜਾਬੀ ਯੂਨੀਵਰਸਿਟੀ ਵਿਖੇ 53ਵੀਂ ਆਲ ਇੰਡੀਆ ਕਾਨਫ਼ਰੰਸ ਆਫ਼ ਦਰਾਵਿੜੀਅਨ ਲਿੰਗੁਇਸਟਸ ਦੇ ਦੂਜੇ ਦਿਨ ਹੋਏ ਅਹਿਮ ਸੰਵਾਦ
ਪਟਿਆਲਾ, 19 ਜੂਨ
ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੀ ‘53ਵੀਂ ਆਲ ਇੰਡੀਆ ਕਾਨਫ਼ਰੰਸ ਆਫ਼ ਦਰਾਵਿੜੀਅਨ ਲਿੰਗੁਇਸਟਸ’ ਦੇ ਦੂਜੇ ਦਿਨ ਵਿਦਵਾਨਾਂ ਵੱਲੋਂ ਅਹਿਮ ਸੰਵਾਦ ਰਚਾਇਆ ਗਿਆ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਪਟਿਆਲਾ, ਦਰਾਵਿੜੀਅਨ ਲਿੰਗੁਇਸਟਿਕ ਐਸੋਸੀਏਸ਼ਨ ਵੱਲੋਂ ਸੀ. ਆਈ. ਆਈ. ਐੱਲ. ਮੈਸੂਰ ਅਤੇ ਆਈ.ਸੀ.ਐੱਸ.ਐੱਸ.ਆਰ., ਨਵੀਂ ਦਿੱਲੀ ਦੇ ਸਹਿਯੋਗ ਨਾਲ਼ ਉਪ ਕੁਲਪਤੀ ਡਾ. ਜਗਦੀਪ ਸਿੰਘ ਦੀ ਸੁਯੋਗ ਅਗਵਾਈ ਅਧੀਨ ਕਰਵਾਈ ਜਾ ਰਹੀ ਇਸ ਰਾਸ਼ਟਰੀ ਪੱਧਰ ਦੀ ਕਾਨਫ਼ਰੰਸ ਦੇ ਦੂਜੇ ਦਿਨ ਦਾ ਆਰੰਭ ਚੌਥੇ ਸੈਸ਼ਨ ਨਾਲ ਹੋਇਆ।
ਇਹ ਸੈਸ਼ਨ ਚਾਰ ਵੱਖ-ਵੱਖ ਸਥਾਨਾਂ 'ਤੇ ਸਮਾਨਾਂਤਰ ਤੌਰ ‘ਤੇ ਕਰਵਾਇਆ ਗਿਆ।
ਦੂਜੇ ਦਿਨ ਦੇ ਵੱਖ-ਵੱਖ ਸੈਸ਼ਨਾਂ ਵਿੱਚ ਡਾ. ਅਦਿਤੀ ਗੋਇਲ (ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ) ਡਾ. ਸੀ. ਜੀ. ਸ਼ੰਕਰ (ਮਦੁਰਾਈ) ਅਤੇ ਵੀ. ਦੀਨਾਥਿਆਲੀ (ਤਿਰੂਥੰਗਲ) ਪ੍ਰੋ. ਵਿਸ਼ਾਲਖੀ, ਅਕਸਾ ਰਾਏ, ਵਿਸ਼ਵਨਾਥ ਨਾਇਡੂ ਅਤੇ ਲਕਸ਼ਮੀ ਸ਼ੰਕਰੀ (ਕੋਇੰਬਤੂਰ) ਪੱਲਵੀ ਕੌਸ਼ਲ (ਪਟਿਆਲਾ), ਡਾ. ਸੰਗੀਤਾ ਅਤੇ ਜੈ ਲਕਸ਼ਮੀ ਡਾ. ਅਮਨਦੀਪ ਕੌਰ (ਰਾਜਸਥਾਨ) ਡਾ. ਬੀਨੂ ਕੇ. ਜੇ, ਗੁਰਵਿੰਦਰ ਸਿੰਘ, ਨੀਸ਼ਾ ਰਾਣੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਡਾ. ਚਰਨਜੀਤ ਸਿੰਘ ਧੀਮਾਨ (ਫ਼ਰੀਦਕੋਟ), ਅਨੀਤਾ (ਜਲੰਧਰ), ਅਤੇ ਡਾ. ਲਖਵਿੰਦਰ ਸਿੰਘ (ਮੋਗਾ) ਵੱਲੋਂ ਵੱਖ ਵੱਖ ਵਿਸ਼ਿਆਂ ਉੱਪਰ ਮੁੱਲਵਾਨ ਖੋਜ ਪੇਪਰ ਪੜ੍ਹੇ ਗਏ ਜਿਨ੍ਹਾਂ ਉੱਤੇ ਹਾਜ਼ਰ ਵਿਦਵਾਨਾਂ ਵੱਲੋਂ ਭਰਪੂਰ ਅਕਾਦਮਿਕ ਚਰਚਾ ਕੀਤੀ ਗਈ।
ਕਾਨਫ਼ਰੰਸ ਦੇ ਪੰਜਵੇਂ ਸ਼ੈਸਨ ਦੌਰਾਨ ਪ੍ਰੋ. ਰਾਮੇਸ਼ ਭਾਰਦਵਾਜ (ਸਾਬਕਾ ਮੁਖੀ, ਸੰਸਕ੍ਰਿਤ ਵਿਭਾਗ, ਦਿੱਲੀ ਯੂਨੀਵਰਸਿਟੀ) ਨੇ ਪ੍ਰੋ. ਕਰੁਣਾਸਿੰਧੀ ਦਾਸ ਯਾਦਗਾਰੀ ਭਾਸ਼ਣ ਦਿੱਤਾ। ਪ੍ਰੋ. ਰਾਮੇਸ਼ ਭਾਰਦਵਾਜ ਨੇ ਆਪਣੇ ਭਾਸ਼ਣ ਵਿੱਚ ਭਾਰਤ ਦੇ ਅਮੀਰ ਭਾਸ਼ਾਈ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਦੇ ਵਿਕਾਸ ਨੂੰ ਅਲੱਗ-ਥਲੱਗ ਪ੍ਰਕਿਰਿਆਵਾਂ ਵਜੋਂ ਨਹੀਂ ਸਮਝਿਆ ਜਾ ਸਕਦਾ, ਸਗੋਂ ਇਹ ਵੱਖ-ਵੱਖ ਭਾਈਚਾਰਿਆਂ ਵਿਚਕਾਰ ਸਦੀਆਂ ਤੋਂ ਚੱਲੇ ਆ ਰਹੇ ਸੰਵਾਦ ਅਤੇ ਆਪਸੀ ਤਾਲਮੇਲ ਦਾ ਨਤੀਜਾ ਹੈ।
ਡਾ. ਰੌਣਕੀ ਰਾਮ ਨੇ 'ਸ਼ੂਦਰ' ਅਤੇ 'ਅਛੂਤ' ਦੀ ਪਰਿਭਾਸ਼ਾ ਦਾ ਤਰਕਮਈ ਢੰਗ ਨਾਲ ਨਿਖੇੜਾ ਕੀਤਾ।
ਡਾ. ਰਾਜੇਸ਼ ਸ਼ਰਮਾ ਨੇ ਪ੍ਰੋ. ਐੱਸ. ਕੇ. ਵਰਮਾ ਯਾਦਗਾਰੀ ਭਾਸ਼ਣ ਪੇਸ਼ ਕਰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਰਵਾਇਤੀ ਜਾਂ ਸਥਾਪਿਤ ਸ਼ਖਸੀਅਤਾਂ ਨੇ ਹੀ ਕਲਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਤਬਦੀਲੀਆਂ ਪੈਦਾ ਕੀਤੀਆਂ ਹਨ, ਜੋ ਪਹਿਲਾਂ ਮੌਜੂਦ ਨਹੀਂ ਸਨ।
ਇਸ ਕਾਨਫਰੰਸ ਦੇ ਆਰਗੇਨਾਈਜਿੰਗ ਸਕੱਤਰ ਅਤੇ ਮੁਖੀ, ਪੰਜਾਬੀ ਵਿਭਾਗ ਡਾ. ਰਾਜਵੰਤ ਕੌਰ ਪੰਜਾਬੀ ਵੱਲੋਂ ਸਵਾਗਤੀ ਸ਼ਬਦ ਬੋਲੇ ਗਏ।
ਪੰਜਾਬ ਲਿੰਗੁਇਸਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਖਹਿਰਾ ਨੇ ਦੂਜੇ ਦਿਨ ਦੇ ਸੈਸ਼ਨ ਸਬੰਧੀ ਵਿਸ਼ਿਆਂ ਉੱਤੇ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਇਹ ਕਾਨਫ਼ਰੰਸ ਉੱਤਰ ਅਤੇ ਦੱਖਣ ਭਾਰਤ ਦੇ ਭਾਸ਼ਾ ਵਿਗਿਆਨੀਆਂ ਵਿਚਕਾਰ ਅਕਾਦਮਿਕ ਸਾਂਝ ਵਧਾਉਣ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਰਹੀ ਹੈ। ਕਾਨਫ਼ਰੰਸ ਦੇ ਦੂਜੇ ਦਿਨ ਵੀ ਦੇਸ਼-ਵਿਦੇਸ਼ ਤੋਂ ਆਏ ਡੈਲੀਗੇਟਸ, ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਪੰਜਾਬੀ ਯੂਨੀਵਰਸਿਟੀ ਵਿਖੇ '53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ' ਆਰੰਭ
ਪਟਿਆਲਾ, 18 ਜੂਨ
ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਤਿੰਨ ਰੋਜ਼ਾ 53ਵੀਂ ਆਲ ਇੰਡੀਆ ਦ੍ਰਾਵਿੜੀਅਨ ਭਾਸ਼ਾ ਵਿਗਿਆਨੀ ਕਾਨਫ਼ਰੰਸ ਆਰੰਭ ਹੋ ਗਈ ਹੈ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪਟਿਆਲਾ ਲਿੰਗੁਇਸਟਿਕਸ ਐਸੋਸੀਏਸ਼ਨ, ਦ੍ਰਾਵਿੜ ਲਿੰਗੁਇਸਟਿਕਸ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਸਕੂਲ ਆਫ਼ ਦ੍ਰਾਵਿੜ ਲਿੰਗੁਇਸਟਿਕਸ ਵੱਲੋਂ ਸੀ. ਆਈ. ਆਈ. ਐੱਲ. ਮੈਸੂਰ ਅਤੇ ਆਈ.ਸੀ.ਐੱਸ.ਐੱਸ.ਆਰ., ਨਵੀਂ ਦਿੱਲੀ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਇਸ ਰਾਸ਼ਟਰੀ ਪੱਧਰ ਦੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ।
ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭਾਸ਼ਾ ਦੀ ਮਹੱਤਤਾ ਨੂੰ ਬਹੁਤ ਹੀ ਗੰਭੀਰਤਾ ਨਾਲ ਉਭਾਰਿਆ। ਉਨ੍ਹਾਂ ਕਿਹਾ ਕਿ ਭਾਸ਼ਾ ਸਿਰਫ਼ ਆਪਸੀ ਸੰਚਾਰ ਜਾਂ ਰਾਬਤਾ ਕਾਇਮ ਕਰਨ ਦਾ ਸਾਧਨ ਨਹੀਂ ਹੈ, ਬਲਕਿ ਇਹ ਕਿਸੇ ਵੀ ਸਮਾਜ ਦੀ ਸੰਸਕ੍ਰਿਤੀ, ਅਮੀਰ ਵਿਰਾਸਤ ਅਤੇ ਉਸਦੀ ਹੋਂਦ ਦੀ ਪਛਾਣ ਦਾ ਪ੍ਰਤੀਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਭਾਸ਼ਾ ਅਲੋਪ ਹੁੰਦੀ ਹੈ, ਤਾਂ ਉਸ ਨਾਲ ਇੱਕ ਪੂਰਾ ਸੱਭਿਆਚਾਰ ਅਤੇ ਸਦੀਆਂ ਪੁਰਾਣਾ ਗਿਆਨ-ਵਿਗਿਆਨ ਵੀ ਖ਼ਤਮ ਹੋ ਜਾਂਦਾ ਹੈ। ਇਸ ਲਈ ਮੌਜੂਦਾ ਦੌਰ ਵਿੱਚ ਭਾਸ਼ਾਈ ਵਿਭਿੰਨਤਾ ਨੂੰ ਸੰਭਾਲਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮਕਸਦ ਹੀ ਪੰਜਾਬੀ ਭਾਸ਼ਾ, ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੈ। ਯੂਨੀਵਰਸਿਟੀ ਵੱਲੋਂ ਭਾਸ਼ਾ ਵਿਗਿਆਨ ਅਤੇ ਖੇਤਰੀ ਬੋਲੀਆਂ ਦੇ ਵਿਕਾਸ ਅਤੇ ਖੋਜ ਲਈ ਲੰਮੇ ਸਮੇਂ ਤੋਂ ਨਿਰੰਤਰ ਕਾਰਜ ਕੀਤੇ ਜਾ ਰਹੇ ਹਨ। ਅਜਿਹੀਆਂ ਕਾਨਫ਼ਰੰਸਾਂ ਉੱਤਰ ਅਤੇ ਦੱਖਣ ਦੀਆਂ ਭਾਸ਼ਾਵਾਂ ਦੇ ਆਪਸੀ ਸਬੰਧਾਂ ਨੂੰ ਸਮਝਣ ਅਤੇ ਅਕਾਦਮਿਕ ਖੋਜ ਦੇ ਨਵੇਂ ਦਿਸਹੱਦੇ ਕਾਇਮ ਕਰਨ ਵਿੱਚ ਮੀਲ ਪੱਥਰ ਸਾਬਤ ਹੁੰਦੀਆਂ ਹਨ।
ਤਾਮਿਲ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਅਤੇ ਐੱਲ.ਐੱਸ.ਆਈ. ਪੂਨਾ ਦੇ ਪ੍ਰਧਾਨ ਪ੍ਰੋ. ਕੇ. ਕਰੁਣਾਕਰਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਉੱਚ ਸਿੱਖਿਆ ਨੂੰ ਸਿਰਫ਼ ਅਕਾਦਮਿਕ ਸਿਧਾਂਤਾਂ ਅਤੇ ਡਿਗਰੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਬਲਕਿ ਇਸ ਨੂੰ ਸਮਾਜ ਦੀਆਂ ਵਿਆਪਕ ਲੋੜਾਂ ਪੂਰੀਆਂ ਕਰਨ ਵਾਲਾ ਹੋਣਾ ਚਾਹੀਦਾ ਹੈ। ਭਾਸ਼ਾ ਨੂੰ ਇੱਕ ਸ਼ਕਤੀਸ਼ਾਲੀ ਸਾਧਨ ਦੱਸਦਿਆਂ, ਉਨ੍ਹਾਂ ਕਿਹਾ ਕਿ ਗਿਆਨ ਦਾ ਲਾਭ ਤਾਂ ਹੀ ਹੈ ਜੇਕਰ ਇਸਨੂੰ ਸਪੱਸ਼ਟ ਰੂਪ ਵਿੱਚ ਸਮਾਜਿਕ ਭਲਾਈ ਲਈ ਸੰਚਾਰਿਤ ਕੀਤਾ ਜਾਵੇ। ਉਨ੍ਹਾਂ ਭਾਰਤ ਭਰ ਦੇ ਖੋਜ ਸੰਸਥਾਨਾਂ ਨੂੰ ਤੁਲਨਾਤਮਕ ਅਧਿਐਨਾਂ ਰਾਹੀਂ ਆਪਸੀ ਸਬੰਧ ਮਜ਼ਬੂਤ ਕਰਨ ਅਤੇ ਯੂਨੀਵਰਸਿਟੀਆਂ ਨੂੰ ਸਮਾਜਿਕ ਵਿਕਾਸ ਦੇ ਮਾਧਿਅਮ ਵਜੋਂ ਕੰਮ ਕਰਨ ਲਈ ਉਤਸ਼ਾਹਿਤ ਕੀਤਾ।
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਆਏ ਭਾਸ਼ਾ ਵਿਗਿਆਨ ਦੇ ਉੱਘੇ ਮਾਹਰ ਪ੍ਰੋ. ਐਮ. ਜੇ. ਵਾਰਸੀ ਨੇ ਆਪਣੇ ਮੁੱਖ-ਸੁਰ ਭਾਸ਼ਣ ਦੌਰਾਨ ਭਾਰਤ ਦੀ ਭਾਸ਼ਾਈ ਵਿਰਾਸਤ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੁਮੇਲ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਏ.ਆਈ. ਤਕਨਾਲੋਜੀ ਨੂੰ ਭਾਸ਼ਾ ਵਿਗਿਆਨੀਆਂ ਦੀ ਸਹੀ ਅਗਵਾਈ ਮਿਲੇ, ਤਾਂ ਇਹ ਰਾਸ਼ਟਰੀ ਏਕਤਾ ਅਤੇ ਸਿੱਖਿਆ ਦੇ ਪਾਸਾਰ ਦਾ ਇੱਕ ਸ਼ਕਤੀਸ਼ਾਲੀ ਸਾਧਨ ਬਣ ਸਕਦੀ ਹੈ। ਉਨ੍ਹਾਂ ਨਵੀਂ ਸਿੱਖਿਆ ਨੀਤੀ 2020 ਦੇ ਬਹੁ-ਭਾਸ਼ਾਈ ਸੱਭਿਆਚਾਰ ਦੀ ਸ਼ਲਾਘਾ ਕੀਤੀ, ਪਰ ਨਾਲ ਹੀ ਚਿਤਾਵਨੀ ਦਿੱਤੀ ਕਿ ਮੌਜੂਦਾ ਏ.ਆਈ. ਮਾਡਲਾਂ ਵਿੱਚ ਘੱਟ ਗਿਣਤੀ ਅਤੇ ਮੂਲ ਭਾਸ਼ਾਵਾਂ ਦੀ ਬਿਹਤਰ ਨੁਮਾਇੰਦਗੀ ਹੋਣੀ ਅਜੇ ਬਾਕੀ ਹੈ।
ਪਟਿਆਲਾ ਲਿੰਗੁਇਸਟਿਕਸ ਐਸੋਸੀਏਸ਼ਨ ਦੇ ਪ੍ਰਧਾਨ, ਡੀ.ਐੱਲ.ਏ. ਦੇ ਵਾਈਸ-ਪ੍ਰੈਜੀਡੈਂਟ ਅਤੇ ਸਾਬਕਾ ਡੀਨ ਭਾਸ਼ਾਵਾਂ ਡਾ. ਭੁਪਿੰਦਰ ਸਿੰਘ ਖਹਿਰਾ ਨੇ ਕਾਨਫ਼ਰੰਸ ਦੀ ਇਤਿਹਾਸਕ ਮਹੱਤਤਾ 'ਤੇ ਰੌਸ਼ਨੀ ਪਾਉਂਦਿਆਂ ਦ੍ਰਾਵਿੜ ਅਤੇ ਇੰਡੋ-ਆਰੀਅਨ ਭਾਸ਼ਾ ਪਰਿਵਾਰਾਂ ਦੇ ਆਪਸੀ ਸਬੰਧਾਂ, ਭਾਸ਼ਾਈ ਤਾਣੇ-ਬਾਣੇ ਅਤੇ ਇਸ ਤਿੰਨ-ਰੋਜ਼ਾ ਸਮਾਗਮ ਦੇ ਮੁੱਖ ਅਕਾਦਮਿਕ ਏਜੰਡੇ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
ਪੰਜਾਬੀ ਵਿਭਾਗ ਦੇ ਮੁਖੀ ਅਤੇ ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਡਾ. ਰਾਜਵੰਤ ਕੌਰ ਪੰਜਾਬੀ ਨੇ ਸਵਾਗਤੀ ਸ਼ਬਦਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਰੂਪ-ਰੇਖਾ ਸਾਂਝੀ ਕੀਤੀ।
ਡੀ.ਐੱਲ.ਏ. ਦੇ ਡੀਨ ਅਤੇ ਆਈ.ਐੱਸ.ਡੀ.ਐੱਲ. ਦੇ ਡਾਇਰੈਕਟਰ, ਪ੍ਰੋ. ਜੀ. ਕੇ. ਪਨੀਕਰ ਨੇ ਸੰਸਥਾ ਦੇ ਮੋਢੀ ਵਿਦਵਾਨਾਂ ਦੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਸ਼ਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਇਤਿਹਾਸਕ ਕਰਾਰ ਦਿੱਤਾ।
ਅੰਤ ਵਿੱਚ, ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ। ਇਸ ਸੈਸ਼ਨ ਦਾ ਸੰਚਾਲਨ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਮੁਖੀ ਡਾ. ਹਰਵਿੰਦਰ ਪਾਲ ਕੌਰ ਵੱਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਕਾਨਫ਼ਰੰਸ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰੀ ਯੂਨੀਵਰਸਿਟੀਆਂ ਤੋਂ ਨਾਮਵਰ ਭਾਸ਼ਾ ਵਿਗਿਆਨੀ, ਉੱਘੇ ਵਿਦਵਾਨ ਅਤੇ ਨੌਜਵਾਨ ਖੋਜਾਰਥੀ ਪਟਿਆਲਾ ਵਿਖੇ ਪਹੁੰਚੇ ਹਨ।
ਪੰਜਾਬੀ ਯੂਨੀਵਰਸਿਟੀ ਦੇ ਫ਼ੋਰੈਂਸਿਕ ਸਾਇੰਸ ਵਿਭਾਗ ਤੋਂ 14 ਵਿਦਿਆਰਥੀਆਂ ਨੇ ਪਾਸ ਕੀਤੀ 'ਫੈਕਟ ਪਲੱਸ 2026' ਪ੍ਰੀਖਿਆ
ਪਟਿਆਲਾ, 16 ਜੂਨ
ਪੰਜਾਬੀ ਯੂਨੀਵਰਸਿਟੀ ਦੇ ਫ਼ੋਰੈਂਸਿਕ ਸਾਇੰਸ ਵਿਭਾਗ ਤੋਂ 14 ਵਿਦਿਆਰਥੀਆਂ ਨੇ ਫ਼ੋਰੈਂਸਿਕ ਸਾਇੰਸ ਖੇਤਰ ਦੀ ਵੱਕਾਰੀ ਪ੍ਰੀਖਿਆ 'ਫੈਕਟ ਪਲੱਸ 2026' ਸਫਲਤਾਪੂਰਵਕ ਪਾਸ ਕੀਤੀ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਉੱਤੇ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਗਈ।
ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਫਲਤਾ ਵਿਭਾਗ ਅਤੇ ਯੂਨੀਵਰਸਿਟੀ ਲਈ ਮਾਣ ਵਾਲ਼ੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਵਿਭਾਗ ਦੀ ਯੋਗ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਭਵਿੱਖ ਵਿੱਚ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ। ਉਨ੍ਹਾਂ ਉਮੀਦ ਜਤਾਈ ਕਿ ਇਹ ਵਿਦਿਆਰਥੀ ਦੇਸ਼-ਵਿਦੇਸ਼ ਵਿੱਚ ਫ਼ੋਰੈਂਸਿਕ ਸਾਇੰਸ ਦੇ ਖੇਤਰ ਵਿੱਚ ਨਵੇਂ ਮੁਕਾਮ ਹਾਸਲ ਕਰਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨਗੇ।
ਫ਼ੋਰੈਂਸਿਕ ਸਾਇੰਸ ਵਿਭਾਗ ਦੇ ਮੁਖੀ ਡਾ. ਕੋਮਲ ਸੈਣੀ ਨੇ ਦੱਸਿਆ ਕਿ ਵਿਭਾਗ ਦੇ 14 ਵਿਦਿਆਰਥੀਆਂ ਨੇ ਵੱਖ-ਵੱਖ ਮਾਹਿਰ ਵਿਸ਼ਿਆਂ ਵਿੱਚ ਇਸ ਪ੍ਰੀਖਿਆ ਨੂੰ ਪਾਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਟੈਸਟ ਕੁਆਲੀਫਾਈ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਵਿੱਚ ਹਰਸ਼ ਅਨੀਕੇਤ, ਤਾਨੀਆ, ਨਿਸ਼ਾ ਰਾਣੀ, ਡਿੰਪਲ ਭਾਟੀਆ, ਖੁਸ਼ਪ੍ਰਿਆ, ਰੁਪਿੰਦਰ ਸਿੰਗਲਾ, ਪ੍ਰਤਿਭਾ ਰਾਣੀ, ਅਨਮੋਲ ਭਾਰਦਵਾਜ,ਕਾਜਲ, ਹਿਮਾਂਸ਼ੂ ਕੋਂਡਲ,ਸਾਹਿਲ ਭਾਨ, ਜਸਨਦੀਪ ਕੌਰ, ਗੁਰਕੀਰਤ ਸਿੰਘ ਅਤੇ ਅਮਨਦੀਪ ਸਿੰਘ ਸ਼ਾਮਿਲ ਹਨ।
ਇਸ ਮੌਕੇ ਵਿਭਾਗ ਦੇ ਸਮੂਹ ਫੈਕਲਟੀ ਮੈਂਬਰਾਂ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ
ਪਟਿਆਲਾ, 15 ਜੂਨ
ਪੰਜਾਬੀ ਯੂਨੀਵਰਸਿਟੀ ਵਿਖੇ ਟਰਾਂਸਪੋਰਟ ਵਿਭਾਗ ਲਈ ਖਰੀਦੇ ਗਏ ਦੋ ਨਵੇਂ ਵਾਹਨਾਂ ਨੂੰ ਅੱਜ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਵਾਹਨ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਤੇ ਅਕਾਦਮਿਕ ਕੰਮਾਂ-ਕਾਰਾਂ ਨੂੰ ਵਧੇਰੇ ਤੇਜ਼ੀ ਅਤੇ ਸੁਚਾਰੂ ਢੰਗ ਨਾਲ਼ ਨੇਪਰੇ ਚਾੜ੍ਹਨ ਦੇ ਮਕਸਦ ਨਾਲ਼ ਖ਼ਰੀਦੇ ਗਏ ਹਨ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਕਾਦਮਿਕ ਦੌਰਿਆਂ, ਪ੍ਰੀਖਿਆਵਾਂ ਨਾਲ਼ ਸਬੰਧਤ ਵੱਖ-ਵੱਖ ਕਾਰਜਾਂ ਅਤੇ ਰੋਜ਼ਾਨਾ ਦੇ ਪ੍ਰਸ਼ਾਸਨਿਕ ਕੰਮਾਂ ਲਈ ਵਾਹਨਾਂ ਦੀ ਘਾਟ ਨੂੰ ਲੰਬੇ ਸਮੇਂ ਤੋਂ ਮਹਿਸੂਸ ਕੀਤਾ ਜਾ ਰਿਹਾ ਸੀ। ਉਨ੍ਹਾਂ ਉਮੀਦ ਜਤਾਈ ਕਿ ਇਨ੍ਹਾਂ ਨਵੇਂ ਵਾਹਨਾਂ ਦੇ ਆਉਣ ਨਾਲ਼ ਜਿੱਥੇ ਕੰਮ ਵਿੱਚ ਹੋਰ ਵਧੇਰੇ ਤੇਜ਼ੀ ਅਤੇ ਪਾਰਦਰਸ਼ਤਾ ਆਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਕੰਮਾਂ ਕਾਜਾਂ ਦਾ ਪਿਛਲੇ ਸਮੇਂ ਦੌਰਾਨ ਬੜੀ ਤੇਜ਼ੀ ਨਾਲ਼ ਵਾਧਾ ਤੇ ਵਿਸਥਾਰ ਹੋਇਆ ਹੈ। ਨਵੇਂ ਕੋਰਸਾਂ ਦੀ ਸ਼ੁਰੂਆਤ ਨਾਲ਼ ਵਿਦਿਆਰਥੀਆਂ ਦੀ ਗਿਣਤੀ ਅਤੇ ਅਕਾਦਮਿਕ ਲੋੜਾਂ ਵਧੀਆਂ ਹਨ। ਯੂਨੀਵਰਸਿਟੀ ਦੇ ਕਈ ਨੇਬਰਹੁੱਡ ਕੈਂਪਸ, ਖੇਤਰੀ ਕੇਂਦਰ ਅਤੇ ਕਾਂਸਟੀਚਿਊਟ ਕਾਲਜ ਆਦਿ ਹਨ, ਜਿਨ੍ਹਾਂ ਵਿੱਚ ਅਕਾਦਮਿਕ ਪੱਧਰ ਨੂੰ ਬਣਾਈ ਰੱਖਣ ਲਈ ਹਰ ਸਮੇਂ ਤਾਲਮੇਲ ਚੰਗਾ ਹੋਣਾ ਜ਼ਰੂਰੀ ਹੁੰਦਾ ਹੈ। ਇਨ੍ਹਾਂ ਸੈਂਟਰਾਂ ਵਿੱਚ ਆਉਣ-ਜਾਣ, ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਜਾਂਦੇ ਸੈਮੀਨਾਰਾਂ, ਸਮਾਗਮਾਂ, ਅੰਤਰ-ਰਾਸ਼ਟਰੀ ਕਾਨਫਰੰਸਾਂ ਅਤੇ ਉੱਚ-ਅਧਿਕਾਰੀਆਂ ਦੀਆਂ ਪੰਜਾਬ ਸਰਕਾਰ ਨਾਲ਼ ਇਕੱਤਰਤਾਵਾਂ ਆਦਿ ਕਾਰਜਾਂ ਲਈ ਗੱਡੀਆਂ ਦੀ ਘਾਟ ਨੂੰ ਦੇਖਦੇ ਹੋਏ ਨਵੀਆਂ ਗੱਡੀਆਂ ਦੀ ਅਤਿ-ਜ਼ਰੂਰਤ ਸੀ, ਜਿਸ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਗਿਆ ਹੈ।
ਸੁਰੱਖਿਆ-ਕਮ-ਟਰਾਂਸਪੋਰਟ ਅਫ਼ਸਰ ਕੈਪਟਨ (ਰਿਟਾ.) ਗੁਰਤੇਜ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਦਮਿਕ ਲੋੜਾਂ ਨੂੰ ਮੁੱਖ ਰਖਦੇ ਹੋਏ ਜੈੱਮ ਪੋਰਟਲ ਰਾਹੀਂ ਦੋ ਨਵੀਆਂ ਗੱਡੀਆਂ (ਇੱਕ ਮਾਰੂਤੀ ਸਜ਼ੂਕੀ ਡਿਜ਼ਾਇਰ ਅਤੇ ਦੂਜੀ ਬਲੈਰੋ ਨੀਓ ਦੀ ਖ਼ਰੀਦ ਕੀਤੀ ਗਈ ਹੈ। ਇਹ ਵਾਹਨ ਯੂਨੀਵਰਸਿਟੀ ਦੀਆਂ ਮੌਜੂਦਾ ਲੋੜਾਂ ਨੂੰ ਮੁੱਖ ਰੱਖ ਕੇ ਖ਼ਰੀਦੇ ਗਏ ਹਨ ਅਤੇ ਇਹਨਾਂ ਦੀ ਵਰਤੋਂ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਸਿਰਫ਼ ਯੂਨੀਵਰਸਿਟੀ ਹਿਤਾਂ ਲਈ ਹੀ ਕੀਤੀ ਜਾਣੀ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ ਜਸਵਿੰਦਰ ਸਿੰਘ ਬਰਾੜ ਅਤੇ ਰਜਿਸਟਰਾਰ ਡਾ.ਦਵਿੰਦਰਪਾਲ ਸਿੰਘ ਵੀ ਮੌਜੂਦ ਰਹੇ।
ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਅਧਿਐਨ ਰਾਹੀਂ ਐੱਸ.ਆਈ.ਆਰ.ਡੀ. ਪੰਜਾਬ ਦੁਆਰਾ ਆਯੋਜਿਤ ਕੀਤੇ ਜਾਂਦੇ ਸਮਰੱਥਾ ਨਿਰਮਾਣ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਕੀਤਾ ਗਿਆ ਮੁਲਾਂਕਣ
ਪਟਿਆਲਾ, 14 ਜੂਨ
ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਇੱਕ ਤਾਜ਼ਾ ਅਧਿਐਨ ਰਾਹੀਂ ਸਟੇਟ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ (ਐੱਸ.ਆਈ.ਆਰ.ਡੀ.), ਪੰਜਾਬ ਵੱਲੋਂ ਸੂਬੇ ਵਿੱਚ ਕਰਵਾਏ ਜਾਂਦੇ ਪੰਚਾਇਤੀ ਰਾਜ ਸੰਸਥਾਵਾਂ ਦੇ ਸਿਖਲਾਈ ਪ੍ਰੋਗਰਾਮਾਂ ਦਾ ਮੁਲਾਂਕਣ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਤੋਂ ਡਾ. ਰੇਨੂ ਦੀ ਅਗਵਾਈ ਵਿੱਚ ਖੋਜਾਰਥੀ ਡਾ. ਅਸ਼ਵਨੀ ਕੁਮਾਰ ਵੱਲੋਂ ਕੀਤੇ ਇਸ ਅਧਿਐਨ ਰਾਹੀਂ ਅਹਿਮ ਨਤੀਜੇ ਅਤੇ ਸੁਝਾਅ ਸਾਹਮਣੇ ਆਏ ਹਨ।
ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਐੱਸ.ਆਈ.ਆਰ.ਡੀ., ਪੰਜਾਬ ਰਾਜ ਵਿੱਚ ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਦੇ ਖੇਤਰ ਵਿੱਚ ਸਿਖਲਾਈ, ਸਲਾਹ-ਮਸ਼ਵਰੇ, ਮੁਲਾਂਕਣ ਅਤੇ ਖੋਜ ਲਈ ਇੱਕ ਸਰਵਉੱਚ ਸੰਸਥਾ ਹੈ।
ਉਨ੍ਹਾਂ ਦੱਸਿਆ ਕਿ ਇਹ ਖੋਜ ਅਧਿਐਨ ਪੰਜਾਬ ਦੇ ਤਿੰਨ ਵੱਖ-ਵੱਖ ਖੇਤਰਾਂ ਦੇ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਟਿਆਲਾ ਵਿੱਚ ਸਾਲ 2019 ਤੋਂ 2024 ਤੱਕ ਦੇ ਸਮੇਂ ਦੇ ਅੰਕੜਿਆਂ 'ਤੇ ਅਧਾਰਿਤ ਹੈ।
ਇਸ ਅਧਿਐਨ ਵਿੱਚ ਦਸੰਬਰ 2018 ਦੀਆਂ ਪੰਚਾਇਤ ਚੋਣਾਂ ਵਿੱਚ ਚੁਣੇ ਗਏ ਨੁਮਾਇੰਦਿਆਂ ਵਿੱਚੋਂ 600 ਚੁਣੇ ਹੋਏ ਨੁਮਾਇੰਦਿਆਂ ਨੂੰ ਨਮੂਨੇ ਵਜੋਂ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ, ਪੰਚਾਇਤੀ ਰਾਜ ਦੇ 82 ਅਧਿਕਾਰੀਆਂ/ਕਰਮਚਾਰੀਆਂ ਅਤੇ ਐੱਸ.ਆਈ.ਆਰ.ਡੀ., ਪੰਜਾਬ ਨਾਲ਼ ਜੁੜੇ 75 ਮਾਸਟਰ ਟ੍ਰੇਨਰਾਂ/ਸਿਖਲਾਈ ਮਾਹਿਰਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ, ਜਿਸ ਨਾਲ ਕੁੱਲ ਉੱਤਰਦਾਤਾਵਾਂ ਦੀ ਗਿਣਤੀ 757 ਬਣਦੀ ਹੈ।
ਉਨ੍ਹਾਂ ਦੱਸਿਆ ਕਿ ਅਧਿਐਨ ਦੌਰਾਨ ਸਿਖਲਾਈ ਪ੍ਰਣਾਲੀ ਦੀਆਂ ਕੁੱਝ ਅਹਿਮ ਚੁਣੌਤੀਆਂ ਉੱਭਰ ਕੇ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਸਿਖਲਾਈ ਪ੍ਰੋਗਰਾਮਾਂ ਦਾ ਸਮੇਂ ਸਿਰ ਸਾਰੇ ਨੁਮਾਇੰਦਿਆਂ ਤੱਕ ਨਾ ਪਹੁੰਚਣਾ, ਸਿਖਲਾਈ ਦੀ ਸਮੱਗਰੀ (ਟ੍ਰੇਨਿੰਗ ਕੰਟੈਂਟ) ਦਾ ਪੁਰਾਣਾ ਹੋਣਾ, ਡਿਜੀਟਲ ਸਿਖਲਾਈ ਅਤੇ ਆਧੁਨਿਕ ਸਿਖਲਾਈ ਸਰੋਤਾਂ ਦੀ ਘਾਟ, ਜਨ-ਕਲਿਆਣਕਾਰੀ ਸਕੀਮਾਂ ਬਾਰੇ ਲੋੜੀਂਦੀ ਜਾਣਕਾਰੀ ਦੀ ਕਮੀ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਨਤੀਜਿਆਂ ਨੂੰ ਦੋ ਰਾਸ਼ਟਰੀ/ਅੰਤਰਰਾਸ਼ਟਰੀ ਸੈਮੀਨਾਰਾਂ/ਕਾਨਫਰੰਸਾਂ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਇੱਕ ਨਾਮਵਰ ਰਸਾਲੇ ਸਮੇਤ ਕੌਮੀ ਕਾਨਫਰੰਸ ਦੀ ਪ੍ਰੋਸੀਡਿੰਗਜ਼ ਵਿੱਚ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।
ਡਾ. ਰੇਨੂ ਨੇ ਦੱਸਿਆ ਕਿ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਸਿਖਲਾਈ ਪ੍ਰੋਗਰਾਮਾਂ ਦੇ ਸਬੰਧ ਵਿੱਚ, ਭਾਰਤ ਦੇ ਕਈ ਰਾਜਾਂ ਜਿਵੇਂ ਕਿ ਹਰਿਆਣਾ, ਉੜੀਸਾ, ਮਹਾਰਾਸ਼ਟਰ, ਝਾਰਖੰਡ, ਤੇਲੰਗਾਨਾ, ਕੇਰਲ, ਤਾਮਿਲਨਾਡੂ ਅਤੇ ਰਾਜਸਥਾਨ ਵਿੱਚ ਵੱਡੇ ਪੱਧਰ 'ਤੇ ਸਾਹਿਤ/ਸਮੱਗਰੀ ਉਪਲਬਧ ਹੈ; ਪਰ, ਬਦਕਿਸਮਤੀ ਨਾਲ ਐੱਸ.ਆਈ.ਆਰ.ਡੀ., ਪੰਜਾਬ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਲਈ ਚਲਾਏ ਗਏ ਸਮਰੱਥਾ ਨਿਰਮਾਣ ਅਤੇ ਸਿਖਲਾਈ ਪ੍ਰੋਗਰਾਮਾਂ ਦੇ ਪ੍ਰਭਾਵ ਬਾਰੇ ਬਹੁਤ ਹੀ ਸੀਮਤ ਸਮੱਗਰੀ ਉਪਲਬਧ ਸੀ। ਉਨ੍ਹਾਂ ਦੱਸਿਆ ਕਿ ਖੋਜ ਅਧਿਐਨ ਵਿੱਚ ਪੰਜਾਬ ਦੀ ਪੰਚਾਇਤੀ ਰਾਜ ਸਿਖਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਰਾਸ਼ਟਰੀ ਸਮਰੱਥਾ ਨਿਰਮਾਣ ਫਰੇਮਵਰਕ 2022 ਦੀ ਪਾਲਣਾ ਕਰਦਿਆਂ ਸਮੇਂ ਸਿਰ ਸਿਖਲਾਈ ਯਕੀਨੀ ਬਣਾਉਣਾ ਅਹਿਮ ਹੈ। ਇਹ ਵੀ ਸੁਝਾਇਆ ਗਿਆ ਹੈ ਕਿ ਸਾਰੇ ਹਿੱਸੇਦਾਰਾਂ ਲਈ ਪ੍ਰਭਾਵਸ਼ਾਲੀ ਸਿਖਲਾਈ ਮਾਡਿਊਲ ਤਿਆਰ ਕੀਤੇ ਜਾਣ ਅਤੇ ਨਿਯਮਤ ਤੌਰ 'ਤੇ ਟ੍ਰੇਨਿੰਗ ਨੀਡ ਅਸੈਸਮੈਂਟ (ਟੀ.ਐੱਨ.ਏ.) ਕੀਤੀ ਜਾਵੇ। ਐੱਸ.ਆਈ.ਆਰ.ਡੀ.,ਪੰਜਾਬ ਵਿੱਚ ਫੈਕਲਟੀ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਨ ਅਤੇ ਸਿਖਲਾਈ ਕੇਂਦਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤੇ ਜਾਣ ਬਾਰੇ ਵੀ ਸਿਫ਼ਾਰਿਸ਼ ਹੈ।
ਵਧੀਆ ਕਾਰਗੁਜ਼ਾਰੀ ਵਾਲੀਆਂ ਗ੍ਰਾਮ ਪੰਚਾਇਤਾਂ ਦੇ ਐਕਸਪੋਜ਼ਰ ਦੌਰੇ ਕਰਵਾਏ ਜਾਣ, ਸਿਖਲਾਈ ਨੂੰ ਵਧੇਰੇ ਪਰਸਪਰ ਬਣਾਏ ਜਾਣ ਅਤੇ ਆਈ.ਸੀ.ਟੀ. ਰਾਹੀਂ ਡਿਜੀਟਲ ਯੋਗਤਾ ਨੂੰ ਵਧਾਉਣ ਬਾਰੇ ਵੀ ਸੁਝਾਇਆ ਗਿਆ ਹੈ। ਇਸ ਤੋਂ ਇਲਾਵਾ ਬਾਹਰੀ ਮੁਲਾਂਕਣ ਅਤੇ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਇੱਕ ਮਿਆਰੀ ਫੀਡਬੈਕ ਸਿਸਟਮ ਵਿਕਸਿਤ ਕਰਨ ਬਾਰੇ ਵੀ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਅਧਿਐਨ ਪੰਜਾਬ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਪੰਚਾਇਤ ਅਧਿਕਾਰੀਆਂ ਦੇ ਸਿਖਲਾਈ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਇੱਕ ਮਾਰਗਦਰਸ਼ਕ ਦਾ ਕੰਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਸਿਖਲਾਈ ਪ੍ਰਾਪਤ ਨੁਮਾਇੰਦਾ ਹੀ ਸਹੀ ਅਰਥਾਂ ਵਿੱਚ ਇੱਕ ਬਿਹਤਰ ਨੁਮਾਇੰਦੇ ਵਜੋਂ ਕੰਮ ਕਰ ਸਕਦਾ ਹੈ, ਜੋ ਕਿ ਇੱਕ ਜ਼ਮੀਨੀ ਪੱਧਰ ਦੇ ਜੀਵੰਤ ਲੋਕਤੰਤਰ ਦੀ ਪਹਿਲੀ ਸ਼ਰਤ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ 'ਵਿਕਸਿਤ ਭਾਰਤ @2047' ਵੱਲ ਕਦਮ ਵਧਾ ਰਿਹਾ ਹੈ, ਤਾਂ ਅਜਿਹੇ ਸਮੇਂ ਵਿੱਚ ਅਜਿਹੇ ਅਧਿਐਨ ਦੀ ਮਹੱਤਤਾ ਹੋਰ ਵੀ ਬਹੁਤ ਜ਼ਿਆਦਾ ਵਧ ਜਾਂਦੀ ਹੈ।
ਚਮੜੀ ਦੇ ਰੋਗ ਲੱਭਣ ਲਈ ਪੰਜਾਬੀ ਯੂਨੀਵਰਸਿਟੀ ਅਤੇ ਪੀ.ਜੀ.ਆਈ. ਚੰਡੀਗੜ੍ਹ ਦੀ ਸਾਂਝੀ ਖੋਜ ਰਾਹੀਂ ਏ.ਆਈ. ਅਧਾਰਤ ਤਕਨੀਕ ਕੀਤੀ ਵਿਕਸਿਤ
ਪਟਿਆਲਾ, 7 ਜੂਨ
ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਅਤੇ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐੱਮ.ਈ.ਆਰ.) ਚੰਡੀਗੜ੍ਹ ਦੇ ਚਮੜੀ ਰੋਗ ਵਿਭਾਗ ਵੱਲੋਂ ਇੱਕ ਸਾਂਝਾ ਖੋਜ ਕਾਰਜ ਸੰਪੰਨ ਕੀਤਾ ਗਿਆ ਹੈ ਜਿਸ ਤਹਿਤ ਚਮੜੀ ਦੀਆਂ ਦੁਰਲੱਭ, ਗੁੰਝਲਦਾਰ ਅਤੇ ਚੁਣੌਤੀਪੂਰਨ ਬੀਮਾਰੀਆਂ 'ਆਟੋਇਮਿਊਨ ਬਲਿਸਟਰਿੰਗ ਡਿਸੀਜ਼ਿਸ' (ਜਿਵੇਂ ਸਰੀਰ 'ਤੇ ਛਾਲੇ ਪੈਣ ਦੀ ਬੀਮਾਰੀ) ਦਾ ਪਤਾ ਲਗਾਉਣ ਵਿੱਚ ਸਹਾਇਤਾ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) 'ਤੇ ਅਧਾਰਤ ਵਿਧੀਆਂ ਵਿਕਸਿਤ ਕੀਤੀਆਂ ਗਈਆਂ ਹਨ। ਇਹ ਖੋਜ ਕਾਰਜ ਖੋਜਾਰਥੀ ਡਾ. ਮਨਬੀਰ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਮਨਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਡਰਮਾਟੋਲੋਜੀ ਵਿਭਾਗ ਦੇ ਪ੍ਰੋ. ਦਿਪਾਂਕਰ ਡੇਅ ਦੀ ਸਹਿ-ਅਗਵਾਈ ਹੇਠ ਨੇਪਰੇ ਚਾੜ੍ਹਿਆ ਗਿਆ ਹੈ।
ਖੋਜਾਰਥੀ ਡਾ. ਮਨਬੀਰ ਸਿੰਘ ਨੇ ਦੱਸਿਆ ਕਿ ਇਸ ਅਧਿਐਨ ਨੂੰ ਦੋਵਾਂ ਸੰਸਥਾਵਾਂ ਦੀਆਂ ਸੰਸਥਾਗਤ ਨੈਤਿਕਤਾ ਕਮੇਟੀਆਂ (ਆਈ.ਈ.ਸੀ.) ਅਤੇ ਪੀ.ਜੀ.ਆਈ. ਦੀ ਕੋਲੈਬੋਰੇਟਿਵ ਰਿਸਰਚ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਸੀ। ਉਨ੍ਹਾਂ ਖੋਜ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 'ਆਟੋਇਮਿਊਨ ਬਲਿਸਟਰਿੰਗ ਬੀਮਾਰੀਆਂ' (ਏ.ਆਈ.ਬੀ.ਡੀਜ਼) ਦਾ ਸਹੀ ਪਤਾ ਲਗਾਉਣਾ ਕਾਫ਼ੀ ਮੁਸ਼ਕਲ ਹੁੰਦਾ ਹੈ ਕਿਉਂਕਿ ਇਸ ਸਬੰਧੀ ਕਈ ਵਿਸ਼ੇਸ਼ ਜਾਂਚਾਂ ਦੀ ਲੋੜ ਹੁੰਦੀ ਹੈ, ਜੋ ਕਿ ਬਹੁਤ ਮਹਿੰਗੀਆਂ ਅਤੇ ਸਮਾਂ ਲੈਣ ਵਾਲੀਆਂ ਹਨ। ਇਸ ਕਾਰਨ ਬੀਮਾਰੀ ਦੀ ਪੁਸ਼ਟੀ ਹੋਣ ਵਿੱਚ ਦੇਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਇਸ ਬੀਮਾਰੀ ਦੀਆਂ ਕਈ ਉਪ-ਕਿਸਮਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਲੱਛਣ ਆਪਸ ਵਿੱਚ ਕਾਫ਼ੀ ਮਿਲਦੇ-ਜੁਲਦੇ ਹਨ, ਜਿਸ ਕਾਰਨ ਪਤਾ ਲਗਾਉਣ ਦੀ ਪ੍ਰਕਿਰਿਆ ਹੋਰ ਵੀ ਚੁਣੌਤੀਪੂਰਨ ਬਣ ਜਾਂਦੀ ਹੈ।
ਡਾ. ਮਨਿੰਦਰ ਸਿੰਘ ਨੇ ਦੱਸਿਆ ਕਿ ਹਾਲਾਂਕਿ 'ਡਾਇਰੈਕਟ ਇਮਿਊਨੋਫਲੋਰੋਸੈਂਸ' (ਡੀ.ਆਈ. ਐੱਫ.) ਨੂੰ ਇਸ ਬੀਮਾਰੀ ਦੀ ਪੁਸ਼ਟੀ ਲਈ ਸਭ ਤੋਂ ਉੱਤਮ (ਗੋਲਡ ਸਟੈਂਡਰਡ) ਟੈਸਟ ਮੰਨਿਆ ਜਾਂਦਾ ਹੈ, ਅਤੇ ਇਸ ਦੇ ਨਾਲ ਹੀ 'ਇਨਡਾਇਰੈਕਟ ਇਮਿਊਨੋਫਲੋਰੋਸੈਂਸ' (ਆਈ.ਆਈ.ਐੱਫ.) ਅਤੇ 'ਐਲਿਸਾ' ਟੈਸਟਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਪਰ ਇਹ ਸਾਰੀਆਂ ਜਾਂਚਾਂ ਕੇਵਲ ਵੱਡੀਆਂ ਤੇ ਵਿਸ਼ੇਸ਼ ਮੈਡੀਕਲ ਸੰਸਥਾਵਾਂ ਵਿੱਚ ਹੀ ਉਪਲਬਧ ਹਨ ਅਤੇ ਇਹ ਖ਼ਰਚੇ, ਸਮੇਂ ਤੇ ਤਕਨੀਕੀ ਮੁਹਾਰਤ ਪੱਖੋਂ ਸੀਮਤ ਹਨ। ਅਜਿਹੀ ਸਥਿਤੀ ਵਿੱਚ, ਇਹ ਨਵੀਂ ਏ.ਆਈ. ਤਕਨੀਕ ਮੁੱਢਲੇ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਲਈ ਬੇਹੱਦ ਸਹਾਈ ਸਿੱਧ ਹੋਵੇਗੀ, ਜਿੱਥੇ ਮਾਹਿਰ ਡਾਕਟਰਾਂ ਅਤੇ ਮਹਿੰਗੇ ਟੈਸਟਾਂ ਦੀ ਘਾਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਚਮੜੀ ਦੇ ਆਮ ਰੋਗਾਂ 'ਤੇ ਤਾਂ ਬਹੁਤ ਖੋਜਾਂ ਹੋਈਆਂ ਹਨ, ਪਰ ਏ.ਆਈ.ਬੀ.ਡੀਜ਼ ਵਰਗੀ ਗੁੰਝਲਦਾਰ ਬੀਮਾਰੀ 'ਤੇ ਖੋਜ ਬਹੁਤ ਸੀਮਤ ਸੀ। ਇਸ ਦਾ ਮੁੱਖ ਕਾਰਨ ਡਾਕਟਰੀ ਤੌਰ 'ਤੇ ਪ੍ਰਮਾਣਿਤ ਡਾਟਾਸੈੱਟ ਦਾ ਨਾ ਹੋਣਾ ਸੀ। ਇਸ ਕਮੀ ਨੂੰ ਦੂਰ ਕਰਦਿਆਂ, ਖੋਜ ਟੀਮ ਨੇ ਪੀ.ਜੀ.ਆਈ. ਚੰਡੀਗੜ੍ਹ ਦੇ ਡਰਮਾਟੋਲੋਜੀ ਵਿਭਾਗ ਵਿੱਚ ਇਲਾਜ ਅਧੀਨ ਮਰੀਜ਼ਾਂ ਦੇ ਅਸਲ ਕਲੀਨਿਕਲ ਚਿੱਤਰਾਂ ਨੂੰ ਇਕੱਠਾ ਕਰਕੇ ਇੱਕ ਵਿਸ਼ੇਸ਼ ਡਾਟਾਸੈੱਟ ਤਿਆਰ ਕੀਤਾ।
ਪ੍ਰੋ. ਦਿਪਾਂਕਰ ਡੇਅ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਅਤੇ ਬੀਮਾਰੀ ਦੀ ਪੂਰੀ ਪੁਸ਼ਟੀ ਹੋਣ ਤੋਂ ਬਾਅਦ ਹੀ ਇਨ੍ਹਾਂ ਚਿੱਤਰਾਂ ਨੂੰ ਇਸ ਖੋਜ ਵਿੱਚ ਸ਼ਾਮਲ ਕੀਤਾ ਗਿਆ। ਇਸ ਅਧਿਐਨ ਦੌਰਾਨ ਰਵਾਇਤੀ ਮਸ਼ੀਨ ਲਰਨਿੰਗ, ਹਾਈਬ੍ਰਿਡ ਮਾਡਲ ਅਤੇ ਡੀਪ ਲਰਨਿੰਗ ਵਿਧੀਆਂ ਦਾ ਮੁਲਾਂਕਣ ਕੀਤਾ ਗਿਆ। ਖੋਜ ਟੀਮ ਨੇ 240 ਦੇ ਕਰੀਬ ਮਾਡਲ ਸੰਰਚਨਾਵਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ।
ਉਨ੍ਹਾਂ ਦੱਸਿਆ ਕਿ ਜਦੋਂ ਇਸ ਏ.ਆਈ. ਮਾਡਲ ਦੀ ਕਾਰਗੁਜ਼ਾਰੀ ਦੀ ਤੁਲਨਾ ਵੱਖ-ਵੱਖ ਤਜਰਬੇ ਵਾਲੇ ਚਮੜੀ ਦੇ ਮਾਹਿਰ ਡਾਕਟਰਾਂ ਨਾਲ਼ ਕੀਤੀ ਗਈ, ਤਾਂ ਨਤੀਜੇ ਹੈਰਾਨੀਜਨਕ ਸਨ। ਵਿਕਸਿਤ ਕੀਤੇ ਗਏ ਏ.ਆਈ. ਮਾਡਲਾਂ ਨੇ ਬੀਮਾਰੀ ਦੀ ਸਹੀ ਪਛਾਣ ਕਰਨ ਵਿੱਚ ਹਿੱਸਾ ਲੈਣ ਵਾਲੇ ਡਾਕਟਰਾਂ ਦੇ ਮੁਕਾਬਲੇ ਲਗਾਤਾਰ ਬਿਹਤਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਹ ਖੋਜ ਸਾਬਤ ਕਰਦੀ ਹੈ ਕਿ ਏ.ਆਈ. ਤਕਨੀਕ ਦੁਰਲੱਭ ਚਮੜੀ ਰੋਗਾਂ ਦੇ ਸਹੀ ਅਤੇ ਨਿਰਪੱਖ ਨਿਦਾਨ ਵਿੱਚ ਇੱਕ ਵੱਡਾ ਸਹਿਯੋਗੀ ਸਾਬਿਤ ਹੋ ਸਕਦੀ ਹੈ।
ਇਸ ਖੋਜ ਟੀਮ ਨੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਿਆ ਕਿ ਇਸ ਡਾਟਾਸੈੱਟ ਦਾ ਹੋਰ ਵਿਸਤਾਰ ਕੀਤਾ ਜਾਵੇਗਾ, ਜਿਸ ਵਿੱਚ ਮਰੀਜ਼ਾਂ ਦੀ ਉਮਰ, ਲਿੰਗ, ਖੇਤਰੀ ਪਿਛੋਕੜ, ਲੈਬ ਟੈਸਟਾਂ ਦੀ ਰਿਪੋਰਟ ਅਤੇ ਸਰੀਰ 'ਤੇ ਛਾਲਿਆਂ ਦੀ ਸਥਿਤੀ ਵਰਗੇ ਹੋਰ ਅੰਕੜੇ ਵੀ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ 'ਵਿਜ਼ਨ ਟ੍ਰਾਂਸਫਾਰਮਰ-ਅਧਾਰਤ ਮਾਡਲਾਂ' ਅਤੇ ਬੀਮਾਰੀ ਦੀ ਲੰਬੇ ਸਮੇਂ ਤੱਕ ਨਿਗਰਾਨੀ (ਲੌਂਗੀਚੂਡਨਲ ਮੋਨੀਟਰਿੰਗ) ਕਰਨ ਵਾਲ਼ੀਆਂ ਪ੍ਰਣਾਲੀਆਂ ਦੀ ਵਰਤੋਂ ਕਰ ਕੇ ਇਸ ਤਕਨੀਕ ਦੀ ਕਲੀਨਿਕਲ ਉਪਯੋਗਤਾ ਨੂੰ ਹੋਰ ਵਧੇਰੇ ਮਜ਼ਬੂਤ ਬਣਾਇਆ ਜਾਵੇਗਾ।
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਖੋਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਖੋਜਾਂ ਇਸ ਗੱਲ ਦੀ ਪ੍ਰਤੱਖ ਮਿਸਾਲ ਹਨ ਕਿ ਕਿਵੇਂ ਆਧੁਨਿਕ ਤਕਨਾਲੋਜੀ ਦੀ ਵਰਤੋਂ ਮਨੁੱਖੀ ਸਿਹਤ ਸੰਭਾਲ ਅਤੇ ਮੈਡੀਕਲ ਵਿਗਿਆਨ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੀ ਹੈ। ਪੰਜਾਬੀ ਯੂਨੀਵਰਸਿਟੀ ਅਤੇ ਪੀ.ਜੀ.ਆਈ. ਵਰਗੀਆਂ ਨਾਮਵਰ ਸੰਸਥਾਵਾਂ ਦਾ ਇਹ ਸਾਂਝਾ ਉਪਰਾਲਾ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।
ਪੰਜਾਬੀ ਯੂਨੀਵਰਸਿਟੀ ਵਿਖੇ 'ਆਉਟਸਟੈਂਡਿੰਗ ਸਪੋਰਟਸ ਕੈਟਾਗਰੀ' ਅਧੀਨ ਦਾਖਲਿਆਂ ਸਬੰਧੀ ਕਾਊਂਸਲਿੰਗ ਅਤੇ ਟਰਾਇਲ 16 ਜੂਨ ਨੂੰ
ਪਟਿਆਲਾ, 2 ਜੂਨ
ਪੰਜਾਬੀ ਯੂਨੀਵਰਸਿਟੀ ਵਿਖੇ 'ਆਊਟਸਟੈਂਡਿੰਗ ਸਪੋਰਟਸ ਕੈਟਾਗਰੀ' ਅਧੀਨ ਦਾਖਲਿਆਂ ਸਬੰਧੀ ਕੌਂਸਲਿੰਗ ਅਤੇ ਟਰਾਇਲ 16 ਜੂਨ 2026 ਨੂੰ ਹੋਣਗੇ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਅਤੇ ਇਸ ਨਾਲ਼ ਜੁੜੇ ਕਾਲਜਾਂ ਵਿਖੇ ਉੱਚ ਕੋਟੀ ਦੇ ਖਿਡਾਰੀਆਂ ਲਈ ਸਪੋਰਟਸ ਕੋਟੇ ਅਧੀਨ ਪੰਜ ਵਾਧੂ ਸੀਟਾਂ ਰਾਖਵੀਆਂ ਹੁੰਦੀਆਂ ਹਨ। ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਸੈਸ਼ਨ 2026-27 ਦੌਰਾਨ ਇਸ ਕੋਟੇ ਤਹਿਤ ਦਾਖਲਾ ਲੈਣ ਦੇ ਚਾਹਵਾਨ ਖਿਡਾਰੀਆਂ (ਲੜਕੇ ਅਤੇ ਲੜਕੀਆਂ) ਲਈ ਇਹ ਕੌਂਸਲਿੰਗ ਅਤੇ ਟਰਾਇਲ ਕਰਵਾਏ ਜਾ ਰਹੇ ਹਨ।
ਉੱਚ ਕੋਟੀ ਦੇ ਖਿਡਾਰੀ ਯੂਨੀਵਰਸਿਟੀ ਕੈਂਪਸ, ਨੇਬਰਹੁੱਡ ਕੈਂਪਸ, ਕੰਸਟੀਚੂਐਂਟ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਵਿੱਚ ਕਿਸੇ ਵੀ ਕੋਰਸ/ਕਲਾਸ ਵਿੱਚ ਦਾਖ਼ਲਾ ਲੈ ਸਕਦੇ ਹਨ।
ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕੌਂਸਲਿੰਗ ਅਤੇ ਟਰਾਇਲ 16 ਜੂਨ, 2026 ਨੂੰ ਸਵੇਰੇ 9.00 ਵਜੇ ਪੰਜਾਬੀ ਯੂਨੀਵਰਸਿਟੀ ਕੈੰਪਸ ਦੇ ਖੇਡ ਵਿਭਾਗ ਵਿਖੇ ਕਰਵਾਏ ਜਾਣਗੇ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ ਡਬਲਿਊ ਡਬਲਿਊ ਡਬਲਿਊ ਡਾਟ ਪੰਜਾਬੀ ਯੂਨੀਵਰਸਿਟੀ ਡਾਟ ਇਨ ‘ਤੇ ਉਪਲਬਧ ਹੈ।
ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਵੱਲੋਂ ਉੱਤਰ-ਪੱਛਮੀ ਭਾਰਤ ਦੀਆਂ ਤਿਤਲੀਆਂ ਬਾਰੇ ਕੀਤੀ ਗਈ ਖੋਜ
ਪਟਿਆਲਾ, 31 ਮਈ
ਪਟਿਆਲਾ, 31 ਮਈ
ਪੰਜਾਬੀ ਯੂਨੀਵਰਸਿਟੀ ਵਿਖੇ ਇੱਕ ਤਾਜ਼ਾ ਖੋਜ ਰਾਹੀਂ ਉੱਤਰ-ਪੱਛਮੀ ਭਾਰਤ ਦੀਆਂ ਵੱਖ-ਵੱਖ ਪ੍ਰਜਾਤੀ ਦੀਆਂ ਤਿਤਲੀਆਂ ਨੂੰ ਸਮਝਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਯੂਨੀਵਰਸਿਟੀ ਦੇ ਪ੍ਰਾਣੀ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਿਖੇ ਖੋਜਾਰਥੀ ਡਾ. ਦੀਕਸ਼ਾ ਚੋਪੜਾ ਵੱਲੋਂ ਇਸੇ ਵਿਭਾਗ ਦੇ ਪ੍ਰੋ. ਗੁਰਿੰਦਰ ਕੌਰ ਵਾਲੀਆ ਦੀ ਨਿਗਰਾਨੀ ਅਤੇ ਜ਼ੂਆਲੋਜੀਕਲ ਸਰਵੇ ਆਫ਼ ਇੰਡੀਆ, ਸੋਲਨ ਦੇ ਸੇਵਾਮੁਕਤ ਵਿਗਿਆਨੀ-ਐੱਫ ਡਾ. ਅਵਤਾਰ ਕੌਰ ਸਿੱਧੂ ਦੀ ਸਹਿ-ਨਿਗਰਾਨੀ ਵਿੱਚ ਇਹ ਖੋਜ ਕਾਰਜ ਕੀਤਾ ਗਿਆ।
ਖੋਜਾਰਥੀ ਡਾ. ਦੀਕਸ਼ਾ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਉੱਤਰ-ਪੱਛਮੀ ਭਾਰਤ ਦੇ ਵੱਖ-ਵੱਖ ਰਾਜਾਂ ਦੇ ਉੱਚਾਈ ਵਾਲੇ ਖੇਤਰਾਂ ਅਤੇ ਨਾਜ਼ੁਕ ਪਹਾੜੀ ਵਾਤਾਵਰਣ ਪ੍ਰਣਾਲੀਆਂ ਤੋਂ ਇਹ ਨਮੂਨੇ ਇਕੱਠੇ ਕੀਤੇ ਸਨ ਜਿਨ੍ਹਾਂ ਵਿੱਚ 'ਥੈਕਲੀਨੇ' ਅਤੇ 'ਲਾਈਕੇਨੀਨੇ' ਉਪ-ਪਰਿਵਾਰਾਂ ਦੀਆਂ ਤਿਤਲੀਆਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਸ ਖੋਜ ਦੌਰਾਨ 30 ਪ੍ਰਜਾਤੀਆਂ ਦਾ ਬਰੀਕੀ ਨਾਲ਼ ਅਧਿਐਨ ਕੀਤਾ ਗਿਆ, ਜਿਸ ਵਿੱਚ 'ਥੈਕਲੀਨੇ' ਉਪ-ਪਰਿਵਾਰ ਦੀਆਂ 24 ਪ੍ਰਜਾਤੀਆਂ ਅਤੇ 'ਲਾਈਕੇਨੀਨੇ' ਉਪ-ਪਰਿਵਾਰ ਦੀਆਂ 6 ਪ੍ਰਜਾਤੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਨਤੀਜੇ ਦੁਨੀਆ ਦੇ ਪੰਜ ਵੱਕਾਰੀ ਅੰਤਰ-ਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਏ. ਐੱਨ.ਆਰ. ਐੱਫ.-ਆਈ.ਟੀ.ਐੱਸ. ਵੱਲੋਂ ਮਿਲੇ ਫੰਡ ਸਦਕਾ ਇਸ ਖੋਜ ਨੂੰ ਕੁਆਲਾਲੰਪੁਰ, ਮਲੇਸ਼ੀਆ ਵਿਖੇ ਹੋਈ '9ਵੀਂ ਮੋਲੀਕਿਊਲਰ ਇਨਸੈਕਟ ਸਾਇੰਸ ਕਾਨਫਰੰਸ 2026' ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਪੇਸ਼ ਕੀਤਾ ਗਿਆ ਹੈ, ਜਿੱਥੇ ਇਸ ਸ਼ਾਨਦਾਰ ਕਾਰਜ ਦੀ ਭਰਪੂਰ ਸ਼ਲਾਘਾ ਹੋਈ ਹੈ।
ਪ੍ਰੋ. ਗੁਰਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਵਿਗਿਆਨਕ ਉਲਝਣਾਂ ਨੂੰ ਸੁਲਝਾਉਣ ਲਈ ਖੋਜਾਰਥੀਆਂ ਨੇ ਤਿਤਲੀਆਂ ਦੇ ਸਰੀਰਕ ਅੰਗਾਂ ਦੇ ਨਾਲ਼-ਨਾਲ਼ ਮਾਈਟੋਕੌਂਡਰੀਅਲ ਸੀ.ਓ.ਆਈ. ਜੀਨ ਦੀ ਡੀ.ਐਨ.ਏ. ਬਾਰਕੋਡਿੰਗ ਦੀ ਵਰਤੋਂ ਕੀਤੀ। ਇਸ ਦੇ ਨਤੀਜੇ ਵਜੋਂ 17 ਪ੍ਰਜਾਤੀਆਂ ਦੀ ਵਿਸ਼ਵ ਭਰ ਵਿੱਚ ਪਹਿਲੀ ਵਾਰ ਡੀ.ਐਨ.ਏ. ਬਾਰਕੋਡਿੰਗ ਹੋਈ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਵੱਲੋਂ 26 ਪ੍ਰਜਾਤੀਆਂ ਨੂੰ ਪਹਿਲੀ ਵਾਰ ਅੰਤਰ-ਰਾਸ਼ਟਰੀ ਐੱਨ.ਸੀ.ਬੀ.ਆਈ. ਜੈਨਬੈੰਕ ਵਿੱਚ ਦਰਜ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 4 ਪ੍ਰਜਾਤੀਆਂ ਦੀ ਮਾਦਾ ਅਤੇ 3 ਪ੍ਰਜਾਤੀਆਂ ਦੇ ਨਰ ਜਣਨ ਅੰਗਾਂ ਦੀ ਬਣਤਰ ਦਾ ਵੇਰਵਾ ਵੀ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਪਹਿਲੀ ਵਾਰ ਬੇਹੱਦ ਦੁਰਲੱਭ ਤਿਤਲੀ 'ਹੈਲੀਓਫੋਰਸ ਤਾਮੂ' ਦੇ ਮਿਲਣ ਦੀ ਵੀ ਪੁਸ਼ਟੀ ਹੋਈ ਹੈ, ਜਿਸ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਯਤਨਾਂ ਦੀ ਲੋੜ ਹੈ।
ਡਾ. ਅਵਤਾਰ ਕੌਰ ਸਿੱਧੂ ਨੇ ਦੱਸਿਆ ਕਿ ਕਿ ਤਿਤਲੀਆਂ ਕੁਦਰਤ ਦੀਆਂ ਬੇਹੱਦ ਖੂਬਸੂਰਤ ਅਤੇ ਮਹੱਤਵਪੂਰਨ ਜੀਵ ਹਨ, ਜੋ ਸਾਡੇ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰਾਗਣ ਦੇ ਰੂਪ ਵਿੱਚ ਇਹ ਪੌਦਿਆਂ ਦੀ ਵੰਸ਼-ਪ੍ਰਕਿਰਿਆ ਵਿੱਚ ਮਦਦ ਕਰਦੀਆਂ ਹਨ। ਵਾਤਾਵਰਣ ਵਿੱਚ ਹੋਣ ਵਾਲੇ ਬਦਲਾਅ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੋਣ ਕਾਰਨ, ਇਹਨਾਂ ਨੂੰ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਦੀ ਗੁਣਵੱਤਾ ਦਾ ਸਭ ਤੋਂ ਉੱਤਮ ਸੂਚਕ ਮੰਨਿਆ ਜਾਂਦਾ ਹੈ। ਭਾਰਤ ਵਿੱਚ ਤਿਤਲੀਆਂ ਦੀਆਂ 1,500 ਤੋਂ ਵੱਧ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਖੋਜ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਹੈ ਕਿ ਇਹ ਖੋਜ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਅਤੇ ਜੀਵ-ਜੰਤੂਆਂ ਦੀ ਸੁਰੱਖਿਆ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਅਹਿਮ ਖੋਜਾਂ ਜੈਵ-ਵਿਭਿੰਨਤਾ ਨੂੰ ਬਚਾਉਣ ਲਈ ਸਹਾਈ ਸਿੱਧ ਹੁੰਦੀਆਂ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜਨਗਣਨਾ 2027 ਦਾ ਪਹਿਲਾ ਪੜਾਅ ਸ਼ੁਰੂ
ਪਟਿਆਲਾ, 27 ਮਈ
ਪਟਿਆਲਾ, 31 ਮਈ
ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਯੂਨੀਵਰਸਿਟੀ ਕੈਂਪਸ ਦੇ ਚਾਰ ਨਿਰਧਾਰਿਤ ਬਲਾਕਾਂ ਵਿੱਚ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਜਨਗਣਨਾ 2027 ਦਾ ਪਹਿਲਾ ਪੜਾਅ (ਘਰ ਸੂਚੀਕਰਨ ਕਾਰਜ) ਰਸਮੀ ਤੌਰ 'ਤੇ ਸ਼ੁਰੂ ਕੀਤਾ ਗਿਆ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਅਤੇ ਰਜਿਸਟਰਾਰ ਡਾ. ਦੇਵਿੰਦਰ ਪਾਲ ਸਿੰਘ ਸਿੱਧੂ ਨੇ ਇਸ ਕਾਰਜ ਵਿੱਚ ਸ਼ਾਮਿਲ ਯੂਨੀਵਰਸਿਟੀ ਕਰਮਚਾਰੀਆਂ ਨੂੰ ਪਛਾਣ ਪੱਤਰ ਅਤੇ ਤਾਇਨਾਤੀ ਪੱਤਰ ਵੰਡ ਕੇ ਇਸ ਕਾਰਜ ਦੀ ਰਸਮੀ ਤੌਰ 'ਤੇ ਸ਼ੁਰੂਆਤ ਕੀਤੀ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇੱਕ ਉੱਚ ਸਿੱਖਿਆ ਸੰਸਥਾ ਵਜੋਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਕਾਰਜ ਵਿੱਚ ਆਪਣਾ ਭਰਵਾਂ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਇਸ ਕਾਰਜ ਰਾਹੀਂ ਸਾਡੇ ਵੱਲੋਂ ਇਕੱਤਰ ਕੀਤੇ ਜਾਣ ਵਾਲ਼ੇ ਇਹ ਅੰਕੜੇ ਅਗਲੇ ਦਹਾਕੇ ਲਈ ਨੀਤੀਆਂ ਬਣਾਉਣ ਵਿੱਚ ਮਦਦ ਕਰਨਗੇ।
ਰਜਿਸਟਰਾਰ ਡਾ. ਦੇਵਿੰਦਰ ਪਾਲ ਸਿੰਘ ਸਿੱਧੂ ਨੇ ਕਿਹਾ ਕਿ ਪਹਿਲੀ ਵਾਰ ਜਨਗਣਨਾ ਕਾਰਜ ਮੋਬਾਈਲ ਐਪਲੀਕੇਸ਼ਨਾਂ ਅਤੇ ਡਿਜੀਟਲ ਪੋਰਟਲਾਂ ਰਾਹੀਂ ਕੀਤੇ ਜਾ ਰਹੇ ਹਨ, ਜਿਸ ਨਾਲ਼ ਇਸ ਕਾਰਜ ਨੂੰ ਵਧੇਰੇ ਸੁਚਾਰੂ ਢੰਗ ਨਾਲ਼ ਨੇਪਰੇ ਚਾੜ੍ਹਿਆ ਜਾ ਸਕੇਗਾ। ਉਨ੍ਹਾਂ ਯੂਨੀਵਰਸਿਟੀ ਦੇ ਸਮੂਹ ਅਧਿਕਾਰੀਆਂ, ਖੋਜਾਰਥੀਆਂ ਅਤੇ ਕਰਮਚਾਰੀਆਂ ਨੂੰ ਗਿਣਤੀਕਾਰਾਂ ਨਾਲ ਪੂਰਾ ਸਹਿਯੋਗ ਦੇਣ ਅਤੇ ਸਹੀ ਜਾਣਕਾਰੀ ਦੇਣ ਦੀ ਅਪੀਲ ਕੀਤੀ।
ਵਿਸ਼ੇਸ਼ ਸਿਵਲ ਚਾਰਜ ਅਫ਼ਸਰ ਇੰਜ. ਮਨਪ੍ਰੀਤ ਸਿੰਘ ਬੂਢੈਲ ਨੇ ਇਸ ਮੌਕੇ ਬੋਲਦਿਆਂ ਜਨਗਣਨਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਰਤੇ ਜਾ ਰਹੇ ਡਿਜੀਟਲ ਤਰੀਕੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਯਕੀਨ ਦਿਵਾਇਆ ਕਿ ਇਹ ਕਾਰਜ ਨਿਰਧਾਰਿਤ ਸਮੇਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਸ਼੍ਰੀ ਲਖਵਿੰਦਰ ਸਿੰਘ ਨੂੰ ਸੁਪਰਵਾਈਜ਼ਰ ਅਤੇ ਸ੍ਰੀਮਤੀ ਰਮਨਪ੍ਰੀਤ ਕੌਰ, ਸ੍ਰੀਮਤੀ ਬਿੰਦੂ ਬਾਲਾ, ਸ਼੍ਰੀ ਕੁਲਜੀਤ ਸਿੰਘ ਅਤੇ ਸ਼੍ਰੀ ਰਾਜ ਕਿਸ਼ੋਰ ਨੂੰ ਗਿਣਤੀਕਾਰ (ਐਨੂਮਰੇਟਰ) ਨਿਯੁਕਤ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਦੇ 24 ਖਿਡਾਰੀਆਂ ਨੂੰ ਪੰਜਾਬ ਸਰਕਾਰ ਨੇ ਵੱਕਾਰੀ 'ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ' ਨਾਲ਼ ਸਨਮਾਨਿਆ
ਪਟਿਆਲਾ, 25 ਮਈ
ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਅਤੇ ਇਸ ਨਾਲ਼ ਸਬੰਧਤ ਕਾਲਜਾਂ ਦੇ ਵੱਖ-ਵੱਖ ਖੇਡਾਂ ਦੇ 24 ਹੋਣਹਾਰ ਖਿਡਾਰੀਆਂ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਵੱਲੋਂ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਵੱਕਾਰੀ 'ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖਿਡਾਰੀਆਂ ਨੂੰ ਇਹ ਐਵਾਰਡ ਸਾਲ 2018 ਤੋਂ 2023 ਦੌਰਾਨ ਉਨ੍ਹਾਂ ਵੱਲੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਯੂਨੀਵਰਸਿਟੀ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਦਿੱਤੇ ਗਏ ਹਨ।
ਯੂਨੀਵਰਸਿਟੀ ਤੋਂ ਖੇਡ ਨਿਰਦੇਸ਼ਕ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਸ ਖੇਡ ਸਮਾਰੋਹ ਦੌਰਾਨ ਅੰਤਰ-ਰਾਸ਼ਟਰੀ ਪੱਧਰ ਦੇ ਸ਼ੂਟਿੰਗ ਖਿਡਾਰੀ ਅਮਨਪ੍ਰੀਤ ਸਿੰਘ ਨੂੰ 1.54 ਕਰੋੜ ਰੁਪਏ ਅਤੇ ਅੰਤਰ-ਰਾਸ਼ਟਰੀ ਤੀਰਅੰਦਾਜ਼ ਖਿਡਾਰਨ ਪਰਨੀਤ ਕੌਰ ਨੂੰ 19.5 ਲੱਖ ਰੁਪਏ ਦੀ ਨਕਦ ਰਾਸ਼ੀ ਦੇ ਚੈੱਕ ਦੇ ਕੇ ਵਿਸ਼ੇਸ਼ ਤੌਰ 'ਤੇ ਨਿਵਾਜਿਆ ਗਿਆ। ਉਨ੍ਹਾਂ ਦੱਸਿਆ ਕਿ ਐਵਾਰਡ ਹਾਸਲ ਕਰਨ ਵਾਲੇ ਬਾਕੀ ਸਾਰੇ ਖਿਡਾਰੀਆਂ ਨੂੰ ਵੀ ਪੰਜ ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ।
ਐਵਾਰਡ ਪ੍ਰਾਪਤ ਕਰਨ ਵਾਲੇ ਹੋਰਨਾਂ ਪ੍ਰਮੁੱਖ ਖਿਡਾਰੀਆਂ ਵਿੱਚ ਸਾਈਕਲਿੰਗ ਖਿਡਾਰੀ ਹਰਸ਼ਵੀਰ ਸਿੰਘ ਸੇਖੋਂ, ਵਿਸ਼ਵਦੀਪ ਸਿੰਘ ਭੰਗੂ, ਰਾਜਬੀਰ ਸਿੰਘ ਮੁੰਡੀ ਅਤੇ ਨਮਨ ਕਪਿਲ ਸ਼ਾਮਲ ਹਨ। ਐਥਲੈਟਿਕਸ ਵਿੱਚ ਹਰਮਿਲਨ ਬੈੰਸ, ਜੂਡੋ ਵਿੱਚ ਹਰਸ਼ਪ੍ਰੀਤ ਸਿੰਘ ਅਤੇ ਹਰਸ਼ਦੀਪ ਸਿੰਘ ਬਰਾੜ ਨੂੰ ਸਨਮਾਨਿਤ ਕੀਤਾ ਗਿਆ। ਫੈਂਸਿੰਗ ਖਿਡਾਰਨ ਐਨਾ ਅਰੋੜਾ ਅਤੇ ਜਸਸੀਰਤ ਸਿੰਘ ਨੇ ਇਹ ਵੱਕਾਰੀ ਐਵਾਰਡ ਹਾਸਲ ਕੀਤਾ।
ਤੀਰਅੰਦਾਜ਼ੀ ਦੇ ਖੇਤਰ ਵਿੱਚ ਸੰਗਮਪ੍ਰੀਤ ਸਿੰਘ ਤੇ ਪ੍ਰਭਜੋਤ ਕੌਰ, ਸੁਖਬੀਰ ਸਿੰਘ ਅਤੇ ਰਾਜ ਕੌਰ ਨੂੰ ਐਵਾਰਡ ਨਾਲ ਨਿਵਾਜਿਆ ਗਿਆ। ਕੁਸ਼ਤੀ ਵਿੱਚ ਸੰਦੀਪ ਸਿੰਘ ਅਤੇ ਰੂਬਲਜੀਤ ਸਿੰਘ ਤੋਂ ਇਲਾਵਾ ਵੇਟਲਿਫਟਿੰਗ ਵਿੱਚ ਹਰਜਿੰਦਰ ਕੌਰ ਅਤੇ ਕਬੱਡੀ ਵਿੱਚ ਗੁਰਲਾਲ ਸਿੰਘ ਘਨੌਰ ਨੂੰ ਸਨਮਾਨਿਤ ਕੀਤਾ ਗਿਆ। ਹੈਂਡਬਾਲ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਬਦਲੇ ਚਾਰ ਖਿਡਾਰੀਆਂ ਕਰਮਜੀਤ ਸਿੰਘ, ਮਨਦੀਪ ਕੌਰ, ਹਰਜਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਕੈਨੋਇੰਗ ਵਿੱਚ ਜਸਮੀਤ ਕੌਰ, ਕੈਯਾਕਿੰਗ ਵਿੱਚ ਅਵਤਾਰ ਸਿੰਘ ਅਤੇ ਰੋਇੰਗ ਵਿੱਚ ਜਸਪਾਲ ਸਿੰਘ ਨੂੰ ਇਸ ਵੱਕਾਰੀ ਰਾਜ ਪੱਧਰੀ ਪੁਰਸਕਾਰ ਨਾਲ ਨਿਵਾਜਿਆ ਗਿਆ।
ਇਸ ਇਤਿਹਾਸਕ ਪ੍ਰਾਪਤੀ 'ਤੇ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਸਮੂਹ ਜੇਤੂ ਖਿਡਾਰੀਆਂ, ਉਨ੍ਹਾਂ ਦੇ ਕੋਚ ਸਾਹਿਬਾਨ ਅਤੇ ਸਬੰਧਤ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਹਾਰਦਿਕ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਯੂਨੀਵਰਸਿਟੀ ਦਾ ਨਾਮ ਕੌਮਾਂਤਰੀ ਪੱਧਰ 'ਤੇ ਚਮਕਾਇਆ ਹੈ ਅਤੇ ਇਨ੍ਹਾਂ ਦੀ ਇਹ ਸਫਲਤਾ ਬਾਕੀ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ।
ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ਼ ਜੁੜੇ ਇਤਿਹਾਸਕ ਪਹਿਲੂਆਂ ਬਾਰੇ ਕੀਤਾ ਗਿਆ ਖੋਜ ਕਾਰਜ
ਪਟਿਆਲਾ, 24 ਮਈ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਖੋਜਾਰਥੀ ਡਾ. ਸਤਵੀਰ ਕੌਰ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ਼ ਜੁੜੇ ਇਤਿਹਾਸਕ ਪਹਿਲੂਆਂ 'ਤੇ ਕੀਤੇ ਗਏ ਖੋਜ ਕਾਰਜ ਦੌਰਾਨ ਅਹਿਮ ਨਤੀਜੇ ਸਾਹਮਣੇ ਆਏ ਹਨ। ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਤੋਂ ਡਾ. ਗੁਰਪ੍ਰੀਤ ਕੌਰ ਬਰਾੜ ਦੀ ਨਿਗਰਾਨੀ ਹੇਠ ਮੁਕੰਮਲ ਹੋਏ ਇਸ ਖੋਜ ਕਾਰਜ ਸਬੰਧੀ ਇੱਕ ਅਹਿਮ ਖੋਜ-ਪੱਤਰ ਪੰਜਾਬੀ ਯੂਨੀਵਰਸਿਟੀ ਦੇ ਵੱਕਾਰੀ ਰੈਫਰੀਡ ਜਰਨਲ 'ਖੋਜ ਪੱਤ੍ਰਿਕਾ' (ਅੰਕ 87)ਵਿੱਚ ਵੀ ਪ੍ਰਕਾਸ਼ਿਤ ਹੋਇਆ ਹੈ।
ਡਾ. ਗੁਰਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਇਹ ਖੋਜ ਕਾਰਜ ਮੁੱਖ ਰੂਪ ਵਿੱਚ ਇਸ ਗੱਲ ਨੂੰ ਜਾਣਨ ਵਿੱਚ ਰੁਚਿਤ ਸੀ ਕਿ ਕਿਵੇਂ ਮਹਾਰਾਜਾ ਦਲੀਪ ਸਿੰਘ ਨੂੰ ਪਹਿਲਾਂ ਇਤਿਹਾਸ ਵਿੱਚ ਅਣਗੌਲ਼ਿਆਂ ਕੀਤਾ ਗਿਆ ਅਤੇ ਫਿਰ ਇੱਕ ਸਮੇਂ ਬਾਅਦ ਕਿਵੇਂ ਉਹ ਇਕਦਮ ਚਰਚਾ ਦਾ ਵਿਸ਼ਾ ਬਣਨਾ ਸ਼ੁਰੂ ਹੋਏ ਅਤੇ ਫ਼ਿਲਮ ਤੋਂ ਲੈ ਕੇ ਨਾਵਲ ਵਰਗੀਆਂ ਸਾਹਿਤਕ ਵਿਧਾਵਾਂ ਰਾਹੀਂ ਉਨ੍ਹਾਂ ਨੂੰ ਨਾਇਕ ਵਜੋਂ ਉਭਾਰਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਪੜਚੋਲਣ ਦਾ ਯਤਨ ਕੀਤਾ ਗਿਆ ਕਿ ਕਿਵੇਂ ਪਰਵਾਸ ਹੰਢਾਉਂਦੇ ਪੰਜਾਬੀ ਮਨੁੱਖ ਨੇ ਆਪਣੀ ਅਸਲ ਪਛਾਣ ਅਤੇ ਓਪਰੇ ਸਮਾਜਾਂ ਵਿੱਚ ਮਜ਼ਬੂਰੀਵੱਸ ਬਣੀ ਸਿਰਜਿਤ ਪਛਾਣ ਦੇ ਦਵੰਦ ਨੂੰ ਮਹਾਰਾਜਾ ਦਲੀਪ ਸਿੰਘ ਦੀ ਪਛਾਣ ਦੇ ਸੰਕਟ ਨਾਲ਼ ਜੋੜ ਕੇ ਵੇਖਦਿਆਂ ਉਨ੍ਹਾਂ ਨਾਲ਼ ਵਿਸ਼ੇਸ਼ ਤਰ੍ਹਾਂ ਦਾ ਲਗਾਓ ਮਹਿਸੂਸ ਕਰਨਾ ਸ਼ੁਰੂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸ ਅਧਿਐਨ ਰਾਹੀਂ ਮਹਾਰਾਜਾ ਦਲੀਪ ਸਿੰਘ ਨੂੰ ਮਹਿਜ਼ ਇੱਕ ਇਤਿਹਾਸਕ ਪਾਤਰ ਵਜੋਂ ਨਹੀਂ, ਸਗੋਂ ਉਸ ਦੇ ਦੁਆਲੇ ਬੁਣੇ ਗਏ ਵੱਖ-ਵੱਖ 'ਬਿਰਤਾਂਤਾਂ' ਦੇ ਆਰ-ਪਾਰ ਵੇਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਖੋਜ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਬਸਤੀਵਾਦੀ (ਅੰਗਰੇਜ਼ੀ) ਹਾਕਮਾਂ ਨੇ ਆਪਣੇ ਹਿਤਾਂ ਲਈ ਦਲੀਪ ਸਿੰਘ ਨੂੰ ਇੱਕ 'ਈਸਾਈ ਜੈਂਟਲਮੈਨ' ਵਜੋਂ ਪੇਸ਼ ਕੀਤਾ, ਜਦਕਿ ਦੂਜੇ ਪਾਸੇ ਪੰਜਾਬੀ ਚੇਤਨਾ ਵਿੱਚ ਉਹ 'ਤ੍ਰਾਸਦਿਕ ਨਾਇਕ' ਵਜੋਂ ਉੱਭਰੇ। ਇੱਕ ਸਮੇਂ ਬਾਅਦ ਪੰਜਾਬੀ ਚੇਤਨਾ ਨੇ ਕਿਵੇਂ ਉਨ੍ਹਾਂ ਨਾਲ਼ ਵਿਸ਼ੇਸ ਤਰ੍ਹਾਂ ਦਾ ਲਗਾਓ, ਜੁੜਾਅ, ਇਕਮਿਕਤਾ ਮਹਿਸੂਸ ਕਰਦਿਆਂ ਉਨ੍ਹਾਂ ਦੇ ਅਸਲ ਯਥਾਰਥ ਨੂੰ ਨੇੜਿਓਂ ਮਹਿਸੂਸਿਆ ਅਤੇ ਜਾਣਿਆ। ਉਨ੍ਹਾਂ ਕਿਹਾ ਕਿ ਇਹ ਖੋਜ ਸਿੱਖ ਰਾਜ ਦੇ ਪਤਨ ਤੋਂ ਬਾਅਦ ਪੰਜਾਬੀ ਪਛਾਣ ਦੇ ਸੰਕਟ ਅਤੇ ਉਸਾਰੀ ਦੀਆਂ ਵੱਖ-ਵੱਖ ਪਰਤਾਂ ਨੂੰ ਬਾਖ਼ੂਬੀ ਫੋਲਦੀ ਅਤੇ ਪੜਚੋਲਦੀ ਹੈ।
ਖੋਜਾਰਥੀ ਡਾ. ਸਤਵੀਰ ਕੌਰ ਨੇ ਕਿਹਾ ਕਿ ਇਤਿਹਾਸਕ ਦਸਤਾਵੇਜ਼ਾਂ ਦੇ ਨਾਲ- ਨਾਲ ਫਿਲ਼ਮ ਅਤੇ ਸਾਹਿਤਕ ਰਚਨਾਵਾਂ ਦਾ ਤੁਲਨਾਤਮਕ ਅਧਿਐਨ ਕਰਦਿਆਂ ਇਹ ਸਿੱਧ ਕੀਤਾ ਹੈ ਕਿ ਕਿਵੇਂ ਸੱਤਾ ਅਤੇ ਰਾਜਨੀਤੀ ਕਿਸੇ ਪਾਤਰ ਦੇ ਅਕਸ ਨੂੰ ਲੋੜ ਅਨੁਸਾਰ ਸਿਰਜਦੀ ਜਾਂ ਵਿਗਾੜਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਦਾ ਮੁੱਖ ਮਕਸਦ ਇਹ ਪਛਾਣਨਾ ਵੀ ਸੀ ਕਿ ਮਹਾਰਾਜਾ ਦਲੀਪ ਸਿੰਘ ਬਾਰੇ ਲਿਖੇ ਗਏ ਸਾਹਿਤ ਅਤੇ ਇਤਿਹਾਸ ਦੀ ਸਿਰਜਣਾ ਵਿੱਚ ਕਿਹੜੀਆਂ ਧਿਰਾਂ ਕੰਮ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਹ ਵੇਖਣ ਦੀ ਕੋਸ਼ਿਸ਼ ਕੀਤੀ ਹੈ ਗਈ ਕਿ ਜਨਮ ਤੋਂ ਲੈ ਕੇ ਮੌਤ ਤੱਕ ਅਤੇ ਉਸ ਤੋਂ ਬਾਅਦ ਅੱਜ ਦੇ ਦੌਰ ਤੱਕ, ਦਲੀਪ ਸਿੰਘ ਨੂੰ ਵੱਖ-ਵੱਖ ਸਮਿਆਂ 'ਤੇ ਕਿਵੇਂ ਵੱਖ-ਵੱਖ ਰੂਪਾਂ ਵਿੱਚ ਸਿਰਜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਅਧਿਐਨ ਰਾਹੀਂ ਵਿਜ਼ੂਅਲ ਕਲਚਰ ਅਤੇ ਟੈਕਸਟ ਦੇ ਆਪਸੀ ਸਬੰਧਾਂ ਨੂੰ ਵੀ ਪੜਚੋਲਿਆ ਗਿਆ ਹੈ, ਜੋ ਪੰਜਾਬੀ ਖੋਜ ਦੇ ਖੇਤਰ ਵਿੱਚ ਇੱਕ ਨਵਾਂ ਕਦਮ ਹੈ। ਉਨ੍ਹਾਂ ਦੱਸਿਆ ਕਿ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਤਿਹਾਸ ਦੇ ਪਾਤਰਾਂ ਦੇ ਅਕਸ ਨੂੰ ਬਦਲਣਾ ਕਿਸੇ ਕੌਮ ਦੀ ਪਛਾਣ ਨਾਲ਼ ਕਿਵੇਂ ਜੁੜਿਆ ਹੁੰਦਾ ਹੈ ਅਤੇ ਕਿਸ ਤਰ੍ਹਾਂ ਇਹ ਇੱਕ ਦੂਜੇ 'ਤੇ ਅਸਰਅੰਦਾਜ਼ ਹੁੰਦੇ ਹਨ।
ਉਪ-ਕੁਲਪਤੀ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਕਾਰਜ ਸਾਡੇ ਮਾਣਮੱਤੇ ਇਤਿਹਾਸ ਦੇ ਇੱਕ ਸੰਵੇਦਨਸ਼ੀਲ ਅਧਿਆਇ ਨੂੰ ਨਵੀਂ ਰੌਸ਼ਨੀ ਵਿੱਚ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੇ ਬਿਰਤਾਂਤ ਰਾਹੀਂ ਪੰਜਾਬੀ ਮਾਨਸਿਕਤਾ ਨੂੰ ਸਮਝਣ ਪੱਖੋਂ ਵੀ ਇਹ ਕਾਰਜ ਵਿਸ਼ੇਸ਼ ਅਹਿਮੀਅਤ ਰਖਦਾ ਹੈ।
ਪੰਜਾਬੀ ਯੂਨੀਵਰਸਿਟੀ ਨੇ ਯੂ.ਜੀ. ਅਤੇ ਪੀ.ਜੀ ਕੋਰਸਾਂ ਦੇ ਦਾਖ਼ਲੇ ਦੀ ਅੰਤਿਮ ਮਿਤੀ ਵਿੱਚ 22 ਮਈ ਤੱਕ ਕੀਤਾ ਵਾਧਾ
ਪਟਿਆਲਾ, 20 ਮਈ
ਪੰਜਾਬੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ-ਗਰੈਜੂਏਟ (ਯੂ.ਜੀ.) ਅਤੇ ਪੋਸਟ-ਗਰੈਜੂਏਟ (ਪੀ.ਜੀ) ਕੋਰਸਾਂ ਦੇ ਦਾਖ਼ਲੇ ਦੀ ਅੰਤਿਮ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ।
ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਡਾ. ਹਰਮਿੰਦਰ ਸਿੰਘ ਖੋਖਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਕਾਦਮਿਕ ਸੈਸ਼ਨ 2026–27 ਲਈ ਵੱਖ-ਵੱਖ ਅੰਡਰ-ਗਰੈਜੂਏਟ ਕੋਰਸਾਂ (ਬਿਨਾਂ ਪ੍ਰਵੇਸ਼ ਪ੍ਰੀਖਿਆ) ਲਈ ਆਨਲਾਈਨ ਅਰਜ਼ੀਆਂ ਦੇਣ ਦੀ ਬਿਨਾਂ ਲੇਟ ਫੀਸ ਤੋਂ ਆਖਰੀ ਮਿਤੀ ਹੁਣ 22 ਮਈ 2026 (ਸ਼ਾਮ 5:00 ਵਜੇ) ਤੱਕ ਹੈ। ਉਨ੍ਹਾਂ ਦੱਸਿਆ ਕਿ ਵਾਧੇ ਸਬੰਧੀ ਇਹ ਫ਼ੈਸਲਾ ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ-2026 ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਅੰਤਿਮ ਮਿਤੀ 18 ਮਈ 2026 (ਸ਼ਾਮ 5:00 ਵਜੇ ਤੱਕ) ਨਿਰਧਾਰਤ ਕੀਤੀ ਗਈ ਸੀ ਅਤੇ ਸਾਰੇ ਅੰਡਰ-ਗਰੈਜੂਏਟ (ਯੂ.ਜੀ.) ਕੋਰਸਾਂ ਲਈ ਕੌਂਸਲਿੰਗ ਦੀ ਮਿਤੀ 25 ਅਤੇ 26 ਮਈ 2026 ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਸਾਰੇ ਅੰਡਰ-ਗਰੈਜੂਏਟ ਕੋਰਸਾਂ ਲਈ ਕੌਂਸਲਿੰਗ ਮਿਤੀ 1 ਅਤੇ 2 ਜੂਨ, 2026 ਨੂੰ ਸਬੰਧਤ ਵਿਭਾਗਾਂ ਵਿਖੇ ਕਰਵਾਈ ਜਾਵੇਗੀ। ਇਸ ਕੌਂਸਲਿੰਗ ਵਿੱਚ ਪ੍ਰਵੇਸ਼ ਪ੍ਰੀਖਿਆ ਵਾਲ਼ੇ ਅਤੇ ਬਿਨਾਂ ਪ੍ਰਵੇਸ਼ ਪ੍ਰੀਖਿਆ ਵਾਲ਼ੇ ਸਾਰੇ ਕੋਰਸ ਸ਼ਾਮਿਲ ਹੋਣਗੇ।
ਡਾ. ਖੋਖਰ ਵੱਲੋਂ ਵਿਦਿਆਰਥੀਆਂ ਨੂੰ ਹੋਰ ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ ਯੂਨੀਵਰਸਿਟੀ ਦੇ ਅਧਿਕਾਰਿਤ ਦਾਖ਼ਲਾ ਪੋਰਟਲ ਡਬਲਿਊ ਡਬਲਿਊ ਡਬਲਿਊ ਡਾਟ ਪੀਯੂਪੀ ਅਡਮਿਸ਼ਨਜ਼ ਡਾਟ ਏਸੀ ਡਾਟ ਇਨ 'ਤੇ ਜਾਣ ਦੀ ਸਲਾਹ ਦਿੱਤੀ ਗਈ।
ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ ਪੰਜਾਬੀ ਯੂਨੀਵਰਸਿਟੀ: ਡਾ. ਜਗਦੀਪ ਸਿੰਘ
ਪਟਿਆਲਾ, 19 ਮਈ
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਵਾਈਸ ਚਾਂਸਲਰਜ਼ ਕਾਨਫ਼ਰੰਸ ਵਿੱਚ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਗਈ। ‘ਉੱਚ ਵਿਦਿਅਕ ਸੰਸਥਾਵਾਂ ਲਈ ਮਾਨਸਿਕ ਸਿਹਤ ਅਤੇ ਤੰਦਰੁਸਤੀ ’ਤੇ ਇਕਸਾਰ ਨੀਤੀ’ ਵਿਸ਼ੇ 'ਤੇ ਚੰਡੀਗੜ੍ਹ ਵਿਖੇ ਕਰਵਾਈ ਗਈ ਇਸ ਕਾਨਫ਼ਰੰਸ ਵਿੱਚ ਪੰਜਾਬ ਦੀਆਂ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਨੇ ਸ਼ਿਰਕਤ ਕੀਤੀ।
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਕਾਨਫ਼ਰੰਸ ਵਿੱਚ ਆਪਣੇ ਸੰਬੋਧਨ ਦੌਰਾਨ ਵਿਸਥਾਰ ਵਿੱਚ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ, ਉਨ੍ਹਾਂ ਦੀ ਸਕਾਰਾਤਮਕ ਸਰਗਰਮੀ ਵਧਾਉਣ ਅਤੇ ਕਈ ਨਵੀਨਤਮ ਉਪਰਾਲਿਆਂ ਰਾਹੀਂ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਨੂੰ ਸਫਲਤਾਪੂਰਵਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ਼ ਲਾਗੂ ਕਰਨ ਬਾਰੇ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਹੋ ਰਹੇ ਕਾਰਜਾਂ ਅਤੇ ਇਸ ਦਿਸ਼ਾ ਵਿੱਚ ਉਠਾਏ ਜਾ ਰਹੇ ਕਾਰਜਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਇਸ ਦਿਸ਼ਾ ਵਿੱਚ ਹੋਰ ਕਾਰਜ ਕਰਨ ਲਈ ਪ੍ਰੇਰਿਆ।
ਇਸ ਉੱਚ-ਪੱਧਰੀ ਕਾਨਫ਼ਰੰਸ ਵਿੱਚ ਪੰਜਾਬ ਭਰ ਦੀਆਂ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਅਤੇ ਉੱਚ ਪ੍ਰਤੀਨਿਧਾਂ ਨੇ ਹਿੱਸਾ ਲਿਆ, ਜਿੱਥੇ ਉੱਚ ਸਿੱਖਿਆ ਨੂੰ ਮਜ਼ਬੂਤ ਕਰਨ, ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਸੁਧਾਰਨ, ਨਵੀਂ ਸਿੱਖਿਆ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਕੈਂਪਸਾਂ ਨੂੰ ਸਿਹਤਮੰਦ ਬਣਾਉਣ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਕਾਨਫ਼ਰੰਸ ਦੌਰਾਨ ਯੂ.ਜੀ.ਸੀ. ਦੇ ਜੁਆਇੰਟ ਸੈਕਟਰੀ ਡਾ. ਸੁਨੀਤਾ ਸਿਵਾਚ ਅਤੇ ਆਰ.ਐੱਮ.ਐੱਲ. ਹਸਪਤਾਲ, ਨਵੀਂ ਦਿੱਲੀ ਦੇ ਪ੍ਰਸਿੱਧ ਮਨੋਵਿਗਿਆਨੀ ਡਾ. ਆਰ. ਪੀ. ਬੇਨੀਵਾਲ ਨੇ ਵੀ ਮਾਨਸਿਕ ਸਿਹਤ ਸਬੰਧੀ ਵਿਸ਼ੇ 'ਤੇ ਆਪਣੇ ਅਹਿਮ ਵਿਚਾਰ ਪ੍ਰਗਟਾਏ।
ਪੰਜਾਬੀ ਯੂਨੀਵਰਸਿਟੀ ਦੀ ਤਾਜ਼ਾ ਖੋਜ ਰਾਹੀਂ ਦ੍ਰਿਸ਼ਟੀਹੀਣ ਵਿਅਕਤੀਆਂ ਲਈ ਵਿਕਸਿਤ ਕੀਤੀ ਗਈ ਤਕਨੀਕ
ਪਟਿਆਲਾ, 17 ਮਈ
ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਅਜਿਹੀ ਤਕਨੀਕ ਵਿਕਸਿਤ ਕੀਤੀ ਗਈ ਹੈ ਜੋ ਦ੍ਰਿਸ਼ਟੀਹੀਣ ਵਿਅਕਤੀਆਂ ਨੂੰ ਘਰਾਂ, ਦਫ਼ਤਰਾਂ ਅਤੇ ਹੋਰ ਜਨਤਕ ਇਮਾਰਤਾਂ ਦੇ ਅੰਦਰੂਨੀ ਹਿੱਸਿਆਂ ਵਿੱਚ ਸੁਰੱਖਿਅਤ ਤਰੀਕੇ ਨਾਲ਼ ਚਲਣ ਵਿੱਚ ਮਦਦਗਾਰ ਹੋ ਸਕਦੀ ਹੈ।
ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੀ ਖੋਜਾਰਥੀ ਡਾ. ਸੁਮਨਦੀਪ ਕੌਰ ਵੱਲੋਂ ਨਿਗਰਾਨ ਡਾ. ਲਖਵਿੰਦਰ ਕੌਰ ਅਤੇ ਸਹਿ-ਨਿਗਰਾਨ ਡਾ. ਮਦਨ ਲਾਲ ਦੀ ਅਗਵਾਈ ਵਿੱਚ ਕੀਤੀ ਇਸ ਖੋਜ ਨੂੰ ਅਕਾਦਮਿਕ ਪੱਧਰ 'ਤੇ ਵੀ ਮਾਨਤਾ ਮਿਲੀ ਹੈ ਅਤੇ ਇਸ ਦੇ ਨਤੀਜੇ ਉੱਚ ਮਿਆਰ ਵਾਲ਼ੇ ਐੱਸ.ਸੀ.ਆਈ.-ਸੂਚੀਬੱਧ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।
ਖੋਜਾਰਥੀ ਡਾ. ਸੁਮਨਦੀਪ ਕੌਰ ਨੇ ਦੱਸਿਆ ਕਿ ਇਹ ਖੋਜ ਕਾਰਜ ਰੀਅਲ-ਟਾਈਮ ਰੁਕਾਵਟ ਪਛਾਣ ਪ੍ਰਣਾਲੀ ਤਿਆਰ ਕਰਨ 'ਤੇ ਕੇਂਦਰਿਤ ਹੈ ਭਾਵ ਇਹ ਤਕਨੀਕ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਉਸੇ ਪਲ ਤੁਰੰਤ ਪਛਾਣ ਅਤੇ ਸਮਝ ਸਕਦੀ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਆਪਣੇ ਆਲੇ-ਦੁਆਲੇ ਦੇ ਮਾਹੌਲ ਨੂੰ ਸਕੈਨ ਕਰਦੀ ਹੈ ਅਤੇ ਰਸਤੇ ਵਿੱਚ ਖੜ੍ਹੀ ਜਾਂ ਚਲਦੀ ਕਿਸੇ ਵੀ ਚੀਜ਼ ਦੀ ਪਛਾਣ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਕਸਿਤ ਪ੍ਰਣਾਲੀ ਵੱਡੇ ਪੱਧਰ 'ਤੇ ਵੀਅਰੇਬਲ ਡਿਵਾਈਸ, ਸਮਾਰਟ ਨੇਵੀਗੇਸ਼ਨ ਸਿਸਟਮ ਅਤੇ ਏ.ਆਈ. ਅਧਾਰਿਤ ਹੈਲਥਕੇਅਰ ਹੱਲ ਵਿੱਚ ਵਰਤੀ ਜਾ ਸਕਦੀ ਹੈ। ਇਸ ਨੂੰ ਮੋਬਾਈਲ ਅਤੇ ਐਂਬੈਡਡ ਪਲੇਟਫਾਰਮਾਂ ਨਾਲ ਜੋੜ ਕੇ ਦ੍ਰਿਸ਼ਟੀਹੀਨ ਵਿਅਕਤੀਆਂ ਲਈ ਸਸਤੇ ਅਤੇ ਪ੍ਰਭਾਵਸ਼ਾਲੀ ਹੱਲ ਤਿਆਰ ਕੀਤੇ ਜਾ ਸਕਦੇ ਹਨ।
ਨਿਗਰਾਨ ਡਾ. ਲਖਵਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰਣਾਲੀ ਨੂੰ ਭਵਿੱਖ ਵਿੱਚ ਪ੍ਰੈਕਟੀਕਲ ਅਸਿਸਟਿਵ ਡਿਵਾਈਸ ਵਜੋਂ ਵਿਕਸਤ ਕੀਤੇ ਜਾ ਸਕਣ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਵਿੱਚ ਉੱਨਤ ਇਮੇਜ ਪ੍ਰੋਸੈਸਿੰਗ, ਸੈਗਮੈਂਟੇਸ਼ਨ ਤਕਨੀਕਾਂ ਅਤੇ ਡੀਪ ਲਰਨਿੰਗ ਆਧਾਰਿਤ ਮਾਡਲਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਇਸ ਖੋਜ ਦੀ ਸਮਾਜਿਕ ਮਹੱਤਤਾ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਦ੍ਰਿਸ਼ਟੀਹੀਨਤਾ ਕਾਰਨ ਵਿਅਕਤੀਆਂ ਦੀ ਆਜ਼ਾਦੀ ਘਟ ਜਾਂਦੀ ਹੈ ਅਤੇ ਉਹ ਹੋਰਾਂ 'ਤੇ ਨਿਰਭਰ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਜੀਵਨ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਅੰਦਰੂਨੀ ਵਾਤਾਵਰਣ ਵੀ ਕਈ ਵਾਰ ਬਦਲਦੇ ਰਹਿੰਦੇ ਹਨ, ਜਿਸ ਕਰਕੇ ਰੁਕਾਵਟਾਂ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਖੋਜ ਇਨ੍ਹਾਂ ਚੁਣੌਤੀਆਂ ਦਾ ਹੱਲ ਪੇਸ਼ ਕਰਦੀ ਹੈ ਅਤੇ ਦ੍ਰਿਸ਼ਟੀਹੀਣ ਵਿਅਕਤੀਆਂ ਲਈ ਸੁਤੰਤਰ, ਸੁਰੱਖਿਅਤ ਅਤੇ ਆਤਮਵਿਸ਼ਵਾਸੀ ਜੀਵਨ ਨੂੰ ਉਤਸ਼ਾਹਿਤ ਕਰਦੀ ਹੈ।
ਸਹਿ-ਨਿਗਰਾਨ ਡਾ. ਮਦਨ ਲਾਲ ਨੇ ਕਿਹਾ ਕਿ ਇਸ ਤਕਨੀਕ ਦੀ ਅਹਿਮ ਵਿਸ਼ੇਸ਼ਤਾ ਇਹ ਹੈ ਕਿ ਇਹ ਵਰਤੋਂਕਾਰ ਨੂੰ ਰੀਅਲ-ਟਾਈਮ ਆਡੀਟਰੀ ਫੀਡਬੈਕ (ਆਵਾਜ਼ ਰਾਹੀਂ ਚੇਤਾਵਨੀ) ਪ੍ਰਦਾਨ ਕਰਦੀ ਹੈ, ਜਿਸ ਨਾਲ਼ ਉਨ੍ਹਾਂ ਨੂੰ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਤੁਰੰਤ ਜਾਣਕਾਰੀ ਮਿਲਦੀ ਹੈ। ਇਹ ਵਿਸ਼ੇਸ਼ਤਾ ਵਰਤੋਂਕਾਰਾਂ ਦੀ ਕਿਸੇ ਸਥਾਨ ਅਤੇ ਸਥਿਤੀ ਸੰਬੰਧੀ ਸੂਝ ਨੂੰ ਵਧਾਉਂਦੀ ਹੈ ਅਤੇ ਉਹਨਾਂ ਨੂੰ ਖੁਦਮੁਖਤਿਆਰ ਤੌਰ 'ਤੇ ਸੁਰੱਖਿਅਤ ਤਰੀਕੇ ਨਾਲ ਰਸਤਾ ਤੈਅ ਕਰਨ ਦੇ ਫੈਸਲੇ ਕਰਨ ਯੋਗ ਬਣਾਉਂਦੀ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਖੋਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਖੋਜਾਂ ਜਿੱਥੇ ਇੱਕ ਪਾਸੇ ਸਮਾਜਕ ਚੁਣੌਤੀਆਂ ਦੇ ਹੱਲ ਸਬੰਧੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ, ਓਥੇ ਹੀ ਇਸ ਗੱਲ ਦਾ ਪ੍ਰਮਾਣ ਬਣਦੀਆਂ ਹਨ ਕਿ ਆਧੁਨਿਕ ਤਕਨੀਕਾਂ ਨੂੰ ਵਰਤ ਕੇ ਅਸਲ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਹੱਲ ਕੱਢਿਆ ਜਾ ਸਕਦਾ ਹੈ।
ਪੰਜਾਬੀ ਯੂਨੀਵਰਸਿਟੀ ਵੱਲੋਂ ਅੰਡਰ-ਗ੍ਰੈਜੂਏਟ ਅਤੇ ਹੋਰ ਕੋਰਸਾਂ ਵਿੱਚ ਦਾਖ਼ਲੇ ਦੀ ਮਿਤੀ ਵਿੱਚ ਵਾਧਾ
ਪਟਿਆਲਾ, 15 ਮਈ
ਪੰਜਾਬੀ ਯੂਨੀਵਰਸਿਟੀ ਵੱਲੋਂ ਬੈਚਲਰ ਕੋਰਸਾਂ ਅਤੇ ਪੰਜ ਸਾਲਾ ਯੂ.ਜੀ.-ਪੀ.ਜੀ. ਪ੍ਰੋਗਰਾਮ ਵਿੱਚ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ।
ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਡਾ. ਹਰਮਿੰਦਰ ਸਿੰਘ ਖੋਖਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਦਮਿਕ ਸੈਸ਼ਨ 2026-27 ਲਈ ਵੱਖ-ਵੱਖ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਅਰਜ਼ੀਆਂ ਹੁਣ ਬਿਨਾਂ ਲੇਟ ਫੀਸ ਦੇ 18 ਮਈ, 2026 (ਸ਼ਾਮ 5 ਵਜੇ) ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਪਹਿਲਾਂ ਇਹ ਮਿਤੀ 15 ਮਈ, 2026 ਨਿਰਧਾਰਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 10+2 (ਸੀਨੀਅਰ ਸੈਕੰਡਰੀ) ਪ੍ਰੀਖਿਆ ਦੇ ਨਤੀਜੇ ਹਾਲ ਹੀ ਵਿੱਚ ਘੋਸ਼ਿਤ ਹੋਏ ਹੋਣ ਕਾਰਨ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹਨਾਂ ਕੋਰਸਾਂ ਲਈ ਕਾਊਂਸਲਿੰਗ ਪਹਿਲਾਂ ਤੋਂ ਨਿਰਧਾਰਤ ਸ਼ਡਿਊਲ ਅਨੁਸਾਰ 25-26 ਮਈ 2026 ਨੂੰ ਹੀ ਹੋਵੇਗੀ।
ਡਾ. ਖੋਖਰ ਵੱਲੋਂ ਵਿਦਿਆਰਥੀਆਂ ਨੂੰ ਹੋਰ ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ ਯੂਨੀਵਰਸਿਟੀ ਦੇ ਅਧਿਕਾਰਿਤ ਦਾਖ਼ਲਾ ਪੋਰਟਲ www.pupadmissions.ac.in 'ਤੇ ਜਾਣ ਦੀ ਸਲਾਹ ਦਿੱਤੀ ਗਈ।
ਪੰਜਾਬੀ ਯੂਨੀਵਰਸਿਟੀ ਵਿਖੇ ਜਨਗਣਨਾ 2027 ਦੇ ਕਾਰਜਾਂ ਅਤੇ ਸਵੈ-ਗਣਨਾ ਮੁਹਿੰਮ ਦੀ ਹੋਈ ਸ਼ੁਰੂਆਤ
ਪਟਿਆਲਾ, 14 ਮਈ
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੱਜ ਯੂਨੀਵਰਸਿਟੀ ਕੈਂਪਸ ਵਿਖੇ ਜਨਗਣਨਾ 2027 ਦੇ ਕਾਰਜਾਂ ਅਤੇ ਸਵੈ-ਗਣਨਾ ਮੁਹਿੰਮ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ। ਡਾ. ਜਗਦੀਪ ਸਿੰਘ ਨੇ ਡਿਜੀਟਲ ਸਵੈ-ਗਣਨਾ ਵਿਧੀ ਰਾਹੀਂ ਆਪਣੇ ਨਿੱਜੀ ਵੇਰਵੇ ਕਰ ਪੋਰਟਲ 'ਤੇ ਦਾਇਰ ਕਰ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਨਗਣਨਾ ਸਿਰਫ਼ ਆਬਾਦੀ ਦੀ ਗਿਣਤੀ ਨਹੀਂ ਹੁੰਦੀ, ਸਗੋਂ ਦੇਸ਼ ਦੀਆਂ ਵਿਕਾਸ ਨੀਤੀਆਂ ਦੀ ਬੁਨਿਆਦ ਹੁੰਦੀ ਹੈ। ਪਹਿਲੀ ਵਾਰੀ ਡਿਜੀਟਲ ਤਕਨਾਲੋਜੀ ਨੂੰ ਸਵੈ-ਗਣਨਾ ਰਾਹੀਂ ਸ਼ਾਮਲ ਕਰਨ ਨਾਲ ਹਰ ਨਾਗਰਿਕ ਨੂੰ ਆਪਣੇ ਘਰ ਬੈਠੇ ਇਸ ਰਾਸ਼ਟਰੀ ਅਭਿਆਸ ਵਿੱਚ ਹਿੱਸਾ ਲੈਣ ਦੀ ਸ਼ਕਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਉਦਮ ਦੀ ਸਫਲਤਾ ਨੂੰ ਯਕੀਨੀ ਬਣਾਉਣਾ ਸਾਡਾ ਸਾਂਝਾ ਫ਼ਰਜ਼ ਹੈ।
ਪੰਜਾਬੀ ਯੂਨੀਵਰਸਿਟੀ ਦੇ ਸੈਂਸਸ਼ 2027 ਲਈ ਸਿਵਲ ਸਪੈਸ਼ਲ ਚਾਰਜ ਅਫਸਰ ਇੰਜ. ਮਨਪ੍ਰੀਤ ਸਿੰਘ ਬੂਢੈਲ ਨੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੂਰ-ਅੰਦੇਸ਼ੀ ਮਾਰਗਦਰਸ਼ਨ ਹੇਠ 13 ਗਿਣਤੀਕਾਰਾਂ ਅਤੇ ਇੱਕ ਸੁਪਰਵਾਈਜ਼ਰ ਦੀ ਸਮਰਪਿਤ ਟੀਮ ਘਰ ਸੂਚੀਕਰਨ ਕਾਰਜ (ਐੱਚ.ਐੱਲ.ਓ.) ਅਤੇ ਜਨਗਣਨਾ 2027 ਨੂੰ ਪੂਰੀ ਸ਼ੁੱਧਤਾ ਅਤੇ ਵਚਨਬੱਧਤਾ ਨਾਲ ਅੰਜਾਮ ਦੇਣ ਲਈ ਤਿਆਰ ਹੈ।
ਇਸ ਮੌਕੇ ਇੰਜ. ਹਰਮਿੰਦਰ ਪਾਲ ਸਿੰਘ ਸੈਣੀ (ਸਿਸਟਮ ਅਡਮਿਨਿਸਟਰੇਟਰ), ਸ਼੍ਰੀ ਲਖਵਿੰਦਰ ਸਿੰਘ (ਸੁਪਰਵਾਈਜ਼ਰ), ਸ਼੍ਰੀਮਤੀ ਰਮਨਜੀਤ ਕੌਰ, ਸ਼੍ਰੀ ਦੀਪਕ, ਸ਼੍ਰੀ ਕੁਲਜੀਤ ਸਿੰਘ, ਸ਼੍ਰੀ ਰਾਜ ਕੁਮਾਰ, ਸ਼੍ਰੀਮਤੀ ਰਿਤੂ ਚੋਪੜਾ (ਗਿਣਤੀਕਾਰ) ਅਤੇ ਸ਼੍ਰੀਮਤੀ ਮਲਕੀਤ ਕੌਰ ਵੀ ਹਾਜ਼ਰ ਸਨ।
ਪੰਜਾਬੀ ਯੂਨੀਵਰਸਿਟੀ ਵਿਖੇ 'ਪ੍ਰੀਖਿਆ ਸਬੰਧੀ ਤਣਾਅ ਦਾ ਪ੍ਰਬੰਧਨ' ਵਿਸ਼ੇ 'ਤੇ ਚੱਲ ਰਹੀ ਹਫ਼ਤਾਵਾਰੀ ਵਰਕਸ਼ਾਪ ਲੜੀ ਸੰਪੰਨ
ਪਟਿਆਲਾ, 13 ਮਈ
ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਵਿਦਿਆਰਥੀ ਭਲਾਈ ਵੱਲੋਂ ਵੱਖ-ਵੱਖ ਹੋਸਟਲਾਂ ਵਿੱਚ ਚੱਲ ਰਹੀ ਹਫ਼ਤਾਵਾਰੀ ਵਰਕਸ਼ਾਪ ਲੜੀ ਸਫਲਤਾਪੂਰਵਕ ਸੰਪੰਨ ਹੋ ਗਈ ਹੈ। 'ਪ੍ਰੀਖਿਆ ਸਬੰਧੀ ਤਣਾਅ ਦਾ ਪ੍ਰਬੰਧਨ' ਵਿਸ਼ੇ 'ਤੇ ਕਰਵਾਈ ਗਈ ਇਸ ਵਰਕਸ਼ਾਪ ਲੜੀ ਦੇ ਵਿਦਾਇਗੀ ਸਮਾਰੋਹ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਇੱਕ ਹਫ਼ਤੇ ਦੇ ਅਰਸੇ ਦੌਰਾਨ ਕੈਂਪਸ ਦੇ 15 ਹੋਸਟਲਾਂ ਵਿੱਚ ਕੁੱਲ 14 ਵਰਕਸ਼ਾਪਾਂ ਲਗਾਈਆਂ ਗਈਆਂ। ਅੱਠ ਮਾਨਸਿਕ ਸਿਹਤ ਰਾਜਦੂਤਾਂ ਨੇ ਹੋਸਟਲ ਵਾਰਡਨਾਂ ਦੇ ਸਹਿਯੋਗ ਨਾਲ਼ ਵਿਦਿਆਰਥੀਆਂ ਨਾਲ਼ ਸਿੱਧਾ ਰਾਬਤਾ ਕਾਇਮ ਕੀਤਾ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਹੋਣ ਵਾਲੀ ਘਬਰਾਹਟ ਦੀ ਸਥਿਤੀ ਨਾਲ਼ ਨਜਿੱਠਣ ਲਈ ਵਿਹਾਰਕ ਨੁਕਤੇ ਸਿਖਾਏ ਗਏ।
ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਅਕਾਦਮਿਕ ਕਾਰਗੁਜ਼ਾਰੀ ਵਿਚਕਾਰ ਸੰਤੁਲਨ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਕੇਵਲ ਅਕਾਦਮਿਕ ਮੁਲਾਂਕਣ ਦਾ ਜ਼ਰੀਆ ਹਨ, ਨਾ ਕਿ ਜੀਵਨ ਦੀ ਅੰਤਿਮ ਚੁਣੌਤੀ, ਇਸ ਲਈ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੇ ਮਾਨਸਿਕ ਦਬਾਅ ਹੇਠ ਆਉਣ ਦੀ ਬਜਾਏ ਆਤਮ-ਵਿਸ਼ਵਾਸ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਵਿਦਿਆਰਥੀਆਂ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਡੀਨ ਵਿਦਿਆਰਥੀ ਭਲਾਈ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਇੱਕ ਸਿਹਤਮੰਦ ਅਕਾਦਮਿਕ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਸ ਵਰਕਸ਼ਾਪ ਦੌਰਾਨ ਸੇਵਾਵਾਂ ਨਿਭਾਉਣ ਵਾਲੇ 'ਮੈਂਟਲ ਹੈਲਥ ਐਂਬੈਸਡਰਜ਼' ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਵਲੰਟੀਅਰਾਂ ਰਾਹੀਂ ਵਿਦਿਆਰਥੀਆਂ ਦੀਆਂ ਨਿੱਜੀ ਅਤੇ ਮਾਨਸਿਕ ਮੁਸ਼ਕਿਲਾਂ ਦਾ ਹੱਲ ਹੋਸਟਲ ਪੱਧਰ 'ਤੇ ਹੋਣਾ ਇੱਕ ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਪ੍ਰੋਵੋਸਟ ਡਾ. ਸੁਖਵਿੰਦਰ ਸਿੰਘ ਸਰਾ, ਵਧੀਕ ਪ੍ਰੋਵੋਸਟ (ਲੜਕੀਆਂ) ਡਾ. ਜਗਪ੍ਰੀਤ ਕੌਰ ਅਤੇ ਕਾਊਂਸਲਰ ਡਾ. ਰੂਬੀ ਗੁਪਤਾ ਹਾਜ਼ਰ ਰਹੇ।
With warm regards,
ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿੰਗਾਂ ਵਿੱਚ ਦਾਖ਼ਲੇ ਲਈ 31 ਮਈ ਨੂੰ ਹੋਣਗੇ ਟਰਾਇਲ
ਪਟਿਆਲਾ, 12 ਮਈ
ਪੰਜਾਬੀ ਯੂਨੀਵਰਸਿਟੀ ਵਿਖੇ ਸੈਸ਼ਨ 2026-27 ਦੌਰਾਨ ਦਾਖ਼ਲਾ ਲੈਣ ਦੇ ਚਾਹਵਾਨ ਖਿਡਾਰੀਆਂ (ਪੁਰਸ਼ ਅਤੇ ਮਹਿਲਾ) ਲਈ ਖੇਡ ਵਿੰਗ ਦੇ ਟਰਾਇਲ 31 ਮਈ 2026 ਨੂੰ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਦੇ ਆਦੇਸ਼ਾਂ ਅਨੁਸਾਰ ਕਰਵਾਏ ਜਾ ਰਹੇ ਇਹ ਟਰਾਇਲ ਸਪੋਰਟਸ ਕੰਪਲੈਕਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਹੋਰ ਨਿਸ਼ਚਿਤ ਸਥਾਨਾਂ ਵਿਖੇ ਸਵੇਰੇ 7 ਵਜੇ ਸ਼ੁਰੂ ਹੋਣਗੇ। ਯੂਨੀਵਰਸਿਟੀ ਕੈਂਪਸ, ਨੇਬਰਹੁੱਡ ਕੈਂਪਸ, ਕੰਸਟੀਚਿਊਂਟ ਕਾਲਜਾਂ ਅਤੇ ਯੂਨੀਵਰਸਿਟੀ ਅਧੀਨ ਆਉਂਦੇ ਹੋਰ ਕਾਲਜਾਂ ਵਿੱਚ ਕਿਸੇ ਵੀ ਕੋਰਸ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀ ਇਨ੍ਹਾਂ ਟਰਾਇਲਾਂ ਵਿੱਚ ਹਿੱਸਾ ਲੈ ਸਕਦੇ ਹਨ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਸਬੰਧੀ ਹੋਣਹਾਰ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਟਰਾਇਲਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ਉਹ ਉੱਚ ਵਿਦਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਆਪਣਾ ਨਾਮ ਰੌਸ਼ਨ ਕਰਨ ਲਈ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜ ਸਕਣ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਅਕਾਦਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਹਮੇਸ਼ਾ ਹੀ ਵਿਲੱਖਣ ਪਛਾਣ ਰਹੀ ਹੈ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਖਿਡਾਰੀਆਂ ਨੂੰ ਹਰ ਸੰਭਵ ਸਹੂਲਤਾਂ, ਅਤਿ-ਆਧੁਨਿਕ ਬੁਨਿਆਦੀ ਢਾਂਚਾ ਅਤੇ ਬਿਹਤਰ ਕੋਚਿੰਗ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਟਰਾਇਲਾਂ ਦੀ ਮਹੱਤਤਾ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੇਡ ਖੇਤਰ ਦੀਆਂ ਨਵੀਆਂ ਪ੍ਰਤਿਭਾਵਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਤਰਾਸ਼ਣ ਲਈ ਇਹ ਇੱਕ ਸੁਨਹਿਰੀ ਮੌਕਾ ਹੁੰਦਾ ਹੈ, ਜਿਸ ਦਾ ਦੋਹੇਂ ਧਿਰਾਂ ਭਾਵ ਹੋਣਹਾਰ ਖਿਡਾਰੀਆਂ ਅਤੇ ਅਦਾਰੇ ਨੂੰ ਭਵਿੱਖ ਵਿੱਚ ਵੱਡਾ ਲਾਭ ਹੁੰਦਾ ਹੈ।
ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਟਰਾਇਲਾਂ ਸਬੰਧੀ ਵਧੇਰੇ ਜਾਣਕਾਰੀ ਅਤੇ ਸਪੋਰਟਸ ਵਿੰਗ ਦਾ ਦਾਖ਼ਲਾ ਫਾਰਮ ਪ੍ਰਾਪਤ ਕਰਨ ਲਈ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ www.punjabiuniversity.ac.in 'ਤੇ ਜਾ ਕੇ ਡਾਇਰੈਕਟੋਰੇਟ ਆਫ਼ ਸਪੋਰਟਸ ਇਮਪੋਰਟੈਂਟ ਨੋਟਿਸਜ਼' ਵਾਲ਼ਾ ਸੈਕਸ਼ਨ ਚੈੱਕ ਕਰ ਸਕਦੇ ਹਨ।
ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਆਹੂਜਾ ਦੇ ਮਹਾਂਕਾਵਿ ’ਤੇ ਹੋਈ ਵਿਚਾਰ ਗੋਸ਼ਟੀ
ਪਟਿਆਲਾ, 11 ਮਈ
ਪੰਜਾਬੀ ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ ਦਫ਼ਤਰ ਵੱਲੋਂ ਕਵੀ ਡਾ. ਜਗਦੀਪ ਕੌਰ ਆਹੂਜਾ ਦੇ ਮਹਾਂਕਾਵਿ 'ਕਲਿਜੁਗਿ ਪ੍ਰਮਾਣੁ ਨਾਨਕ ਗੁਰੁ' ਦਾ ਲੋਕ ਅਰਪਣ ਕਰਦਿਆਂ ਵਿਚਾਰ ਗੋਸ਼ਟੀ ਸਮਾਗਮ ਕਰਵਾਇਆ ਗਿਆ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਪੂਰੀ ਦੁਨੀਆਂ ਲਈ ਹਮੇਸ਼ਾ ਰਾਹ-ਦਸੇਰਾ ਬਣ ਕੇ ਚੱਲੇ। ਅਸੀਂ ਨਿੱਤ ਉਹਨਾਂ ਦੀ ਬਾਣੀ ਤੋਂ ਊਰਜਾ ਲੈ ਕੇ ਜੀਵਨ ਦੀਆਂ ਗਤੀਵਿਧੀਆਂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਡਾ. ਅਹੂਜਾ ਵਧਾਈ ਦੀ ਪਾਤਰ ਹੈ ਕਿ ਉਸ ਨੇ ਗੁਰੂ ਸਾਹਿਬ ਦੇ ਹਵਾਲੇ ਨਾਲ਼ ਇਸ ਮਹਾਂਕਾਵਿ ਦਾ ਕਾਰਜ ਸੰਪੰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਲੇਖਕ ਦੀ ਆਪਣੀ ਸਿਰਜਣ ਸ਼ਕਤੀ ਹੁੰਦੀ ਹੈ ਜਿਸ ਜ਼ਰੀਏ ਉਹ ਸੰਕਲਪਾਂ ਨੂੰ ਨਵੀਂ ਪਰਿਭਾਸ਼ਾ ਦਿੰਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਮਹਾਂਕਾਵਿ ਗੁਰੂ ਨਾਨਕ ਸਾਹਿਬ ਦੇ ਸੰਕਲਪਾਂ ਨੂੰ ਲੋਕਾਈ ਤੱਕ ਪਹੁੰਚਾਏਗਾ।
ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ ਸ. ਸਤਬੀਰ ਸਿੰਘ, ਪ੍ਰਧਾਨ, ਵਿਸ਼ਵ ਪੰਜਾਬੀ ਸਾਹਿਤ ਸਭਾ, ਕਨੇਡਾ ਨੇ ਕਿਹਾ ਕਿ ਇਸ ਮਹਾਂਕਾਵਿ ਦੀ ਭਾਸ਼ਾ ਬਹੁਤ ਸਰਲ ਅਤੇ ਸਪੱਸ਼ਟ ਹੈ।
ਡੀਨ, ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ਲਈ ਕਾਰਜ ਕਰਦੀ ਹੈ। ਇਸ ਖੇਤਰ ਨਾਲ ਜੁੜੇ ਵਿਅਕਤੀਆਂ ਨੂੰ ਪਲੇਟਫ਼ਾਰਮ ਪ੍ਰਦਾਨ ਕਰਨਾ ਸਾਡਾ ਮੁੱਢਲਾ ਕਾਰਜ ਹੈ।
ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ ਅਤੇ ਡਾ. ਬਲਵਿੰਦਰ ਕੌਰ ਸਿੱਧੂ, ਡੀਨ, ਭਾਸ਼ਾਵਾਂ ਨੇ ਸੁਆਗਤੀ ਸ਼ਬਦ ਸਾਂਝੇ ਕੀਤੇ।
ਇਸ ਮੌਕੇ ਡੀਨ ਖੋਜ ਡਾ. ਰਿਤੂ ਲਹਿਲ, ਸਿੱਖ ਵਿਸ਼ਵ ਕੋਸ਼ ਵਿਭਾਗ ਦੇ ਮੁਖੀ ਡਾ. ਪਰਮਵੀਰ ਸਿੰਘ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ, ਹਿੰਦੀ ਵਿਭਾਗ ਦੇ ਮੁਖੀ ਡਾ. ਰਜਨੀ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਧਰਮਜੀਤ ਸਿੰਘ, ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਪੁਸ਼ਪਿੰਦਰ ਜੋਸ਼ੀ, ਵਿਦੇਸ਼ੀ ਭਾਸ਼ਾਵਾਂ ਵਿਭਾਗ ਦੇ ਮੁਖੀ ਡਾ. ਮਯੰਕ ਆਨੰਦ, ਫ਼ਾਰਸੀ, ਉਰਦੂ ਤੇ ਅਰਬੀ ਵਿਭਾਗ ਦੇ ਮੁਖੀ ਡਾ. ਰਹਿਮਾਨ ਅਖ਼ਤਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਮੁਖੀ ਡਾ. ਹਰਵਿੰਦਰਪਾਲ ਕੌਰ ਤੋਂ ਇਲਾਵਾ ਡਾ. ਪਰਮੀਤ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਨਵਜੋਤ ਖੋਸਲਾ, ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼, ਮਲੇਰਕੋਟਲਾ ਤੋਂ ਪ੍ਰੋਫ਼ੈਸਰ ਡਾ. ਰੁਬੀਨਾ ਸ਼ਬਨਮ, ਸ੍ਰੀ ਭਗਵਾਨ ਦਾਸ ਗੁਪਤਾ ਆਦਿ ਹਾਜਰ ਸਨ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਅਗਵਾਈ ਟੀਮ ਨੂੰ ਵਧਾਈ ਦਿੰਦਿਆਂ ਖੋਜ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਨਿਵੇਕਲੀਆਂ ਖੋਜਾਂ ਨਾ ਸਿਰਫ਼ ਯੂਨੀਵਰਸਿਟੀ ਦਾ ਅਕਾਦਮਿਕ ਮਿਆਰ ਉੱਚਾ ਚੁੱਕਦੀਆਂ ਹਨ, ਸਗੋਂ ਉਦਯੋਗਿਕ ਸਮੱਸਿਆਵਾਂ ਦੇ ਸਸਤੇ ਅਤੇ ਟਿਕਾਊ ਹੱਲ ਲੱਭਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਵਰਗੀ ਊਰਜਾ-ਬਚਤ ਤਕਨੀਕ ਭਵਿੱਖ ਵਿੱਚ ਨਿਰਮਾਣ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਵੇਗੀ।
ਪੰਜਾਬੀ ਯੂਨੀਵਰਸਿਟੀ ਦੀ ਤਾਜ਼ਾ ਖੋਜ ਰਾਹੀਂ ਵੈਲਡਿੰਗ ਨਾਲ਼ ਧਾਤਾਂ ਜੋੜਨ ਦੀ ਨਵੀਂ ਤਕਨੀਕ ਕੀਤੀ ਵਿਕਸਿਤ
ਪਟਿਆਲਾ, 10 ਮਈ
ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਵੈਲਡਿੰਗ ਨਾਲ਼ ਧਾਤਾਂ ਜੋੜਨ ਦੀ ਇੱਕ ਅਹਿਮ ਤਕਨੀਕ ਵਿਕਸਿਤ ਗਈ ਹੈ। ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿਖੇ ਖੋਜਾਰਥੀ ਡਾ. ਡੀ. ਐੱਸ. ਸਹੋਤਾ ਨੇ ਪੰਜਾਬੀ ਯੂਨੀਵਰਸਿਟੀ ਤੋਂ ਨਿਗਰਾਨ ਡਾ. ਵਿਨੋਦ ਕੁਮਾਰ ਅਤੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਤੋਂ ਸਹਿ-ਨਿਗਰਾਨ ਡਾ. ਅਮਿਤ ਬਾਂਸਲ ਦੀ ਅਗਵਾਈ ਵਿੱਚ ਕੀਤੀ ਇਸ ਖੋਜ ਰਾਹੀਂ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਤਕਨੀਕ ਦੀ ਵਰਤੋਂ ਨਾਲ਼ ਵੈਲਡਿੰਗ ਦਾ ਇੱਕ ਨਵਾਂ ਢੰਗ ਵਿਕਸਿਤ ਕੀਤਾ ਹੈ, ਜੋ ਵੱਖ-ਵੱਖ ਧਾਤ ਸਮੱਗਰੀ ਨੂੰ ਵੈਲਡਿੰਗ ਕਰਨ ਦੀ ਪ੍ਰਕਿਰਿਆ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ।
ਖੋਜਾਰਥੀ ਡਾ. ਡੀ. ਐੱਸ. ਸਹੋਤਾ ਨੇ ਦੱਸਿਆ ਕਿ ਇਸ ਖੋਜ ਰਾਹੀਂ ਪਹਿਲੀ ਵਾਰ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਤਕਨੀਕ ਦੀ ਵਰਤੋਂ ਕਰਦਿਆਂ ਉਸ ਤੋਂ ਧਾਤ ਦੇ ਵੈਲਡਿੰਗ ਦਾ ਕੰਮ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੈਲਡਿੰਗ ਇੱਕ ਅਜਿਹਾ ਖੇਤਰ ਹੈ ਜੋ ਆਮ ਤੌਰ 'ਤੇ ਧਾਤਾਂ ਦੀ ਪ੍ਰਤੀਬਿੰਬੀ ਪ੍ਰਕਿਰਤੀ ਕਾਰਨ ਆਮ ਕਮਰੇ ਦੇ ਤਾਪਮਾਨ 'ਤੇ ਹਮੇਸ਼ਾ ਚੁਣੌਤੀਪੂਰਨ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮਾਈਕ੍ਰੋਵੇਵ ਊਰਜਾ ਨਾਲ਼ ਅਣੂ ਪੱਧਰ 'ਤੇ ਹੀ ਅੰਦਰੂਨੀ ਤੌਰ 'ਤੇ ਗਰਮੀ ਪੈਦਾ ਹੁੰਦੀ ਹੈ। ਇਸ ਊਰਜਾ ਦੇ ਉਪਯੋਗ ਨਾਲ਼ ਵੈਲਡਿੰਗ ਦਾ ਪ੍ਰੋਸੈਸਿੰਗ ਸਮਾਂ ਘਟਦਾ ਹੈ ਅਤੇ ਵਰਤੀ ਗਈ ਧਾਤ ਸਮੱਗਰੀ ਦੀਆਂ ਵਿਸ਼ੇਸ਼ਤਾਵਾਂ ਵਿੱਚ ਵੀ ਸੁਧਾਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਵਿੱਚ ਵੈਲਡਿੰਗ ਦੇ ਰਵਾਇਤੀ ਤਰੀਕਿਆਂ ਨਾਲ਼ੋਂ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਇਕਸਾਰ ਹੀਟਿੰਗ ਮਕੈਨਿਜ਼ਮ ਸਾਹਮਣੇ ਆਇਆ ਹੈ।
ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ ਖੋਜ ਰਾਹੀਂ ਇਹ ਸਾਹਮਣੇ ਆਇਆ ਕਿ ਮਾਈਕ੍ਰੋਵੇਵ ਰੇਡੀਏਸ਼ਨ ਨਾਲ਼ ਧਾਤ ਗਰਮ ਕਰਨ 'ਤੇ 10 ਤੋਂ 100 ਗੁਣਾ ਘੱਟ ਊਰਜਾ ਦੀ ਵਰਤੋਂ ਹੁੰਦੀ ਹੈ ਅਤੇ 10 ਤੋਂ 200 ਗੁਣਾ ਘੱਟ ਸਮਾਂ ਲੱਗਦਾ ਹੈ । ਇਸ ਖੋਜ ਵਿੱਚ ਵਿਆਪਕ ਤੌਰ 'ਤੇ ਵਰਤੇ ਜਾਣ ਵਾਲੇ ਸਟੇਨਲੈਸ ਸਟੀਲ ਗਰੇਡ, ਫੈਰਿਟਿਕ ਸਟੇਨਲੈਸ ਸਟੀਲ (ਐੱਫ. ਐੱਸ. ਐੱਸ.-430) ਅਤੇ ਔਸਟੇਨਾਈਟ ਸਟੇਨਲੈਸ ਸਟੀਲ (SS-316ਐੱਲ) ਨੂੰ ਸਫਲਤਾਪੂਰਵਕ ਜੋੜਿਆ ਗਿਆ। ਇਹ ਸਫਲਤਾ ਇੱਕੋ ਧਾਤ ਦੇ ਟੁਕੜਿਆਂ ਦੇ ਆਪਸੀ ਜੋੜ ਲਗਾਉਣ ਤੋਂ ਇਲਾਵਾ ਵੱਖ-ਵੱਖ ਧਾਤਾਂ ਦੇ ਟੁਕੜਿਆਂ ਦੇ ਜੋੜ ਲਗਾਉਣ ਵਿੱਚ ਵੀ ਵੇਖਣ ਨੂੰ ਮਿਲੀ। ਉਨ੍ਹਾਂ ਦੱਸਿਆ ਕਿ ਖੋਜ ਸਮੇਂ ਉੱਚ ਪੱਧਰੀ ਪ੍ਰਯੋਗੀ ਤਕਨੀਕਾਂ ਦੀ ਵਰਤੋਂ ਕੀਤੀ ਗਈ, ਜਿਸ ਵਿੱਚ ਨਿੱਕਲ-ਆਧਾਰਿਤ ਅਤੇ ਸਟੇਨਲੈਸ ਸਟੀਲ ਫਿਲਰ ਸਮੱਗਰੀ ਨੂੰ ਮਾਈਕ੍ਰੋਨ ਅਤੇ ਨੈਨੋ ਆਕਾਰ ਵਿੱਚ ਵਰਤਿਆ ਗਿਆ। ਇਹ ਪ੍ਰਯੋਗ 2.45 ਗੀਗਾ ਹਰਟਜ਼ ਅਤੇ 1.1 ਕਿਲੋਵਾਟ ਸਮਰੱਥਾ ਵਾਲੀ ਉਦਯੋਗਿਕ ਮਾਈਕ੍ਰੋਵੇਵ ਪ੍ਰਣਾਲੀ ਵਿੱਚ ਕੀਤੇ ਗਏ।
ਡਾ. ਅਮਿਤ ਬਾਂਸਲ ਨੇ ਦੱਸਿਆ ਕਿ ਵੱਖ-ਵੱਖ ਵਿਸ਼ਲੇਸ਼ਣਾਂ ਉਪਰੰਤ ਇਸ ਖੋਜ ਨੇ ਸਾਬਤ ਕੀਤਾ ਹੈ ਕਿ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਤਕਨੀਕ ਧਾਤੂ ਸਮੱਗਰੀਆਂ ਨੂੰ ਮਜ਼ਬੂਤੀ ਅਤੇ ਭਰੋਸੇਯੋਗਤਾ ਨਾਲ ਜੋੜਨ ਲਈ ਇੱਕ ਪ੍ਰਭਾਵਸ਼ਾਲੀ ਢੰਗ ਹੈ। ਉਨ੍ਹਾਂ ਦੱਸਿਆ ਕਿ ਐਕਸ-ਰੇ ਡਿਫਰੈਕਸ਼ਨ, ਆਪਟੀਕਲ ਮਾਈਕ੍ਰੋਸਕੋਪੀ ਅਤੇ ਫੀਲਡ ਐਮੀਸ਼ਨ ਸਕੈਨਿੰਗ ਇਲੈਕਟ੍ਰਾਨ ਮਾਈਕ੍ਰੋਸਕੋਪੀ ਵਰਗੀਆਂ ਤਕਨੀਕਾਂ ਰਾਹੀਂ ਕੀਤੇ ਵਿਸਤ੍ਰਿਤ ਵਿਸ਼ਲੇਸ਼ਣ ਨੇ ਦਰਸਾਇਆ ਕਿ ਇਸ ਤਕਨੀਕ ਨਾਲ਼ ਲਗਾਏ ਜੋੜ ਉੱਚ-ਗੁਣਵੱਤਾ ਵਾਲ਼ੇ ਹਨ। ਖ਼ਾਸ ਕਰਕੇ, ਨੈਨੋ ਆਕਾਰ ਦੇ ਫਿਲਰ ਮਟੀਰੀਅਲ ਨਾਲ਼ ਲੱਗੇ ਜੋੜਾਂ ਵਿੱਚ ਵਧੀਆ ਕਠੋਰਤਾ ਵੇਖਣ ਨੂੰ ਮਿਲੀ ਹੈ, ਜੋ ਸੰਘਣੀ ਅਤੇ ਇਕਸਾਰ ਮਾਈਕ੍ਰੋਸਟਰਕਚਰ ਕਾਰਨ ਸੰਭਵ ਹੋਇਆ। ਉਨ੍ਹਾਂ ਦੱਸਿਆ ਕਿ ਇਹ ਖੋਜ ਉਦਯੋਗਿਕ ਖੇਤਰ ਵਿੱਚ ਨਵੇਂ ਮੌਕੇ ਪੈਦਾ ਕਰਦੀ ਹੈ। ਇਸ ਖੋਜ ਦੇ ਇਹ ਨਤੀਜੇ ਭਵਿੱਖੀ ਖੋਜ ਲਈ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਹਨ ਜਿਸ ਨਾਲ਼ ਭਵਿੱਖ ਵਿੱਚ ਧਾਤੂਆਂ ਨੂੰ ਜੋੜਨ ਦੀ ਕਾਰਗੁਜ਼ਾਰੀ ਹੋਰ ਸੁਧਾਰੀ ਜਾ ਸਕਦੀ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਅਗਵਾਈ ਟੀਮ ਨੂੰ ਵਧਾਈ ਦਿੰਦਿਆਂ ਖੋਜ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਨਿਵੇਕਲੀਆਂ ਖੋਜਾਂ ਨਾ ਸਿਰਫ਼ ਯੂਨੀਵਰਸਿਟੀ ਦਾ ਅਕਾਦਮਿਕ ਮਿਆਰ ਉੱਚਾ ਚੁੱਕਦੀਆਂ ਹਨ, ਸਗੋਂ ਉਦਯੋਗਿਕ ਸਮੱਸਿਆਵਾਂ ਦੇ ਸਸਤੇ ਅਤੇ ਟਿਕਾਊ ਹੱਲ ਲੱਭਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਵਰਗੀ ਊਰਜਾ-ਬਚਤ ਤਕਨੀਕ ਭਵਿੱਖ ਵਿੱਚ ਨਿਰਮਾਣ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਵੇਗੀ।
ਪੰਜਾਬੀ ਯੂਨੀਵਰਸਿਟੀ ਵਿਖੇ ਕੌਮਾਂਤਰੀ ਯੋਗ ਦਿਵਸ ਦੇ 100 ਦਿਨਾ ਕਾਊਂਟਡਾਊਨ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
ਪਟਿਆਲਾ, 6 ਮਈ
ਪੰਜਾਬੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਭਾਰਤ ਸਰਕਾਰ ਦੇ 'ਆਯੁਸ਼ ਮੰਤਰਾਲੇ' ਦੇ ਸਹਿਯੋਗ ਨਾਲ਼ ਅੱਜ ਯੂਨੀਵਰਸਿਟੀ ਦੇ ਫੁਟਬਾਲ ਗਰਾਊਂਡ ਵਿਖੇ ਇੱਕ ਵਿਸ਼ੇਸ਼ ਯੋਗ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ 'ਕੌਮਾਂਤਰੀ ਯੋਗਾ ਦਿਵਸ 2026' ਦੇ ਸਬੰਧ ਵਿੱਚ ਸ਼ੁਰੂ ਕੀਤੇ ਗਏ 100 ਦਿਨਾ ਕਾਊਂਟਡਾਊਨ ਦੇ ਜਸ਼ਨ ਵਜੋਂ ਕਰਵਾਇਆ ਗਿਆ। ਸਵੇਰੇ ਸ਼ੁਰੂ ਹੋਏ ਇਸ ਸਮਾਗਮ ਦੀ ਲਗਾਤਾਰਤਾ ਵਿੱਚ ਦਿਨ ਸਮੇਂ ਯੋਗ ਬਾਰੇ ਇੱਕ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਗਿਆ।
ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਸਵੇਰੇ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਅਜੋਕੇ ਦੌਰ ਦੀ ਭੱਜ-ਦੌੜ ਅਤੇ ਮਾਨਸਿਕ ਤਣਾਅ ਭਰੀ ਜ਼ਿੰਦਗੀ ਵਿੱਚ ਯੋਗ ਇੱਕ ਵਰਦਾਨ ਸਾਬਤ ਹੋ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਰੋਜ਼ਾਨਾ ਯੋਗ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਲਈਏ, ਤਾਂ ਅਸੀਂ ਨਾ ਸਿਰਫ਼ ਸਰੀਰਕ ਬਿਮਾਰੀਆਂ ਤੋਂ ਬਚ ਸਕਦੇ ਹਾਂ, ਸਗੋਂ ਆਪਣੀ ਕਾਰਜਕੁਸ਼ਲਤਾ ਅਤੇ ਇਕਾਗਰਤਾ ਵਿੱਚ ਵੀ ਵਾਧਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਵਿਦਿਆਰਥੀਆਂ ਦੀ ਸਰਵਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਆਯੁਸ਼ ਮੰਤਰਾਲੇ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਇਹ 100 ਦਿਨਾ ਕਾਊਂਟਡਾਊਨ ਪ੍ਰੋਗਰਾਮ ਸਮਾਜ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਕਦਮ ਹੈ।
ਇਸ ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪਹਿਲਕਦਮੀ 'ਸੀ. ਐੱਮ. ਦੀ ਯੋਗਸ਼ਾਲਾ' ਦੇ ਸਟੇਟ ਕੰਸਲਟੈਂਟ ਸ਼੍ਰੀ ਅਮਰੇਸ਼ ਕੁਮਾਰ ਝਾਅ ਅਤੇ ਸ਼੍ਰੀ ਕਮਲੇਸ਼ ਕੁਮਾਰ ਮਿਸ਼ਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਦੀ ਲਗਾਤਾਰਤਾ ਵਿੱਚ ਹੋਏ ਸੈਮੀਨਾਰ ਦੌਰਾਨ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਸੰਜੀਵ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਓਲੰਪੀਅਨ ਅਰੋਕਿਆ ਰਾਜੀਵ, ਸਵਾਮੀ ਦਿਨੇਸ਼ ਵਰਧਨ ਅਤੇ ਕਾਮਨਵੈਲਥ ਤਗ਼ਮਾ ਜੇਤੂ ਸ਼੍ਰੀ ਗੁਰਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ ਨੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਯੋਗ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹੈ, ਸਗੋਂ ਇਹ ਮਾਨਸਿਕ ਸ਼ਾਂਤੀ ਅਤੇ ਅਧਿਆਤਮਿਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਡਾ. ਨਿਸ਼ਾਨ ਸਿੰਘ ਦਿਉਲ ਨੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਨੂੰ ਨਿਰੋਗ ਅਤੇ ਖੁਸ਼ਹਾਲ ਬਣਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ।
ਆਯੁਸ਼ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੇਰ ਸਮੇਂ ਕਰਵਾਏ ਗਏ ਅਭਿਆਸ ਦੌਰਾਨ ਅਚਾਰੀਆ ਪਰਵਿੰਦਰ ਨੇ ਮੰਤਰਾਲੇ ਦੇ ਪ੍ਰੋਟੋਕੋਲ ਅਨੁਸਾਰ ਯੋਗ ਕਰਵਾਇਆ ਅਤੇ ਯੂਨੀਵਰਸਿਟੀ ਤੋਂ ਯੋਗ ਕੋਚ ਅਚਾਰੀਆ ਜਗਜੀਵਨ ਸਿੰਘ ਦੀ ਅਗਵਾਈ ਵਿੱਚ ਤਿਆਰ ਟੀਮ ਨੇ ਵੱਖ-ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਅਧਾਰਿਤ ਯੋਗ ਡੈਮੋ ਦੀ ਪੇਸ਼ਕਾਰੀ ਦਿੱਤੀ ।
ਪੰਜਾਬੀ ਯੂਨੀਵਰਸਿਟੀ ਵੱਲੋਂ ਕਾਂਸਟੀਚਿਊਟ ਕਾਲਜਾਂ ਦਾ ਸਾਂਝਾ ਪ੍ਰਾਸਪੈਕਟਸ ਜਾਰੀ
ਪਟਿਆਲਾ, 4 ਮਈ
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੱਜ ਨਵੇਂ ਵਿਦਿਅਕ ਸੈਸ਼ਨ 2026-27 ਲਈ ਯੂਨੀਵਰਸਿਟੀ ਦੇ ਕਾਂਸਟੀਚਿਊਂਟ ਕਾਲਜਾਂ ਦਾ ਸਾਂਝਾ ਪ੍ਰਾਸਪੈਕਟਸ ਜਾਰੀ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਵੱਲੋਂ ਇੱਕ ਨਵਾਂ ਸੌਫ਼ਟਵੇਅਰ ਵੀ ਲਾਂਚ ਕੀਤਾ ਗਿਆ, ਜੋ ਇਨ੍ਹਾਂ ਕਾਲਜਾਂ ਦੇ ਪ੍ਰਬੰਧਕੀ ਨਿਯੰਤਰਣ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਨਾਲ਼-ਨਾਲ਼ ਵਿਦਿਆਰਥੀਆਂ ਲਈ ਸਹੂਲਤ ਪ੍ਰਦਾਨ ਕਰੇਗਾ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਇਸ ਸਮੇਂ ਪੰਜਾਬ ਦੀਆਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ ਸਭ ਤੋਂ ਵੱਧ 13 ਕਾਂਸਟੀਚਿਊਂਟ ਕਾਲਜ ਚਲਾ ਰਹੀ ਹੈ, ਜਿਨ੍ਹਾਂ ਵਿੱਚ ਹਜ਼ਾਰਾਂ ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਸਨ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਦੂਰ-ਦਰਾਡੇ ਅਤੇ ਪੱਛੜੇ ਇਲਾਕਿਆਂ ਵਿੱਚ ਉਚੇਰੀ ਸਿੱਖਿਆ ਦੇ ਪਾਸਾਰ ਪੱਖੋਂ ਇਨ੍ਹਾਂ ਕਾਲਜਾਂ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਲਜ ਹਜ਼ਾਰਾਂ ਵਿਦਿਆਰਥੀਆਂ ਨੂੰ ਮਿਆਰੀ ਅਤੇ ਕਿਫ਼ਾਇਤੀ ਸਿੱਖਿਆ ਪ੍ਰਦਾਨ ਕਰ ਰਹੇ ਹਨ, ਜਿਸ ਨਾਲ਼ ਵਿਦਿਆਰਥੀ ਨਵੀਆਂ ਮੰਜ਼ਿਲਾਂ ਸਰ ਕਰ ਸਕਣ ਦੇ ਯੋਗ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਕਾਲਜ ਲੜਕੀਆਂ ਦੀ ਸਿੱਖਿਆ ਲਈ ਵਿਸ਼ੇਸ਼ ਤੌਰ 'ਤੇ ਵਰਦਾਨ ਸਾਬਤ ਹੋਏ ਹਨ, ਜਿਸ ਸਦਕਾ ਉਹ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵਿਚਰਦਿਆਂ ਆਪਣੀ ਪੜ੍ਹਾਈ ਜਾਰੀ ਰੱਖਣ ਦੇ ਸਮਰੱਥ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਅਕਾਦਮਿਕ ਸੈਸ਼ਨ ਤੋਂ ਕਈ ਨਵੇਂ ਰੁਜ਼ਗਾਰ-ਮੁਖੀ ਕੋਰਸ ਸ਼ੁਰੂ ਕੀਤੇ ਗਏ ਹਨ।
ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਆਪਣੇ ਇਨ੍ਹਾਂ ਕਾਲਜਾਂ ਦੇ ਸੁਚਾਰੂ ਪ੍ਰਬੰਧਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਕਾਲਜਾਂ ਦੇ ਕੰਮਕਾਜ ਨੂੰ ਵਧੇਰੇ ਪਾਰਦਰਸ਼ੀ ਅਤੇ ਸੁਚਾਰੂ ਬਣਾਇਆ ਗਿਆ ਹੈ।
ਇਸ ਮੌਕੇ ਕਾਲਜਾਂ ਨਾਲ਼ ਸਬੰਧਤ ਅਹਿਮ ਮੁੱਦਿਆਂ 'ਤੇ ਵੀ ਉੱਚ ਪੱਧਰੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਵਿੱਤ ਅਫ਼ਸਰ ਡਾ. ਬੀ. ਬੀ. ਸਿੰਗਲਾ ਅਤੇ ਡਾਇਰੈਕਟਰ ਕਾਂਸਟੀਚਿਊਂਟ ਕਾਲਜ ਡਾ. ਅਮਰ ਇੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਪੰਜਾਬੀ ਯੂਨੀਵਰਸਿਟੀ ਵਿਖੇ ਗਿਆਰਵੀਂ 'ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ' ਸਫਲਤਾਪੂਰਵਕ ਸੰਪੰਨ
ਪਟਿਆਲਾ, 3 ਮਈ
ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬੀ ਲੋਕਧਾਰਾ: ਪ੍ਰਾਪਤੀਆਂ ਅਤੇ ਸੰਭਾਵਨਾਵਾਂ' ਵਿਸ਼ੇ 'ਤੇ ਕਰਵਾਈ ਗਈ ਤਿੰਨ ਰੋਜ਼ਾ ਗਿਆਰਵੀਂ 'ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ' ਸਫਲਤਾਪੂਰਵਕ ਸੰਪੰਨ ਹੋ ਗਈ ਹੈ। ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਕਰਵਾਈ ਗਈ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਇਸ ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੀਤੀ ਗਈ।
ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੋਕਧਾਰਾ ਸਿਰਫ਼ ਬੀਤੇ ਦੀ ਪੇਸ਼ਕਾਰੀ ਨਹੀਂ, ਬਲਕਿ ਸਾਡੀ ਜੀਵੰਤ ਹੋਂਦ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਦੀਆਂ ਚੁਣੌਤੀਆਂ ਦੇ ਦੌਰ ਵਿੱਚ ਪੰਜਾਬੀ ਲੋਕਧਾਰਾ ਦੇ ਅਮੀਰ ਸਰਮਾਏ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਬਦਲਦੇ ਸਮਾਜਿਕ ਸਰੋਕਾਰਾਂ ਦੇ ਮੱਦੇਨਜ਼ਰ ਨਵੇਂ ਖੋਜਾਰਥੀਆਂ ਨੂੰ ਇਸ ਵਿਸ਼ੇ ਦੇ ਅਣਛੂਹੇ ਪਹਿਲੂਆਂ 'ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਵਿਸ਼ਵ ਭਰ ਦੇ ਵਿਦਵਾਨਾਂ ਨੂੰ ਇੱਕ ਮੰਚ 'ਤੇ ਲਿਆਉਣ ਅਤੇ ਮਾਂ-ਬੋਲੀ ਪੰਜਾਬੀ ਦੇ ਪਾਸਾਰ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ।
ਡਾ.ਰਜਿੰਦਰਪਾਲ ਸਿੰਘ ਬਰਾੜ ਵੱਲੋਂ ਆਪਣੇ ਵਿਦਾਇਗੀ ਭਾਸ਼ਣ ਦੌਰਾਨ ਵਰਤਮਾਨ ਦੌਰ ਵਿੱਚ ਲੋਕਧਾਰਾ ਦੇ ਖੇਤਰ ਵਿੱਚ ਵਾਪਰ ਰਹੇ ਵੱਡੇ ਪਰਿਵਰਤਨਾਂ ਸਬੰਧੀ ਮਹੱਤਵਪੂਰਨ ਨਕਤੇ ਉਠਾਏ। ਉਨ੍ਹਾਂ ਲੋਕਧਾਰਾ ਦੇ ਇਤਿਹਾਸ, ਉਸਾਰ ਅਤੇ ਰੂਪਾਂਤਰਣ ਦੇ ਵੱਖ-ਵੱਖ ਵਾਹਕਾਂ ਤੇ ਚਰਚਾ ਕਰਦਿਆਂ ਇਸ ਦੇ ਗਤੀਸ਼ੀਲ ਵਰਤਾਰਿਆਂ ਨੂੰ ਪ੍ਰੀਭਾਸ਼ਤ ਕਰਨ ਦਾ ਯਤਨ ਕੀਤਾ।
ਉੱਘੇ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ ਮੁੱਖ ਨੇ ਮਹਿਮਾਨ ਵਜੋਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਲੋਕਧਾਰਾ ਹੀ ਕਿਸੇ ਕੌਮ ਦੀ ਅਸਲ ਪਛਾਣ ਹੁੰਦੀ ਹੈ ਅਤੇ ਇਸ ਪਛਾਣ ਨੂੰ ਸੰਭਾਲਣ ਅਤੇ ਇਸ ਦਾ ਵਿਗਿਆਨਕ ਵਿਸ਼ਲੇਸ਼ਣ ਕਰਨ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।
ਵਿਭਾਗ ਮੁਖੀ ਡਾ.ਮੋਹਨ ਸਿੰਘ ਤਿਆਗੀ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਇਸ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਲਈ ਕਾਨਫ਼ਰੰਸ ਵਿੱਚ ਸ਼ਾਮਿਲ ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਭਾਗੀ ਅਮਲੇ ਦਾ ਧੰਨਵਾਦ ਕੀਤਾ।
ਵਿਭਾਗ ਅਧਿਆਪਕ ਡਾ.ਪਰਮੀਤ ਕੌਰ ਵੱਲੋਂ ਕਾਨਫ਼ਰੰਸ ਦੀਆਂ ਤਿੰਨ ਦਿਨ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਤੇ ਸੰਖੇਪ ਰਿਪੋਟ ਪੇਸ਼ ਕੀਤੀ ਗਈ।
ਜ਼ਿਕਰਯੋਗ ਹੈ ਕਿ ਪਹਿਲੇ ਦਿਨ ਦੇ ਮਹੱਤਵਪੂਰਨ ਸ਼ੈਸ਼ਨਾਂ ਵਿੱਚ ਵੱਖ-ਵੱਖ ਵਿਦਵਾਨਾਂ ਅਤੇ ਖੋਜਾਰਥੀਆਂ ਵੱਲੋਂ ਲੋਕਧਾਰਾ ਦੇ ਵੱਖ-ਵੱਖ ਵਿਸ਼ਿਆਂ ਤੇ ਮਹੱਤਵਪੂਰਨ ਖੋਜ-ਪੱਤਰ ਪੇਸ਼ ਕੀਤੇ ਗਏ। ਇਨ੍ਹਾਂ ਸ਼ੈਸ਼ਨਾਂ ਦੌਰਾਨ ਡਾ. ਚਰਨਜੀਤ ਕੌਰ, ਅਰਤਿੰਦਰ ਸੰਧੂ, ਡਾ. ਅਮਰਜੀਤ ਸਿੰਘ, ਡਾ. ਪਰਵੀਨ ਕੁਮਾਰ ਅਤੇ ਸ੍ਰੀ ਕਮਲ ਧਰਮਸੋਤ(ਅਮਰੀਕਾ) ਨੇ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਿਰਕਤ ਕੀਤੀ। ਕਾਨਫ਼ਰੰਸ ਦੇ ਪਹਿਲੇ ਦਿਨ ਸ਼ਾਮ ਨੂੰ ਵਿਭਾਗ ਵੱਲੋਂ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਵਿੱਚ ਕਿਰਪਾਲ ਕਜ਼ਾਕ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਪੰਜਾਬ ਦੀ ਲੋਕਧਾਰਾ ਦੀਆਂ ਖ਼ੂਬਸੂਰਤ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਕਾਨਫ਼ਰੰਸ ਦੇ ਦੂਸਰੇ ਦਿਨ ਪੰਜਾਬ ਦੀ ਲੋਕਧਾਰਾ ਤੇ ਕ੍ਰਮਵਾਰ ਚਾਰ ਸ਼ੈਸ਼ਨ ਆਯੋਜਿਤ ਕੀਤੇ ਗਏ। ਇਨ੍ਹਾਂ ਸ਼ੈਸ਼ਨਾਂ ਵਿੱਚ ਲੋਕਧਾਰਾ ਦੇ ਵੱਖ-ਵੱਖ ਪੱਖਾਂ ਤੇ ਵਿਦਵਾਨਾਂ ਅਤੇ ਖੋਜਾਰਥੀਆਂ ਵੱਲੋਂ ਬੜੇ ਮਹੱਤਵਪੂਰਨ ਪੇਪਰ ਪੜ੍ਹੇ ਗਏ। ਇਨ੍ਹਾਂ ਸ਼ੈਸ਼ਨਾਂ ਦੀ ਪ੍ਰਧਾਨਗੀ ਸ੍ਰੀ ਦਰਸ਼ਨ ਬੁੱਟਰ, ਡਾ.ਮਾਨ ਸਿੰਘ ਢੀਂਡਸਾ, ਡਾ.ਯੋਗਰਾਜ ਅੰਗਰਿਸ਼ ਅਤੇ ਰਾਜਵੰਤ ਕੌਰ ਪੰਜਾਬੀ ਦੁਆਰਾ ਕੀਤੀ ਗਈ ਜਦਕਿ ਡਾ.ਮੁਹੰਮਦ ਇਦਰੀਸ, ਡਾ. ਅਰਵਿੰਦਰ ਕੌਰ ਕਾਕੜਆ, ਡਾ.ਬਲਜੀਤ ਸਿੰਘ ਬੱਲੀ, ਸ੍ਰੀ ਬਲਵਿੰਦਰ ਧਾਲੀਵਾਲ, ਸ੍ਰੀ ਧਰਮ ਕੰਮੇਆਣਾ, ਸ੍ਰੀ ਬਲਵੰਤ ਭਾਟੀਆ, ਕੁਲਵਿੰਦਰ ਚਾਵਲਾ ਅਤੇ ਡਾ.ਗੁਰਮੀਤ ਸਿੰਘ ਸਿੱਧੂ, ਡਾ.ਪੁਸ਼ਪਿੰਦਰ ਕੌਰ ਅਤੇ ਡਾ.ਸੁਮਨਪ੍ਰੀਤ ਕੌਰ ਵਿਰਕ ਵੱਲੋਂ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ।
ਕਾਨਫ਼ਰੰਸ ਦੇ ਅੰਤਲੇ ਦਿਨ ਪੈਨਲ ਡਿਸਕਸ਼ਨ ਸ਼ੈਸ਼ਨ ਦੀ ਪ੍ਰਧਾਨਗੀ ਉੱਘੇ ਲੋਕਧਾਰਾ ਵਿਦਵਾਨ ਡਾ.ਭੁਪਿੰਦਰ ਸਿੰਘ ਖਹਿਰਾ ਵੱਲੋਂ ਕੀਤੀ ਗਈ। ਇਸ ਮਹੱਤਵਪੂਰਨ ਸ਼ੈਸ਼ਨ ਵਿੱਚ ਬਹਿਸ ਦੀ ਸ਼ੁਰੂਆਤ ਡਾ.ਸ਼ਤੀਸ਼ ਕੁਮਾਰ ਵਰਮਾ ਵੱਲੋਂ ਕੀਤੀ ਗਈ ਜਿਸਦੇ ਚਲਦਿਆਂ ਡਾ.ਮਾਨ ਸਿੰਘ ਢੀਂਡਸਾ, ਡਾ.ਗੁਰਨਾਇਬ ਸਿੰਘ ਅਤੇ ਡਾ.ਨਿਵੇਦਿਤਾ ਸਿੰਘ ਵੱਲੋਂ ਲੋਕਧਾਰਾ ਦੇ ਅਤੀਤ, ਵਰਤਮਾਨ ਅਤੇ ਭਵਿੱਖ ਸਬੰਧੀ ਬੜੀਆਂ ਮੱਲਵਾਨ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਲੋਕਧਾਰਾ ਦੇ ਖੇਤਰ ਵਿੱਚ ਦਰਪੇਸ਼ ਵੰਗਾਰਾਂ ਅਤੇ ਚੁਣੌਤੀਆਂ ਤੇ ਵੀ ਖੁੱਲ੍ਹ ਕੇ ਚਰਚਾ ਕੀਤੀ। ਸਾਰੇ ਵਿਦਵਾਨਾਂ ਦੀ ਇਹੀ ਸਾਂਝੀ ਰਾਇ ਸੀ ਕਿ ਲੋਕਧਾਰਾ ਇੱਕ ਗਤੀਸ਼ੀਲ ਵਰਤਾਰਾ ਹੈ ਅਤੇ ਇਸ ਵਿੱਚ ਲਗਾਤਾਰ ਰੂਪਾਂਤਰਣ ਦ੍ਰਿਸ਼ਟੀਗੋਚਰ ਹੁੰਦਾ ਰਹਿੰਦਾ ਹੈ।
ਕੰਪਨੀਆਂ ਦੇ ਆਪਸੀ ਰਲ਼ੇਵੇਂ ਨਾਲ਼ ਵਧਦੀ ਹੈ ਸਬੰਧਤ ਕੰਪਨੀਆਂ ਦੀ ਕੁਸ਼ਲਤਾ: ਪੰਜਾਬੀ ਯੂਨੀਵਰਸਿਟੀ ਦਾ ਅਧਿਐਨ
ਪਟਿਆਲਾ, 3 ਮਈ
ਪੰਜਾਬੀ ਯੂਨੀਵਰਸਿਟੀ ਦੇ 'ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼' ਵਿਖੇ ਕੀਤੇ ਗਏ ਇੱਕ ਤਾਜ਼ਾ ਅਧਿਐਨ ਰਾਹੀਂ ਭਾਰਤੀ ਵਿੱਤੀ ਸੇਵਾ ਖੇਤਰ ਦੀਆਂ ਵੱਖ-ਵੱਖ ਕੰਪਨੀਆਂ ਵੱਲੋਂ ਕੀਤੇ ਜਾਂਦੇ ਆਪਸੀ ਰਲ਼ੇਵੇਂ ਜਾਂ ਇੱਕ ਕੰਪਨੀ ਵੱਲੋਂ ਦੂਸਰੀ ਨੂੰ ਖਰੀਦ ਲੈਣ ਵਾਲ਼ੀ ਸਥਿਤੀ ਵਿੱਚ ਸਬੰਧਤ ਕੰਪਨੀਆਂ ਦੀ ਕੁਸ਼ਲਤਾ ਅਤੇ ਉਨ੍ਹਾਂ ਨਾਲ਼ ਜੁੜੇ ਸ਼ੇਅਰਧਾਰਕਾਂ ਦੀ ਦੌਲਤ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਗਿਆ ਹੈ। ਇਹ ਅਧਿਐਨ ਖੋਜਾਰਥੀ ਡਾ. ਕਾਜਲ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਅਧਿਆਪਕ ਡਾ. ਸੰਦੀਪ ਸਿੰਘ ਵਿਰਦੀ ਦੀ ਨਿਗਰਾਨੀ ਹੇਠ ਕੀਤਾ ਗਿਆ ਹੈ।
ਡਾ. ਸੰਦੀਪ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਅਧਿਐਨ ਵਿੱਚ ਵਰਤੇ ਗਏ ਅੰਕੜੇ 'ਬਲੂਮਬਰਗ ਡੇਟਾਬੇਸ' ਤੋਂ ਲਏ ਗਏ ਹਨ। ਦੁਨੀਆ ਭਰ ਦੇ ਵੱਡੇ ਨਿਵੇਸ਼ਕ ਅਤੇ ਵਿੱਤੀ ਮਾਹਿਰ ਇਸੇ ਡੇਟਾਬੇਸ 'ਤੇ ਭਰੋਸਾ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਰਲ਼ੇਵੇਂ ਵਿੱਚ ਸ਼ਾਇਦ ਸਿਰਫ਼ ਇੱਕ ਕੰਪਨੀ ਨੂੰ ਫਾਇਦਾ ਹੁੰਦਾ ਹੈ, ਪਰ ਇਹ ਖੋਜ ਕਹਿੰਦੀ ਹੈ ਕਿ ਜਿੱਥੇ ਖਰੀਦਦਾਰ ਕੰਪਨੀ ਦੇ ਸ਼ੇਅਰਧਾਰਕਾਂ ਦੀ ਦੌਲਤ ਵਧਦੀ ਹੈ।
ਉਥੇ ਹੀ ਟਾਰਗੇਟ ਕੰਪਨੀ ਦੇ ਨਿਵੇਸ਼ਕਾਂ ਨੂੰ ਵੀ ਬਿਹਤਰ ਰਿਟਰਨ ਮਿਲਦਾ ਹੈ। ਇਹ ਲਾਭ ਤੁਰੰਤ ਜਾਂ ਥੋੜ੍ਹੇ ਸਮੇਂ ਵਾਲ਼ੇ ਨਿਵੇਸ਼ਕਾਂ ਲਈ ਵੀ ਹੁੰਦਾ ਹੈ ਅਤੇ ਲੰਬੇ ਸਮੇਂ ਦੇ ਨਿਵੇਸ਼ਕਾਂ ਨੂੰ ਵੀ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਹ ਖੋਜ ਇਸ ਖੇਤਰ ਦੇ ਮੌਜੂਦਾ ਸਾਹਿਤ ਵਿੱਚ ਇੱਕ ਨਵਾਂ ਯੋਗਦਾਨ ਪਾਉਂਦੀ ਹੈ। ਇਸ ਵਿੱਚ ਵੱਖ-ਵੱਖ ਕਾਰਕਾਂ ਜਿਵੇਂ ਕਿ ਕੰਪਨੀ ਦੀ ਸਥਿਤੀ (ਸੂਚੀਬੱਧ ਬਨਾਮ ਗੈਰ-ਸੂਚੀਬੱਧ), ਭੁਗਤਾਨ ਦਾ ਤਰੀਕਾ (ਨਕਦ ਬਨਾਮ ਸਟਾਕ), ਸੌਦੇ ਦੀ ਪ੍ਰਕਿਰਤੀ (ਦੋਸਤਾਨਾ ਬਨਾਮ ਵਿਰੋਧਪੂਰਨ), ਮਾਲਕੀ ਦਾ ਪ੍ਰਤੀਸ਼ਤ (ਘੱਟ ਗਿਣਤੀ ਬਨਾਮ ਬਹੁਮਤ) ਅਤੇ ਉਦਯੋਗਿਕ ਸਬੰਧ (ਸਬੰਧਤ ਬਨਾਮ ਗੈਰ-ਸਬੰਧਤ) ਦਾ ਡੂੰਘਾਈ ਨਾਲ਼ ਵਿਸ਼ਲੇਸ਼ਣ ਕੀਤਾ ਗਿਆ ਹੈ।
ਖੋਜਾਰਥੀ ਡਾ. ਕਾਜਲ, ਜੋ ਮੌਜੂਦਾ ਸਮੇਂ ਸੀ.ਜੀ.ਸੀ ਲਾਂਡਰਾਂ ਵਿਖੇ ਸਹਾਇਕ ਪ੍ਰੋਫ਼ੈਸਰ ਵਜੋਂ ਸੇਵਾ ਨਿਭਾ ਰਹੇ ਹਨ, ਨੇ ਦੱਸਿਆ ਅਧਿਐਨ ਰਾਹੀਂ ਇਹ ਸਾਹਮਣੇ ਆਇਆ ਕਿ ਜੇਕਰ ਕੋਈ ਖਰੀਦਦਾਰ ਕੰਪਨੀ ਲੰਬੇ ਸਮੇਂ ਲਈ ਮੁਨਾਫ਼ੇ ਪੱਖੋਂ ਕਿਸੇ ਅਜਿਹੀ ਕੰਪਨੀ ਨੂੰ ਖਰੀਦਦੀ ਹੈ ਜੋ ਸਟਾਕ ਮਾਰਕੀਟ ਵਿੱਚ ਲਿਸਟਡ ਨਹੀਂ ਹੈ, ਤਾਂ ਫਾਇਦਾ ਜ਼ਿਆਦਾ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਦੋਵੇਂ ਕੰਪਨੀਆਂ ਆਪਸੀ ਸਹਿਮਤੀ ਨਾਲ ਰਲ਼ਦੀਆਂ ਹਨ, ਤਾਂ ਉਹ ਜ਼ਬਰਦਸਤੀ ਕਬਜ਼ੇ ਵਾਲ਼ੀ ਸਥਿਤੀ ਦੇ ਮੁਕਾਬਲੇ ਜ਼ਿਆਦਾ ਸਫਲ ਰਹਿੰਦੀਆਂ ਹਨ ਕਿਉਂਕਿ ਇਨ੍ਹਾਂ ਵਿੱਚ ਤਾਲਮੇਲ ਬਿਠਾਉਣਾ ਸੌਖਾ ਹੁੰਦਾ ਹੈ।
ਇਹ ਵੀ ਸਾਹਮਣੇ ਆਇਆ ਕਿ ਕੰਪਨੀ ਦੀ ਥੋੜ੍ਹੀ ਹਿੱਸੇਦਾਰੀ ਖਰੀਦਣ ਦੀ ਬਜਾਇ ਜ਼ਿਆਦਾ ਮਾਲਕੀ ਹੱਕ ਲੈਣਾ ਬਿਹਤਰ ਨਤੀਜੇ ਪੈਦਾ ਕਰਦਾ ਹੈ।
ਹੈਰਾਨੀਜਨਕ ਗੱਲ ਇਹ ਹੈ ਕਿ ਜਦੋਂ ਕੰਪਨੀਆਂ ਆਪਣੇ ਮੌਜੂਦਾ ਕੰਮ ਤੋਂ ਵੱਖਰੇ ਖੇਤਰ ਦੀ ਕੰਪਨੀ ਨੂੰ ਖਰੀਦਦੀਆਂ ਹਨ ਤਾਂ ਲੰਬੇ ਸਮੇਂ ਵਿੱਚ ਉਨ੍ਹਾਂ ਨੂੰ ਵੱਧ ਫਾਇਦਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਖਰੀਦਦਾਰ ਕੰਪਨੀ ਸ਼ੇਅਰਾਂ ਦੀ ਬਜਾਏ ਰਾਸ਼ੀ ਦੇ ਕੇ ਸੌਦਾ ਕਰਦੀ ਹੈ, ਤਾਂ ਕੰਪਨੀ ਦੀ ਕੁਸ਼ਲਤਾ ਅਤੇ ਮੁਨਾਫ਼ਾ ਵਧਦਾ ਹੈ। ਉਨ੍ਹਾਂ ਦੱਸਿਆ ਕਿ ਕੁਸ਼ਲਤਾ ਦੇ ਮਾਮਲੇ ਵਿੱਚ, ਆਪਣੇ ਵਰਗੇ ਕੰਮ ਕਰਨ ਵਾਲੀ ਕੰਪਨੀ (ਜਿਵੇਂ ਬੈਂਕ ਵੱਲੋਂ ਬੈਂਕ ਨੂੰ ਖਰੀਦਣਾ) ਨਾਲ਼ ਜੁੜਨਾ ਵਧੇਰੇ ਫਾਇਦੇਮੰਦ ਰਹਿੰਦਾ ਹੈ ਕਿਉਂਕਿ ਦੋਵਾਂ ਦਾ ਕੰਮ ਕਰਨ ਦਾ ਤਰੀਕਾ ਇੱਕੋ ਜਿਹਾ ਹੁੰਦਾ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਖੋਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਨਿਵੇਸ਼ਕਾਂ, ਨੀਤੀ ਘਾੜਿਆਂ ਅਤੇ ਕਾਰਪੋਰੇਟ ਜਗਤ ਦੇ ਪ੍ਰਬੰਧਕਾਂ ਨੂੰ ਬਿਹਤਰ ਵਿੱਤੀ ਫੈਸਲੇ ਲੈਣ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਦਾ ਮਾਣ ਹੈ ਕਿ ਇੱਥੇ ਵੱਖ-ਵੱਖ ਵਿਸ਼ਿਆਂ ਵਿੱਚ ਸਮਾਜ ਦੀ ਬਿਹਤਰ ਬਣਾਉਣ ਵਾਲ਼ੀਆਂ ਚੰਗੀਆਂ ਖੋਜਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਦਲਦੇ ਵਿੱਤੀ ਦੌਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਅਧਿਐਨ ਆਮ ਛੋਟੇ ਨਿਵੇਸ਼ਕਾਂ ਲਈ ਵੀ ਲਾਭਦਾਇਕ ਹੈ ਕਿਉਂਕਿ ਇਹ ਉਨ੍ਹਾਂ ਵਿੱਚ ਰਲੇਵੇਂ ਅਤੇ ਖਰੀਦਦਾਰੀ ਨਾਲ ਜੁੜੇ ਜੋਖਮਾਂ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ।
ਪੰਜਾਬੀ ਯੂਨੀਵਰਸਿਟੀ ਵਿਖੇ ਵਿਸ਼ਵ ਨ੍ਰਿਤ ਦਿਵਸ 'ਤੇ ਵਿਸ਼ੇਸ਼ ਸਮਾਗਮ ਕਰਵਾਇਆ
ਪਟਿਆਲਾ, 2 ਮਈ
ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਸਰਬ ਅਕਾਲ ਮਿਊਜ਼ਿਕ ਸੁਸਾਇਟੀ, ਕੈਲਗਰੀ (ਕੈਨੇਡਾ) ਨਾਲ ਮਿਲ ਕੇ ਵਿਸ਼ਵ ਨ੍ਰਿਤ ਦਿਵਸ ਦਾ ਆਯੋਜਨ ਕੀਤਾ ਗਿਆ। ਵਿਖਿਆਤ ਕੱਥਕ ਨਰਤਕੀ ਅਤੇ ਪ੍ਰਮੁੱਖ ਗੁਰੂ ਗੀਤਾਂਜਲੀ ਲਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੀ ਪੇਸ਼ਕਾਰੀ ਵੀ ਦਿੱਤੀ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਡੇਜ਼ੀ ਵਾਲੀਆ ਸਨ, ਜੋ ਯੂਨੀਵਰਸਿਟੀ ਦੇ ਨ੍ਰਿਤ ਵਿਭਾਗ ਦੇ ਸੰਸਥਾਪਕ ਹਨ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਸੁਆਗਤੀ ਸ਼ਬਦ ਕਹੇ। ਵਾਈਸ-ਚਾਂਸਲਰ ਪ੍ਰੋ. ਜਗਦੀਪ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਗੁਰੂ ਗੀਤਾਂਜਲੀ ਲਾਲ ਦੀ ਆਮਦ ਨੂੰ ਸਮਾਗਮ ਦੀ ਸਾਰਥਕਤਾ ਦੱਸਿਆ ਅਤੇ ਯੁਵਕ ਭਲਾਈ ਵਿਭਾਗ ਦੀ ਅਜਿਹਾ ਸਮਾਗਮ ਉਲੀਕਣ ਉੱਤੇ ਸ਼ਲਾਘਾ ਕੀਤੀ।
ਪਹਿਲੀ ਪੇਸ਼ਕਾਰੀ ਜੈਸਮੀਨ ਅਤੇ ਸਾਥੀ ਕਲਾਕਾਰਾਂ ਦੀ ਸਮੂਹਿਕ ਸੀ ਜਿਸ ਨੇ ਰੰਗ ਬੰਨ੍ਹ ਦਿੱਤਾ। ਵੱਖੋ-ਵੱਖਰੇ ਵਿਸ਼ਿਆਂ ਉੱਤੇ ਦਿੱਤੀ ਪੇਸ਼ਕਾਰੀ ਦੀ ਤਰਤੀਬ ਅਤੇ ਸੰਯੋਜਨ ਬੇਹਦ ਖ਼ੂਬਸੂਰਤ ਸੀ। ਗੁਰੂ ਗੀਤਾਂਜਲੀ ਲਾਲ ਦੀ ਸ਼ਗਿਰਦ ਆਸਾਵਰੀ ਸਿੰਘ ਨੇ ‘ਗਨੇਸ਼ ਵੰਦਨਾ’ ਪ੍ਰਸਤੁਤ ਕਰਨ ਉਪਰੰਤ ਗੀਤਾਂਜਲੀ ਜੀ ਵਲੋਂ ਹੀ ਸੁਰਬੱਧ ‘ਤਰਾਨਾ’ ਰਚਨਾ ਉੱਤੇ ਆਕਰਸ਼ਕ ਪੇਸ਼ਕਾਰੀ ਦਿੱਤੀ ਜਿਸ ਵਿਚੋਂ ਨਿੱਗਰ ਤਾਲੀਮ ਝਲਕ ਰਹੀ ਸੀ। ਡਾ. ਅਰਸ਼ਦੀਪ ਕੌਰ ਦੀ ਕੱਥਕ ਨ੍ਰਿਤ ਦੀ ਪੇਸ਼ਕਾਰੀ ਵਿਚੋਂ ਮਿਹਨਤ ਅਤੇ ਤਿਆਰੀ ਸਾਫ਼ ਝਲਕ ਰਹੀ ਸੀ ਜੋ ਉਹਨਾਂ ਨੇ ਆਪਣੇ ਮਾਰਗ ਦਰਸ਼ਕਾਂ ਨੂੰ ਸਮਰਪਿਤ ਕੀਤੀ। ਨਾਮਵਰ ਨਰਤਕੀ ਸ੍ਰੀਮਤੀ ਵਿਦਿਆਗੌਰੀ ਨੇ ਇੱਕ ਸੰਗੀਤਕ ਰਚਨਾ ਉੱਤੇ ਸਿਰਜਣਾ ਭਰਪੂਰ ਨ੍ਰਿਤ ਪੇਸ਼ਕਾਰੀ ਬੜੇ ਹੀ ਮਨਮੋਹਕ ਢੰਗ ਨਾਲ ਦਿੱਤੀ। ਸਰਬ ਅਕਾਲ ਮਿਊਜ਼ਿਕ ਸੁਸਾਇਟੀ ਦੀ ਭਾਰਤੀ ਇਕਾਈ ਦੇ ਪ੍ਰਧਾਨ ਸ. ਰਣਜੀਤ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਜਨਰਲ ਸਕੱਤਰ ਡਾ. ਰਮਨਦੀਪ ਕੌਰ ਨੇ ਸੁਸਾਇਟੀ ਦੀਆਂ ਕਲਾਤਮਕ ਗਤੀਵਿਧੀਆਂ ਉੱਤੇ ਚਾਨਣਾ ਪਾਇਆ। ਵਰਨਣਯੋਗ ਹੈ ਕਿ ਇਹ ਸੁਸਾਇਟੀ ਅੰਤਰ ਰਾਸ਼ਟਰੀ ਪੱਧਰ ਉੱਤੇ ਸੰਗੀਤ ਅਤੇ ਨ੍ਰਿਤ ਕਲਾ ਦੇ ਪ੍ਰਚਾਰ-ਪ੍ਰਸਾਰ ਲਈ ਕਾਰਜਸ਼ੀਲ ਹੈ।
ਸਮਾਗਮ ਦਾ ਮੁੱਖ ਆਕਰਸ਼ਣ ਗੁਰੂ ਗੀਤਾਂਜਲੀ ਲਾਲ ਦੀ ਪੇਸ਼ਕਾਰੀ ਸੀ ਜਿਹਨਾਂ ਨੇ ਆਪਣੇ ਵਿਸ਼ਾਲ ਅਨੁਭਵ ਅਤੇ ਨ੍ਰਿਤ ਕਲਾ ਦੇ ਸਫ਼ਰ ਵਿਚੋਂ ਤਜਰਬੇ ਸਾਂਝੇ ਕਰਦੇ ਹੋਏ ਲੈਅਕਾਰੀ ਦਾ ਕੰਮ ਬਾਖ਼ੂਬੀ ਵਿਖਾਇਆ। ‘ਮੋਹੇ ਛੇੜੋ ਨਾ’ ਠੁਮਰੀ ਉੱਤੇ ਅਜਿਹੀ ਭਾਵਪੂਰਨ ਪੇਸ਼ਕਾਰੀ ਦਿੱਤੀ ਕਿ ਦਰਸ਼ਕ ਝੂਮ ਉੱਠੇ। ਗੀਤਾਂਜਲੀ ਜੀ ਨੇ ਪੰਜਾਬੀ ਯੂਨੀਵਰਸਿਟੀ ਵਿਚਲੇ ਕਲਾਤਮਕ ਮਾਹੌਲ ਦੀ ਵਿਸ਼ੇਸ਼ ਪ੍ਰਸੰਸਾ ਕੀਤੀ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰੂ ਗੀਤਾਂਜਲੀ ਲਾਲ ਦੇ ਜੀਵਨ ਅਤੇ ਨ੍ਰਿਤ ਨੂੰ ਯੋਗਦਾਨ ਉੱਤੇ ਅਧਾਰਿਤ ਇੱਕ ਡਾਕੂਮੈਂਟਰੀ ਵੀ ਵਿਖਾਈ ਗਈ। ਇਸ ਅਵਸਰ ਉੱਤੇ ਡਾ ਬਲਰਾਜ ਸਿੰਘ, ਡੀਨ ਕਾਲਜਾਂ, ਪ੍ਰੋ. ਇੰਦਿਰਾ ਬਾਲੀ, ਡਾ. ਮਨਮੋਹਨ ਸ਼ਰਮਾ, ਡਾ. ਜੀਵਨ ਬਾਲਾ, ਡਾ. ਜਗਮੋਹਨ ਸ਼ਰਮਾ ਮਧੁਰੇਸ਼ ਭੱਟ ਅਤੇ ਡਾ. ਅਮਰਜੀਤ ਭੱਟ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ। ਸਮਾਗਮ ਦਾ ਆਨੰਦ ਮਾਣਨ ਲਈ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਤੋਂ ਇਲਾਵਾ ਪਟਿਆਲਾ, ਚੰਡੀਗੜ੍ਹ ਅਤੇ ਕੁਰੂਕਸ਼ੇਤਰ ਤੋਂ ਨ੍ਰਿਤ ਪ੍ਰੇਮੀ ਵਿਸ਼ੇਸ਼ ਰੂਪ ਵਿਚ ਪਹੁੰਚੇ ਹੋਏ ਸਨ।
ਪੰਜਾਬੀ ਯੂਨੀਵਰਸਿਟੀ ਵਿਖੇ ਗਿਆਰਵੀਂ 'ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ' ਸ਼ੁਰੂ
ਪਟਿਆਲਾ, 1 ਮਈ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਈ ਜਾ ਰਹੀ ਤਿੰਨ ਰੋਜ਼ਾ ਗਿਆਰਵੀਂ 'ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ' ਸ਼ੁਰੂ ਹੋ ਗਈ ਹੈ। 'ਪੰਜਾਬੀ ਲੋਕਧਾਰਾ: ਪ੍ਰਾਪਤੀਆਂ ਅਤੇ ਸੰਭਾਵਨਾਵਾਂ' ਵਿਸ਼ੇ 'ਤੇ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੀਤੀ ਗਈ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਜਿਵੇਂ ਕਿਸੇ ਦਰਖਤ ਦੀ ਪਹਿਚਾਣ ਉਸ ਦੀਆਂ ਜੜਾਂ ਕਾਰਨ ਹੁੰਦੀ ਹੈ ਓਸੇ ਤਰ੍ਹਾਂ ਕਿਸੇ ਕੌਮ ਦੀ ਪਹਿਚਾਣ ਉਸ ਦੀ ਲੋਕਧਰਾ ਅਤੇ ਵਿਰਾਸਤ ਨਾਲ ਜੁੜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਦੇ ਯੁਗ ਵਿੱਚ ਸਮੇਂ ਦੇ ਹਾਣੀ ਬਣਨ ਲਈ ਸਾਨੂੰ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਤਰੱਕੀ ਕਰਨੀ ਚਾਹੀਦੀ ਹੈ ਪਰ ਇਸ ਦੇ ਨਾਲ-ਨਾਲ ਸਾਨੂੰ ਲੋਕਧਾਰਾ ਵਿਰਸਾ ਅਤੇ ਪਰੰਪਰਾਵਾਂ ਨੂੰ ਸੰਭਾਲਣਾ ਵੀ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਦਿਸ਼ਾ ਵਿੱਚ ਆਪਣੇ ਹਿੱਸੇ ਦੇ ਕਾਰਜ ਬਖੂਬੀ ਕਰ ਰਹੀ ਹੈ। ਯੂਨੀਵਰਸਿਟੀ ਵੱਲੋਂ ਉਠਾਏ ਜਾ ਰਹੇ ਕਦਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦਾ ਮੂਲ ਮੰਤਵ ਵੀ ਇਸ ਵਿਸ਼ੇ ਨਾਲ ਮੇਲ ਖਾਂਦਾ ਹੈ। ਉਨ੍ਹਾਂ ਪਿਛਲੇ ਸਮੇਂ ਵਿੱਚ ਉਠਾਏ ਗਏ ਵੱਖ-ਵੱਖ ਕਦਮਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਵਿਦਿਆਰਥੀਆਂ ਨੂੰ ਵਿਰਾਸਤੀ ਕਲਾਵਾਂ ਜਿਵੇਂ ਦਰੀਆਂ, ਖੇਸ, ਫੁਲਕਾਰੀ, ਪਰਾਂਦੇ, ਛਿੱਕੂ, ਟੋਕਰੀਆਂ ਆਦਿ ਬਣਾਉਣ ਲਈ ਬਕਾਇਦਾ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਤਿਆਰ ਕੀਤਾ ਸਮਾਨ ਅੱਗੇ ਵਿਕਰੀ ਲਈ ਵੀ ਉਪਲਬਧ ਕਰਾਇਆ ਜਾਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਪਟਿਆਲਾ ਵਿਖੇ ਵਿਰਾਸਤੀ ਮੇਲੇ ਦੌਰਾਨ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਅਜਿਹੀਆਂ ਚੀਜ਼ਾਂ ਦੀ 70 ਹਜ਼ਾਰ ਦੇ ਕਰੀਬ ਵਿਕਰੀ ਹੋਈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਖੁਦ ਮਹਿਸੂਸ ਕਰਦੇ ਹਨ ਕਿ ਅਜਿਹਾ ਕਰਨ ਨਾਲ ਉਹਨਾਂ ਦੀ ਮਾਨਸਿਕ ਸਿਹਤ ਵੀ ਬੇਹਤਰ ਰਹਿੰਦੀ ਹੈ।
ਉੱਘੇ ਲੋਕ ਧਾਰਾ ਸ਼ਾਸਤਰੀ ਡਾ. ਗੁਰਮੀਤ ਸਿੰਘ ਨੇ ਮੁੱਖ-ਸੁਰ ਭਾਸ਼ਣ ਦਿੰਦਿਆਂ ਕਿਹਾ ਕਿ ਲੋਕ ਧਾਰਾ ਵਿੱਚ ਕੋਈ ਸੈਂਸਰ ਨਹੀਂ ਹੁੰਦਾ। ਇਸ ਲਈ ਲੋਕਧਾਰਾ ਜ਼ਿਆਦਾ ਸੁਭਾਵਿਕ ਅਤੇ ਯਥਾਰਥਕ ਹੁੰਦੀ ਹੈ। ਲੋਕ ਧਾਰਾ ਰਾਹੀਂ ਸਮਿਆਂ ਦਾ ਬਿਹਤਰ ਅਤੇ ਅਸਲ ਇਤਿਹਾਸ ਸਿਰਜਿਆ ਜਾਂਦਾ ਹੈ। ਲੋਕ ਧਾਰਾ ਰਾਹੀਂ ਅਸਲੀਅਤ ਦੇ ਦਰਸ਼ਨ ਹੁੰਦੇ ਹਨ। ਉਨ੍ਹਾਂ ਇਸ ਵਿਸ਼ੇ ਤੇ ਖੋਜ ਕਰਨ ਵਾਲੇ ਖੋਜੀਆਂ ਨੂੰ ਹੋਰ ਵਧੇਰੇ ਵਿਧੀਵਤ ਢੰਗ ਨਾਲ ਆਪਣੀ ਖੋਜ ਕਰਨ ਲਈ ਸੱਦਾ ਦਿੱਤਾ।
ਡਾ. ਰਵੇਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਲੋਕਧਾਰਾ ਉਹ ਅਦ੍ਰਿਸ਼ਟ ਧਾਗਾ ਹੁੰਦਾ ਹੈ ਜੋ ਪੁਰਖਿਆਂ ਦੀ ਵਿਰਾਸਤ ਨੂੰ ਵਰਤਮਾਨ ਦੀ ਸੋਝੀ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਲੋਕਧਰਾ ਨੂੰ ਜੀਵਿਆ ਹੀ ਜਾ ਸਕਦਾ ਹੈ ਇਸ ਨੂੰ ਲਿਖਿਆ ਨਹੀਂ ਜਾ ਸਕਦਾ। ਉਨ੍ਹਾਂ ਨਵੇਂ ਸਮੇਂ ਵਿੱਚ ਆ ਰਹੀਆਂ ਤਬਦੀਲੀਆਂ ਅਤੇ ਇੰਟਰਨੈਟ ਦੇ ਲੋਕਧਾਰਾ ਉੱਤੇ ਪੈ ਰਹੇ ਪ੍ਰਭਾਵਾਂ ਬਾਰੇ ਵੀ ਚਰਚਾ ਕੀਤੀ।
ਡੀਨ ਅਕਾਦਮਿਕ ਮਾਮਲੇ ਪ੍ਰੋ ਜਸਵਿੰਦਰ ਸਿੰਘ ਬਰਾੜ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।
ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਓਮ ਪ੍ਰਕਾਸ਼ ਗਾਸੋ ਵੱਲੋਂ ਆਪਣੇ ਸੰਬੋਧਨ ਵਿੱਚ ਲੋਕਧਾਰਾ ਦੇ ਵੱਖ ਵੱਖ ਪੱਖਾਂ ਅਤੇ ਉਹਨਾਂ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਗਿਆ।
ਵਿਭਾਗ ਮੁਖੀ ਪ੍ਰੋਫੈਸਰ ਮੋਹਨ ਤਿਆਗੀ ਵੱਲੋਂ ਕਾਨਫਰੰਸ ਦੇ ਵਿਸ਼ੇ ਦੀ ਜਾਣ ਪਛਾਣ ਕਰਵਾਈ ਗਈ ਅਤੇ ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ ਵੱਲੋਂ ਸਵਾਗਤੀ ਭਾਸ਼ਣ ਦਿੱਤਾ ਗਿਆ।
ਉਦਘਾਟਨੀ ਸੈਸ਼ਨ ਦੌਰਾਨ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਅਤੇ ਰਸਾਲੇ ਵੀ ਰਿਲੀਜ਼ ਕੀਤੇ ਗਏ, ਜਿਨ੍ਹਾਂ ਵਿੱਚ ਡਾ. ਮੇਘਾ ਸਿੰਘ ਵੱਲੋਂ ਲਿਖਤ ਹਰਭਜਨ ਸਿੰਘ ਹਲਵਾਰਵੀ ਦੀ ਜੀਵਨੀ, ਬਚਿੰਤ ਕੌਰ ਦੀ ਸਵੈ-ਜੀਵਨੀ, ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਛਾਪੇ ਜਾਂਦੇ ਖੋਜ-ਪੱਤਰਕਾ ਦੇ ਦੋ ਅੰਕ, ਤਾਸਮਨ ਅਤੇ ਪ੍ਰਤਿਮਾਨ ਰਸਾਲੇ ਆਦਿ ਸ਼ਾਮਿਲ ਸਨ।
ਪੰਜਾਬੀ ਯੂਨੀਵਰਸਿਟੀ ਨੇ ਮਨਾਇਆ ਆਪਣਾ 65ਵਾਂ ਸਥਾਪਨਾ ਦਿਵਸ
ਪਟਿਆਲਾ, 30 ਅਪ੍ਰੈਲ
"ਪੰਜਾਬੀ ਯੂਨੀਵਰਸਿਟੀ ਨੇ ਦੁਨੀਆਂ ਭਰ ਵਿੱਚ ਪੰਜਾਬੀਅਤ ਦੀ ਮਹਿਕ ਬਿਖੇਰੀ ਹੈ। ਸਾਡੀ ਇਹ ਮਾਣਮੱਤੀ ਸੰਸਥਾ ਸਾਡੇ ਸਭ ਲਈ ਮਾਂ ਵਰਗਾ ਦਰਜਾ ਰੱਖਦੀ ਹੈ।"
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੱਜ ਇੱਥੇ ਯੂਨੀਵਰਸਿਟੀ ਦੇ 65ਵੇਂ ਸਥਾਪਨਾ ਦਿਵਸ ਮੌਕੇ ਰੱਖੇ ਗਏ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਿਰਫ਼ ਇੱਕ ਰਵਾਇਤੀ ਕਿਸਮ ਦਾ ਵਿਦਿਅਕ ਅਦਾਰਾ ਹੀ ਨਹੀਂ, ਸਗੋਂ ਪੰਜਾਬੀ ਭਾਸ਼ਾ, ਕਲਾ ਅਤੇ ਸੱਭਿਆਚਾਰ ਦਾ ਇੱਕ ਅਜਿਹਾ ਧੁਰਾ ਹੈ ਜਿਸ ਨੇ ਪਿਛਲੇ ਛੇ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਆਪਣੀ ਇੱਕ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੇ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਨੇ ਵਿਸ਼ਵ ਭਰ ਵਿੱਚ ਫੈਲੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਪਿਛਲੇ ਇੱਕ ਸਾਲ ਦੌਰਾਨ ਯੂਨੀਵਰਸਿਟੀ ਵਿੱਚ ਹੋਈਆਂ ਵੱਖ ਵੱਖ ਗਤੀਵਿਧੀਆਂ ਅਤੇ ਉਪਲਬਧੀਆਂ ਦੇ ਵੇਰਵੇ ਸਾਂਝੇ ਕਰਦਿਆਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੋਜ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਣ ਤਾਂ ਜੋ ਯੂਨੀਵਰਸਿਟੀ ਦਾ ਨਾਮ ਕੌਮਾਂਤਰੀ ਪੱਧਰ 'ਤੇ ਹੋਰ ਰੌਸ਼ਨ ਹੋ ਸਕੇ।
ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੌਜੂਦਾ ਸਮੇਂ ਵਿੱਤੀ ਚੁਣੌਤੀਆਂ ਦੇ ਬਾਵਜੂਦ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਸ ਮਾਣਮੱਤੀ ਸੰਸਥਾ ਦੇ ਰੁਤਬੇ ਨੂੰ ਬਰਕਰਾਰ ਰੱਖਿਆ ਜਾਵੇਗਾ।
ਸਥਾਪਨਾ ਦਿਵਸ ਭਾਸ਼ਣ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਦਿੱਤਾ ਗਿਆ। ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬੀ ਯੂਨੀਵਰਸਿਟੀ ਦੀਆਂ ਆਪਸੀ ਅਕਾਦਮਿਕ ਸਾਂਝਾਂ ਦੇ ਹਵਾਲੇ ਨਾਲ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹੇਂ ਯੂਨੀਵਰਸਿਟੀਆਂ ਦੀ ਵਿਲੱਖਣਤਾ ਇਹ ਹੈ ਕਿ ਇਹ ਸਿੱਧੇ ਤੌਰ ਤੇ ਪੇਂਡੂ ਅਵਾਮ ਨਾਲ ਜੁੜੀਆਂ ਸੰਸਥਾਵਾਂ ਹਨ । ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਕਾਰਜ ਸ਼ੈਲੀ ਅਤੇ ਉਪਲਬਧੀਆਂ ਬਾਰੇ ਵਿਸ਼ੇਸ਼ ਜ਼ਿਕਰ ਕਰਦਿਆਂ ਪੰਜਾਬੀ ਯੂਨੀਵਰਸਿਟੀ ਨਾਲ਼ ਹੋਰ ਨਵੀਆਂ ਅਕਾਦਮਿਕ ਸਾਂਝਾ ਸਿਰਜੇ ਜਾ ਸਕਣ ਦੀਆਂ ਸੰਭਾਵਨਾਵਾਂ ਬਾਰੇ ਉਮੀਦ ਪ੍ਰਗਟਾਈ।
ਡਾ. ਨਰਿੰਦਰ ਸਿੰਘ ਕਪੂਰ ਨੇ ਇਸ ਮੌਕੇ ਦਿੱਤੇ ਗਏ ਭਾਵਪੂਰਤ ਭਾਸ਼ਣ ਦੌਰਾਨ ਕਿਹਾ ਕਿ ਕਿਸੇ ਸਮੇਂ ਪੰਜਾਬ ਦੇ ਮਾਲਵਾ ਖਿੱਤੇ ਨੂੰ ਪਛੜਿਆ ਹੋਇਆ ਇਲਾਕਾ ਸਮਝਿਆ ਜਾਂਦਾ ਸੀ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਮਾਲਵਾ ਖੇਤਰ ਦੇ ਪੱਛੜੇਪਣ ਨੂੰ ਦੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ 'ਤੇ ਸਦਾ ਮਾਣ ਕਰਦੇ ਹਨ ਕਿ ਉਹ ਪੰਜਾਬੀ ਯੂਨੀਵਰਸਿਟੀ ਦੀ ਸ਼ੁਰੂਆਤ ਸਮੇਂ ਦੇ ਦੂਜੇ ਬੈਚ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਯੂਨੀਵਰਸਿਟੀ ਦਾ ਅਸਲ ਕਾਰਜ ਨਵੇ ਵਿਚਾਰਾਂ ਪੈਦਾ ਕਰਨਾ, ਨਵੇਂ ਸਮਾਜਿਕ ਆਗੂ ਪੈਦਾ ਕਰਨਾ ਅਤੇ ਸਮਾਜ ਵਿੱਚ ਆਉਣ ਵਾਲੀਆਂ ਨਵੇਂ ਯੁਗ ਦੀਆਂ ਸਕਾਰਾਤਮਕ ਤਬਦੀਲੀਆਂ ਲਈ ਰਾਹ ਪੱਧਰਾ ਕਰਨਾ ਹੁੰਦਾ ਹੈ, ਪੰਜਾਬੀ ਯੂਨੀਵਰਸਿਟੀ ਨੇ ਇਹ ਕਾਰਜ ਬਾਖੂਬੀ ਕੀਤਾ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੀ ਸ਼ੁਰੂਆਤ ਸਮੇਂ ਦੀਆਂ ਵੱਖ-ਵੱਖ ਯਾਦਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਕਿਵੇਂ ਆਪਣੇ ਸ਼ੁਰੂਆਤ ਸਮੇਂ ਜਦੋਂ ਯੂਨੀਵਰਸਿਟੀ ਕੋਲ ਕੋਈ ਕੈਂਪਸ ਨਹੀਂ ਹੁੰਦਾ ਸੀ ਤਾਂ ਸਰਕਾਰੀ ਮਹਿੰਦਰਾ ਕਾਲਜ ਅਤੇ ਥਾਪਰ ਕਾਲਜ ਵਿੱਚ ਇਸ ਦੀਆਂ ਜਮਾਤਾਂ ਲਗਦੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਦ ਵੀ ਆਪਣੀ ਐੱਮ. ਏ. ਅੰਗਰੇਜ਼ੀ ਦਾ ਪਹਿਲਾ ਸਾਲ ਸਰਕਾਰੀ ਮਹਿੰਦਰਾ ਕਾਲਜ ਦੀ ਇਮਾਰਤ ਵਿੱਚ ਪੂਰਾ ਕੀਤਾ।
ਡਾ. ਕਪੂਰ ਨੇ ਕਿਹਾ ਕਿ ਹੁਣ ਜਦੋਂ ਵਿਸ਼ਵੀਕਰਨ ਦਾ ਦੌਰ ਹੈ ਤਾਂ ਪੰਜਾਬੀ ਯੂਨੀਵਰਸਿਟੀ ਨੂੰ ਵੀ ਨਵੀਆਂ ਚੁਣੌਤੀਆਂ ਦਰਪੇਸ਼ ਹਨ। ਹੁਣ ਅਸੀਂ ਆਪਣੀ ਯੂਨੀਵਰਸਿਟੀ ਦਾ ਮੁਕਾਬਲਾ ਸਿਰਫ ਨੇੜਲੇ ਖੇਤਰਾਂ ਦੀਆਂ ਹੋਰ ਯੂਨੀਵਰਸਿਟੀਆਂ ਨਾਲ ਹੀ ਨਹੀਂ ਮੰਨ ਕੇ ਚੱਲ ਸਕਦੇ ਬਲਕਿ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਸਥਿਤ ਹੋਰ ਗਲੋਬਲ ਪੱਧਰ ਦੀਆਂ ਯੂਨੀਵਰਸਿਟੀਆਂ ਅੱਜ ਸਾਡੇ ਮੁਕਾਬਲੇ ਵਿੱਚ ਹਨ। ਇਸ ਲਈ ਸਾਨੂੰ ਨਵੇਂ ਤਕਨੀਕੀ ਹੁਨਰਾਂ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਅਪਣਾਉਣ ਦੀ ਲੋੜ ਹੈ ਤਾਂ ਜੋ ਅਸੀਂ ਇਸ ਗਲੋਬਲ ਮੁਕਾਬਲੇ ਵਿੱਚ ਨਾ ਸਿਰਫ਼ ਟਿਕੇ ਰਹੀਏ, ਬਲਕਿ ਮੋਹਰੀ ਭੂਮਿਕਾ ਵੀ ਨਿਭਾ ਸਕੀਏ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਬੈਚ ਦੇ ਵਿਦਿਆਰਥੀ ਡਾ. ਤਰਲੋਕ ਸਿੰਘ ਅਨੰਦ, ਜੀਵ ਵਿਗਿਆਨ ਵਿਭਾਗ ਦੇ ਪਹਿਲੇ ਪੀਐੱਚ.ਡੀ. ਵਿਦਿਆਰਥੀ ਡਾ. ਮਲਕੀਤ ਸਿੰਘ ਸੈਣੀ ਅਤੇ ਹਾਲ ਹੀ ਵਿੱਚ ਨੇਪਾਲ ਦੀ ਐਮਾ ਡੈਬਲਮ ਚੋਟੀ ਨੂੰ ਸਰ ਕਰਦਿਆਂ ਪਹਿਲੀ ਪੰਜਾਬੀ ਮਹਿਲਾ ਦਾ ਮਾਣ ਹਾਸਿਲ ਕਰਨ ਵਾਲੀ ਸੁੱਖੀ ਬੱਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦਾ ਸਵਾਗਤੀ ਭਾਸ਼ਣ ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ ਸਿੱਧੂ ਨੇ ਦਿੱਤਾ ਜਦੋਂ ਕਿ ਧੰਨਵਾਦੀ ਸ਼ਬਦ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਹੇ।
ਸਮਾਗਮ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਧਿਆਪਕਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਯੂਨੀਵਰਸਿਟੀ ਦੇ ਬਹੁਤ ਸਾਰੇ ਸਾਬਕਾ ਅਧਿਆਪਕ ਸਾਹਿਬਾਨ ਵੀ ਇਸ ਸਮਾਗਮ ਵਿੱਚ ਹਾਜ਼ਰ ਰਹੇ।
ਪੰਜਾਬੀ ਯੂਨੀਵਰਸਿਟੀ ਨੇ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਅਧੀਨ ਕਾਰਜਸ਼ੀਲ ਸੰਸਥਾ 'ਮਗਸੀਪਾ' ਨਾਲ਼ ਕੀਤਾ ਇਕਰਾਰਨਾਮਾ
ਪਟਿਆਲਾ, 28 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਅਧੀਨ ਕਾਰਜਸ਼ੀਲ ਖੁਦਮੁਖਤਿਆਰ ਸੰਸਥਾ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਨਾਲ਼ ਇਕਰਾਰਨਾਮਾ ਕੀਤਾ ਗਿਆ ਹੈ।
ਇਸ ਇਕਰਾਰਨਾਮੇ ਨੂੰ ਰਸਮੀ ਰੂਪ ਦੇਣ ਹਿਤ ਰੱਖੇ ਗਏ ਵਿਸ਼ੇਸ਼ ਸਮਾਗਮ ਦੌਰਾਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ
ਇਸ ਇਕਰਾਰਨਾਮੇ ਦਾ ਮੁੱਖ ਉਦੇਸ਼ ਦੋਹਾਂ ਅਦਾਰਿਆਂ ਦਰਮਿਆਨ ਸਥਾਈ ਸਹਿਯੋਗੀ ਢਾਂਚਾ ਸਥਾਪਤ ਕਰਨਾ ਅਤੇ ਦੋਹਾਂ ਅਦਾਰਿਆਂ ਦੀਆਂ ਵੱਖ-ਵੱਖ ਮੁਹਾਰਤਾਂ ਨੂੰ ਇੱਕ ਮੰਚ 'ਤੇ ਇਕੱਠਿਆਂ ਕਰਨਾ ਹੈ। ਉਨ੍ਹਾਂ ਕਿਹਾ ਕਿ ਦੋਹੇਂ ਸੰਸਥਾਵਾਂ ਦੀਆਂ ਆਪੋ ਆਪਣੇ ਖੇਤਰ ਵਿੱਚ ਵੱਖ-ਵੱਖ ਮੁਹਾਰਤਾਂ ਤੇ ਵਿਲੱਖਣਤਾਵਾਂ ਹਨ। ਇਹ ਭਾਈਵਾਲੀ ਦੋਵਾਂ ਸੰਸਥਾਵਾਂ ਦੀਆਂ ਵੱਖ-ਵੱਖ ਸਮਰੱਥਾਵਾਂ ਨੂੰ ਇੱਕ ਮੰਚ 'ਤੇ ਲਿਆਵੇਗੀ। ਉਨ੍ਹਾਂ ਕਿਹਾ ਕਿ ਬਿਹਤਰ ਨਤੀਜਿਆਂ ਦੀ ਪ੍ਰਾਪਤੀ ਅਤੇ ਸਮਾਜ ਦੀ ਬੇਹਤਰੀ ਲਈ ਵੱਖ-ਵੱਖ ਜਨਤਕ ਅਦਾਰਿਆਂ ਦਾ ਆਪਸ ਵਿੱਚ ਮੇਲ-ਜੋਲ ਬਣਾ ਕੇ ਚੱਲਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਸੰਸਥਾਵਾਂ ਮਿਲ ਕੇ ਜਨਤਕ ਨੀਤੀਆਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਖੋਜ ਕਾਰਜ ਕਰ ਸਕਣਗੀਆਂ। ਇਕਰਾਰਨਾਮੇ ਤਹਿਤ ਲਾਇਬ੍ਰੇਰੀਆਂ, ਡਾਟਾਬੇਸ ਅਤੇ ਹੋਰ ਤਕਨੀਕੀ ਸਹੂਲਤਾਂ ਦੀ ਵਰਤੋਂ ਦੋਵੇਂ ਅਦਾਰੇ ਸਾਂਝੇ ਤੌਰ 'ਤੇ ਕਰ ਸਕਣਗੇ। ਸਮੇਂ-ਸਮੇਂ 'ਤੇ ਸਾਂਝੇ ਤੌਰ 'ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਕਰਵਾਈਆਂ ਜਾਣਗੀਆਂ ਤਾਂ ਜੋ ਪ੍ਰਸ਼ਾਸਨਿਕ ਕੰਮਕਾਜ ਵਿੱਚ ਨਵੀਨਤਾ ਲਿਆਂਦੀ ਜਾ ਸਕੇ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ ਦਵਿੰਦਰਪਾਲ ਸਿੰਘ ਸਿੱਧੂ ਸਮੇਤ ਦੋਵਾਂ ਸੰਸਥਾਵਾਂ ਦੇ ਉੱਚ ਅਧਿਕਾਰੀ ਹਾਜ਼ਰ ਰਹੇ।
ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਏ.ਆਈ. ਸਰਟੀਫ਼ਿਕੇਟ ਕੋਰਸ
ਪਟਿਆਲਾ, 28 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਸੈਂਟਰ ਫਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਡੇਟਾ ਸਾਇੰਸ ਵਿਖੇ ਨਵੇਂ ਅਕਾਦਮਿਕ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਸੈਂਟਰ ਦੀ ਅਧਿਕਾਰਤ ਵੈੱਬਸਾਈਟ ਦਾ ਵੀ ਉਦਘਾਟਨ ਕੀਤਾ ਗਿਆ। ਇਹ ਵੈੱਬਸਾਈਟ ਸੈਂਟਰ ਵਿਖੇ ਚਲਾਏ ਜਾ ਰਹੇ ਕੋਰਸਾਂ, ਦਾਖਲਾ ਪ੍ਰਕਿਰਿਆਵਾਂ, ਫੈਕਲਟੀ, ਖੋਜ ਪਹਿਲਕਦਮੀਆਂ ਅਤੇ ਆਉਣ ਵਾਲੇ ਸਮਾਗਮਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰੇਗੀ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹੁਣ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਦੇ ਖੇਤਰ ਵਿੱਚ ਤੇਜ਼ੀ ਨਾਲ਼ ਵਿਕਾਸ ਹੋ ਰਿਹਾ ਹੈ ਤਾਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਨੋਰਥ ਨਾਲ਼ ਹੀ ਯੂਨੀਵਰਸਿਟੀ ਵੱਲੋਂ ਇਹ ਕੋਰਸ ਸ਼ੁਰੂ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੀਆਂ ਨਵੀਨਤਮ ਤਕਨਾਲੋਜੀਆਂ ਵਿੱਚ ਸਿੱਖਿਆ ਨੂੰ ਅੱਗੇ ਵਧਾਉਣ ਦੀ ਪਹਿਲਕਦਮੀ ਕਰਦਿਆਂ ਇਹ ਕਦਮ ਉਠਾਇਆ ਗਿਆ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਹਮੇਸ਼ਾ ਨਵੀਨਤਾ ਅਤੇ ਅੰਤਰ-ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਵਿਦਿਆਰਥੀਆਂ ਨੂੰ ਵਿਸ਼ਵਵਿਆਪੀ ਤਕਨੀਕੀ ਚੁਣੌਤੀਆਂ ਲਈ ਤਿਆਰ ਕਰਨ ਦੇ ਮਕਸਦ ਨਾਲ਼ ਇਹ ਕੋਰਸ ਸ਼ੁਰੂ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸੈਂਟਰ ਵੱਲੋਂ ਹਰ ਤਰ੍ਹਾਂ ਦੇ ਵਿਦਿਆਰਥੀ ਵਰਗ ਲਈ ਕੋਰਸ ਪੇਸ਼ ਕੀਤੇ ਜਾ ਰਹੇ ਹਨ ਜਿਸ ਨਾਲ਼ ਵੱਖ-ਵੱਖ ਅਕਾਦਮਿਕ ਪਿਛੋਕੜ ਵਾਲੇ ਸਿਖਿਆਰਥੀਆਂ ਨੂੰ ਉੱਭਰ ਰਹੇ ਏ.ਆਈ. ਟੂਲਜ਼ ਅਤੇ ਐਪਲੀਕੇਸ਼ਨਾਂ ਤੋਂ ਲਾਭ ਉਠਾਉਣ ਅਤੇ ਉਨ੍ਹਾਂ ਨਾਲ ਜੁੜਨ ਦੇ ਯੋਗ ਬਣਾਇਆ ਜਾ ਸਕਦਾ ਹੈ।
ਸੈਂਟਰ ਦੇ ਡਾਇਰੈਕਟਰ, ਡਾ. ਗੁਰਪ੍ਰੀਤ ਸਿੰਘ ਜੋਸਨ ਨੇ ਦੱਸਿਆ ਕਿ ਇਹ ਸੈਂਟਰ 2018 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਉੱਦਮਤਾ, ਨਵੀਨਤਾ ਅਤੇ ਕਰੀਅਰ ਹੱਬ ਵੱਲੋਂ ਰੂਸਾ 2.0 ਅਧੀਨ ਸੈਂਟਰ ਦੇ ਇਨਫ੍ਰਾਸਟ੍ਰਕਚਰ ਲਈ ਗ੍ਰਾਂਟ ਜਾਰੀ ਕੀਤੀ ਗਈ। ਉਹਨਾਂ ਅੱਗੇ ਦੱਸਿਆ ਕਿ ਸੈਂਟਰ ਵਿਖੇ ਨਵੇਂ ਸ਼ੁਰੂ ਕੀਤੇ ਗਏ ਤਿੰਨ ਮਹੀਨਿਆਂ ਦੇ ਸਰਟੀਫਿਕੇਟ ਕੋਰਸ ਜਨਰੇਟਿਵ ਏ.ਆਈ. 'ਤੇ ਕੇਂਦ੍ਰਿਤ ਹਨ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਇਸ ਤੇਜ਼ੀ ਨਾਲ ਵਿਕਸਿਤ ਹੋ ਰਹੇ ਖੇਤਰ ਵਿੱਚ ਅਤਿ-ਆਧੁਨਿਕ ਗਿਆਨ ਅਤੇ ਵਿਹਾਰਕ ਹੁਨਰਾਂ ਨਾਲ ਲੈਸ ਕਰਨਾ ਹੈ।
ਇਸ ਸਮਾਗਮ ਵਿੱਚ ਡੀਨ ਅਕਾਦਮਿਕ ਮਾਮਲੇ ਪ੍ਰੋ ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ.ਸੁਖਜੀਤ ਕੌਰ ਰਨਾਡੇ ਸਮੇਤ ਯੂਨੀਵਰਸਿਟੀ ਦੇ ਹੋਰ ਪ੍ਰਮੁੱਖ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਇਹ ਕੇਂਦਰ ਭਵਿੱਖ ਵਿੱਚ ਏ.ਆਈ. ਅਤੇ ਡੇਟਾ ਸਾਇੰਸ ਦੇ ਖੇਤਰ ਵਿੱਚ ਹੋਰ ਵੀ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਹਮੇਸ਼ਾ ਤਰਕਸੰਗਤ ਫੈਸਲੇ ਨਹੀਂ ਲੈਂਦੇ ਆਮ ਨਿਵੇਸ਼ਕ: ਪੰਜਾਬੀ ਯੂਨੀਵਰਸਿਟੀ ਦਾ ਅਧਿਐਨ
ਪਟਿਆਲਾ, 26 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਵਿੱਚ ਕੀਤੇ ਗਏ ਤਾਜ਼ਾ ਅਧਿਐਨ ਰਾਹੀਂ ਸਟਾਕ ਮਾਰਕੀਟ ਵਿੱਚ ਆਮ ਵਿਅਕਤੀਗਤ ਨਿਵੇਸ਼ਕਾਂ ਦੇ ਵਿਵਹਾਰ ਅਤੇ ਉਨ੍ਹਾਂ ਦੇ ਨਿਵੇਸ਼ ਸੰਬੰਧੀ ਫੈਸਲਿਆਂ ਦਾ ਵਿਸਥਾਰ ਵਿੱਚ ਅਧਿਐਨ ਕੀਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਬਿਜ਼ਨਸ ਸਟੱਡੀਜ਼ ਵਿਭਾਗ ਤੋਂ ਪ੍ਰੋ ਆਨੰਦ ਬਾਂਸਲ ਦੀ ਨਿਗਰਾਨੀ ਹੇਠ ਇਹ ਅਧਿਐਨ ਖੋਜਾਰਥੀ ਡਾ. ਹਿਮਾਂਸ਼ੀ ਬਾਂਸਲ ਵੱਲੋਂ ਕੀਤਾ ਗਿਆ।
ਪ੍ਰੋ. ਆਨੰਦ ਬਾਂਸਲ ਨੇ ਦੱਸਿਆ ਕਿ ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਜ਼ਿਲ੍ਹਿਆਂ ਤੋਂ ਵਿਅਕਤੀਗਤ ਨਿਵੇਸ਼ਕਾਂ ਨਾਲ਼ ਸੰਬੰਧਿਤ ਅੰਕੜੇ ਇਕੱਠੇ ਕਰ ਕੇ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੋਜ ਦੇ ਨਤੀਜੇ ਸਪੱਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਰਵਾਇਤੀ ਵਿੱਤੀ ਸਿਧਾਂਤਾਂ ਦੇ ਉਲਟ, ਆਮ ਨਿਵੇਸ਼ਕ ਹਮੇਸ਼ਾ ਤਰਕਸੰਗਤ ਫੈਸਲੇ ਨਹੀਂ ਲੈਂਦੇ। ਉਨ੍ਹਾਂ ਦੱਸਿਆ ਕਿ ਅਧਿਐਨ ਅਨੁਸਾਰ ਕਈ ਨਿਵੇਸ਼ਕ ਅਤਿ-ਆਤਮਵਿਸ਼ਵਾਸ (ਓਵਰ-ਕਨਫ਼ੀਡੈਂਸ) ਦੇ ਪ੍ਰਭਾਵ ਹੇਠ ਆ ਕੇ ਮਾਰਕੀਟ ਵਿੱਚ ਬਾਰੰਬਾਰ ਖਰੀਦ-ਫਰੋਖ਼ਤ ਕਰਦੇ ਹਨ ਅਤੇ ਅਕਸਰ ਗ਼ਲਤ ਫੈਸਲੇ ਲੈਂਦੇ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਆਮ ਨਿਵੇਸ਼ਕ ਵਿੱਚ ਇੰਨਾ ਜ਼ਿਆਦਾ ਆਤਮ ਵਿਸਵਾਸ ਆਉਂਦਾ ਕਿੱਥੋਂ ਹੈ। ਜਦੋਂ ਇਸ ਦੇ ਬਾਰੇ ਅਧਿਐਨ ਕੀਤਾ ਗਿਆ ਤਾਂ ਇਹ ਦੇਖਿਆ ਗਿਆ ਕਿ ਆਮ ਨਿਵੇਸ਼ਕ ਸ਼ੇਅਰ ਨਾਲ਼ ਸੰਬੰਧਿਤ ਜਾਣਕਾਰੀ ਟੀਵੀ ਪ੍ਰੋਗਰਾਮ, ਅਖ਼ਬਾਰ, ਮੈਗਜ਼ੀਨ, ਦੋਸਤਾਂ, ਰਿਸ਼ਤੇਦਾਰਾਂ ਅਤੇ ਸਹਿਕਰਮੀਆਂ ਦੇ ਨਾਲ ਗੱਲਬਾਤ ਤੋਂ ਹੀ ਇਕੱਠੀ ਕਰਦਾ ਹੈ। ਉਸ ਜਾਣਕਾਰੀ ਦੇ ਆਧਾਰ 'ਤੇ ਹੀ ਆਪਣੀ ਸੀਮਿਤ ਸਮਝ ਦੇ ਮੁਤਾਬਿਕ ਫੈਸਲੇ ਲੈਂਦਾ ਹੈ ਜਦੋਂ ਕਿ ਉਹ ਜਾਣਕਾਰੀ ਸਟਾਕ ਮਾਰਕੀਟ ਵਿੱਚ ਮੁਨਾਫ਼ਾ ਕਮਾਉਣ ਲਈ ਕਾਫ਼ੀ ਨਹੀਂ ਹੁੰਦੀ।
ਖੋਜਾਰਥੀ ਡਾ. ਹਿਮਾਂਸ਼ੀ ਬਾਂਸਲ, ਜੋ ਕਿ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ, ਨੇ ਦੱਸਿਆ ਕਿ ਖੋਜ ਨਤੀਜੇ ਇਹ ਵੀ ਦਰਸਾਉਂਦੇ ਹਨ ਕਿ ਆਮ ਨਿਵੇਸ਼ਕ ਆਪਣੇ ਅਤਿ-ਆਤਮਵਿਸ਼ਵਾਸ ਦੇ ਕਾਰਨ ਪੋਰਟਫੋਲਿਓ ਵਿੱਚ ਨਿਵੇਸ਼ ਨੂੰ ਵੱਖ-ਵੱਖ ਖੇਤਰਾਂ ਨਾਲ਼ ਸਬੰਧਤ ਸ਼ੇਅਰਾਂ ਵਿੱਚ ਠੀਕ ਤਰ੍ਹਾਂ ਨਹੀਂ ਰੱਖਦੇ, ਜਿਸ ਨਾਲ਼ ਉਹ ਅਕਸਰ ਜੋਖ਼ਮ ਘਟਾਉਣ ਦੇ ਲਾਭਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਨਿਵੇਸ਼ਕ ਭੇਡਚਾਲ ਦਾ ਸ਼ਿਕਾਰ ਹੋ ਕੇ ਬਿਨਾਂ ਪੂਰੀ ਜਾਂਚ-ਪੜਤਾਲ ਦੇ ਮਿਲਣ ਵਾਲ਼ੇ ਟਿਪਸ 'ਤੇ ਭਰੋਸਾ ਕਰ ਕੇ ਹੀ ਨਿਵੇਸ਼ ਕਰਦੇ ਹਨ ਅਤੇ ਕਈ ਵਾਰ ਆਪਣੀ ਸਾਰੀ ਪੂੰਜੀ ਇੱਕੋ ਹੀ ਕੰਪਨੀ ਦੇ ਸ਼ੇਅਰਾਂ ਵਿੱਚ ਲਗਾ ਦਿੰਦੇ ਹਨ, ਜੋ ਕਿ ਕਾਫ਼ੀ ਜੋਖ਼ਮ ਭਰਿਆ ਫੈਸਲਾ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਖੋਜ ਰਾਹੀਂ ਕੀਤਾ ਗਿਆ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ ਭਾਰਤੀ ਘਰਾਂ ਵਿੱਚ ਬੈਂਕ ਵਿੱਚ ਰਾਸ਼ੀ ਜਮ੍ਹਾਂ ਕਰਵਾਉਣਾ ਅਜੇ ਵੀ ਸਭ ਤੋਂ ਪਸੰਦੀਦਾ ਨਿਵੇਸ਼ ਵਿਧੀ ਮੰਨੀ ਜਾਂਦੀ ਹੈ, ਕਿਉਂਕਿ ਇਹ ਨਿਵੇਸ਼ਕਾਂ ਨੂੰ ਉੱਚ ਪੱਧਰ ਦੀ ਸੁਰੱਖਿਆ, ਸਥਿਰਤਾ ਅਤੇ ਨਿਸ਼ਚਿਤ ਆਮਦਨ ਦਾ ਭਰੋਸਾ ਪ੍ਰਦਾਨ ਕਰਦੀ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਖੋਜ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਹ ਅਧਿਐਨ ਵਿਦਿਆਰਥੀਆਂ ਤੇ ਸਮਾਜ ਲਈ ਬਹੁਤ ਲਾਭਕਾਰੀ ਹੈ। ਅਜਿਹੀਆਂ ਖੋਜਾਂ ਸਮੇਂ ਦੀ ਲੋੜ ਹਨ, ਜੋ ਲੋਕਾਂ ਨੂੰ ਸੂਝ-ਬੂਝ ਨਾਲ ਨਿਵੇਸ਼ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਭੂ-ਰਾਜਨੀਤਿਕ ਅਤੇ ਗਲੋਬਲ ਆਰਥਿਕ ਪ੍ਰਸੰਗ ਵਿੱਚ, ਇਸ ਤਰ੍ਹਾਂ ਦੀਆਂ ਖੋਜਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ, ਕਿਉਂਕਿ ਮੌਜੂਦਾ ਸਮੇਂ ਸਟਾਕ ਮਾਰਕੀਟ ਦੀ ਦਿਸ਼ਾ ਦਾ ਅਨੁਮਾਨ ਲਗਾਉਣਾ ਆਮ ਨਿਵੇਸ਼ਕ ਲਈ ਕਾਫ਼ੀ ਮੁਸ਼ਕਲ ਹੋ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਨੇ ਨਾਰੀ ਤਾਕਤ ਦੇ ਬਿਰਤਾਂਤ ਸਬੰਧੀ ਵਿਸ਼ੇ 'ਤੇ ਕਰਵਾਇਆ ਵਿਸ਼ੇਸ਼ ਸੈਮੀਨਾਰ
ਪਟਿਆਲਾ, 22 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਨਾਰੀ ਤਾਕਤ ਦੇ ਬਿਰਤਾਂਤ ਸਬੰਧੀ ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦੌਰਾਨ ਵੱਖ-ਵੱਖ ਔਰਤ ਬੁਲਾਰਿਆਂ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਅਤੇ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ।
ਇਸ ਸੈਮੀਨਾਰ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ।
ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸਮਾਜ ਨੂੰ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ। ਸਾਨੂੰ ਉਨ੍ਹਾਂ 'ਤੇ ਤਰਸ ਖਾਣ ਦੀ ਬਜਾਏ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਲੋੜਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੁਲਾਰਿਆਂ ਦੀਆਂ ਜੀਵਨ ਕਹਾਣੀਆਂ ਸਾਨੂੰ ਸਿਖਾਉਂਦੀਆਂ ਹਨ ਕਿ ਮਨੁੱਖੀ ਇਰਾਦਾ ਕਿਸੇ ਵੀ ਸਰੀਰਕ ਜਾਂ ਸਮਾਜਿਕ ਰੁਕਾਵਟ ਤੋਂ ਵੱਡਾ ਹੁੰਦਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਯੂਨੀਵਰਸਿਟੀ ਅਜਿਹੇ ਮਾਹੌਲ ਨੂੰ ਸਿਰਜਣ ਲਈ ਵਚਨਬੱਧ ਹੈ ਜਿੱਥੇ ਹਰ ਵਰਗ ਦੀਆਂ ਔਰਤਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਮਾਣ-ਸਤਿਕਾਰ ਨਾਲ ਆਪਣੀ ਪਛਾਣ ਬਣਾ ਸਕਣ।
ਸੈਮੀਨਾਰ ਦੌਰਾਨ ਸਟੇਟ ਐਵਾਰਡੀ ਅਤੇ ਪਦਮ ਸ਼੍ਰੀ ਨੋਮੀਨੇਟਡ ਡਾ. ਅਨੁਪਮਾ ਗੁਪਤਾ ਅਤੇ ਪ੍ਰੋਫੈਸਰ ਆਫ ਐਂਟਰਪ੍ਰਨਿਓਰਸ਼ਿਪ, ਟੈਡਐਕਸ ਸਪੀਕਰ ਅਤੇ ਐਕਸਪਰਟ ਫਾਊਂਡਰ 'ਡਰਾਈਵ ਆਨ ਮਾਈ ਔਨ' ਡਾ. ਅਨੀਤਾ ਸ਼ਰਮਾ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਜ਼ਿੰਦਗੀ ਦੇ ਵਿੱਚ ਆਉਂਦੇ ਉਤਰਾਅ-ਚੜ੍ਹਾਅ ਸਾਨੂੰ ਹੋਰ ਵੀ ਮਜ਼ਬੂਤ ਬਣਾ ਦਿੰਦੇ ਹਨ। ਇਸ ਦੌਰਾਨ ਪਰਿਵਾਰ ਦੇ ਮੈਂਬਰਾਂ ਵੱਲੋਂ ਦਿੱਤਾ ਗਿਆ ਸਨੇਹ ਅਤੇ ਸੁਰੱਖਿਆ ਸਾਨੂੰ ਫਿਰ ਤੋਂ ਆਮ ਜ਼ਿੰਦਗੀ ਦੇ ਰਾਹ ਉੱਪਰ ਪਾ ਦਿੰਦੀ ਹੈ। ਇਨ੍ਹਾਂ ਬੁਲਾਰਿਆਂ ਨੇ ਆਪੋ ਆਪਣੀ ਕਹਾਣੀ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਕਈ ਵਾਰ ਜਦੋਂ ਅਸੀਂ ਪ੍ਰਸਥਿਤੀਆਂ ਬਦਲਣ ਦੇ ਅਸਮਰੱਥ ਹੋਈਏ ਤਾਂ ਸਾਨੂੰ ਮਨੋਸਥਿਤੀਆਂ ਬਦਲ ਲੈਣੀਆਂ ਚਾਹੀਦੀਆਂ ਹਨ।
ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਡਾ. ਸੁਖਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਆਪਣੇ ਨਿੱਜੀ ਤਜਰਬੇ ਦੇ ਅਧਾਰ 'ਤੇ ਸੋਚ ਬਦਲਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਵਿਦਿਅਕ ਸੰਸਥਾਵਾਂ ਅਤੇ ਹੋਰਨਾਂ ਅਦਾਰਿਆਂ ਵਿੱਚ ਵਿਸ਼ੇਸ਼ ਲੋੜਾਂ ਵਾਲ਼ੇ ਲੋਕਾਂ ਲਈ ਲੋੜੀਂਦਾ ਪ੍ਰਬੰਧ ਕਰਨ ਦੀ ਲੋੜ ਹੈ।
ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਨੈਨਾ ਸ਼ਰਮਾ ਨੇ ਸਵਾਗਤੀ ਭਾਸ਼ਣ ਦੌਰਾਨ ਸਮਾਗਮ ਦੇ ਵਿਸ਼ੇ ਸਬੰਧੀ ਟਿੱਪਣੀਆਂ ਕੀਤੀਆਂ।
ਸੈਂਟਰ ਆਫ ਦੀ ਇੰਪਾਵਰਮੈਂਟ ਆਫ ਪਰਸਨ ਵਿਦ ਡਿਸਏਬਿਲਿਟੀ ਦੇ ਕੋਆਰਡੀਨੇਟਰ ਡਾ. ਕਿਰਨ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਪਰਿਵਾਰਕ ਸਹਾਰਿਆਂ ਦੀ ਮਹੱਤਤਾ ਬਾਰੇ ਦੱਸਿਆ।
ਅਖੀਰ ਵਿੱਚ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪ੍ਰੋਫੈਸਰ ਬਲਰਾਜ ਸੈਣੀ ਨੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਰਮਿੰਦਰ ਕੌਰ ਨੇ ਨਿਭਾਈ।
ਦੁਨੀਆ ਦੇ ਇਤਿਹਾਸ ਵਿੱਚ ਵੱਡੀ ਘਟਨਾ ਹੈ ਖਾਲਸੇ ਦੀ ਸਾਜਨਾ: ਡਾ. ਜਗਦੀਪ ਸਿੰਘ
ਪੰਜਾਬੀ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਨੇ ਕਰਵਾਇਆ ਵਿਸਾਖੀ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ
ਪਟਿਆਲਾ, 22 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਸਥਾਪਿਤ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਵਿਸਾਖੀ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। 'ਗੁਰੂ ਗੋਬਿੰਦ ਸਿੰਘ ਜੀ: ਸਮਾਜਿਕ ਬਰਾਬਰੀ ਦਾ ਸੰਦੇਸ਼' ਵਿਸ਼ੇ 'ਤੇ ਕਰਵਾਏ ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ।
ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖਾਲਸਾ ਪੰਥ ਅਤੇ ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨ ਦੇ ਅਨੁਭਵ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਹ ਦੁਨੀਆ ਦੇ ਇਤਿਹਾਸ ਵਿਚ ਇਕ ਵੱਡੀ ਘਟਨਾ ਹੈ, ਜਿਸ ਨੇ ਸਾਰੇ ਵਿਤਕਰਿਆਂ ਨੂੰ ਖਤਮ ਕੀਤਾ। ਉਨ੍ਹਾਂ ਵਿਭਾਗ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਵਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਭਵਨ ਅਤੇ ਇਸ ਵਿਚ ਚਲ ਰਹੇ ਖੋਜ ਕਾਰਜਾਂ ਨੂੰ ਪੰਜਾਬੀ ਯੂਨੀਵਰਸਿਟੀ ਦੀ ਪਛਾਣ ਦੱਸਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਦੇ ਪ੍ਰੋਫੈਸਰ ਇੰਚਾਰਜ, ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ੀ ਸਮਾਜਕ ਬਰਾਬਰੀ ਆਮ ਬਰਾਬਰਤਾ ਨਹੀਂ ਸਗੋਂ ਇਸ ਵਿਚ ਆਰਥਿਕ, ਧਾਰਮਕ, ਰਾਜਨੀਤਕ ਅਤੇ ਅਧਿਆਤਮਕ ਪੱਖਾਂ ਦੇ ਅਧਾਰ ’ਤੇ ਇਕਸਾਰਤਾ ਬਖਸ਼ੀ ਗਈ ਹੈ। ਇਸ ਸੈਮੀਨਾਰ ਦੇ ਅਕਾਦਮਿਕ ਸੈਸ਼ਨ ਵਿਚ ਡਾ. ਗੁਰਮੇਲ ਸਿੰਘ, ਅਸਿਸਟੈਂਟ ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਡਾ. ਗੁਰਵੀਰ ਸਿੰਘ, ਅਸਿਸਟੈਂਟ ਪ੍ਰੋਫੈਸਰ, ਖਾਲਸਾ ਕਾਲਜ, ਪਟਿਆਲਾ ਅਤੇ ਡਾ. ਤੇਜਿੰਦਰ ਪਾਲ ਸਿੰਘ, ਅਸਿਸਟੈਂਟ ਪ੍ਰੋਫੈਸਰ, ਯੂਨੀਵਰਸਿਟੀ ਕਾਲਜ, ਮੀਰਾਂਪੁਰ ਵਲੋਂ ਖਾਲਸਾ ਸਿਰਜਨਾ, ਧਰਮ ਤੇ ਸਭਿਆਚਾਰ ਦੀ ਸੁਰਖਿਆ ਅਤੇ ਪ੍ਰੇਮ ਸੁਮਾਰਗ ਗ੍ਰੰਥ ਦੇ ਹਵਾਲੇ ਨਾਲ ਸਮਾਜਕ ਬਰਾਬਰਤਾ ਸੰਬੰਧੀ ਤਿੰਨ ਪਰਚੇ ਪੇਸ਼ ਕੀਤੇ ਗਏ।
ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਡਾ. ਪਰਮਵੀਰ ਸਿੰਘ, ਪ੍ਰੋਫੈਸਰ, ਸਿੱਖ ਵਿਸ਼ਵਕੋਸ਼ ਵਿਭਾਗ, ਨੇ ਧਰਮ ਗ੍ਰੰਥਾਂ ਦਾ ਅਧਿਐਨ ਧਰਮ ਅਧਿਐਨ ਦਾ ਇਕ ਜ਼ਰੂਰੀ ਹਿੱਸਾ ਦਸਿਆ। ਧਰਮ ਗ੍ਰੰਥਾਂ ਦੀ ਵਿਆਖਿਆਕਾਰੀ ਸਮੇਂ ਅਤੇ ਸਥਾਨ ਦੇ ਨਾਲ ਬਦਲਦੀ ਰਹਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖਾਂ ਦੀ ਦਸਤਾਰ ਅਤੇ ਲੰਗਰ ਪ੍ਰਥਾ ਨੂੰ ਸਿੱਖੀ ਦੀ ਨਵੇਕਲੀ ਪਛਾਣ ਦੱਸਿਆ। ਡਾ. ਤੇਜਿੰਦਰ ਕੌਰ ਧਾਲੀਵਾਲ, ਮੁਖੀ ਧਰਮ ਅਧਿਐਨ ਵਿਭਾਗ ਵਲੋਂ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਗਿਆ। ਸੈਮੀਨਾਰ ਵਿੱਚ ਸਟੇਜ ਸੰਚਾਲਨ ਦਾ ਕਾਰਜ ਡਾ. ਪ੍ਰਦੀਪ ਕੌਰ ਵੱਲੋਂ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਵਿਖੇ ਅਨੁਵਾਦ ਵਰਕਸ਼ਾਪ ਸ਼ੁਰੂ
ਰਾਸ਼ਟਰੀ ਅਨੁਵਾਦ ਮਿਸ਼ਨ, ਮੈਸੂਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਵਰਕਸ਼ਾਪ
ਪਟਿਆਲਾ, 21 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਰਾਸ਼ਟਰੀ ਅਨੁਵਾਦ ਮਿਸ਼ਨ, ਮੈਸੂਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਤਿੰਨ ਰੋਜ਼ਾ ਅਨੁਵਾਦ ਵਰਕਸ਼ਾਪ ਅੱਜ ਆਰੰਭ ਹੋ ਗਈ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਸਰਪ੍ਰਸਤੀ ਹੇਠ 23 ਅਪ੍ਰੈਲ ਤੱਕ ਚੱਲਣ ਵਾਲ਼ੀ ਇਸ ਵਰਕਸ਼ਾਪ ਦਾ ਉਦਘਾਟਨੀ ਭਾਸ਼ਣ ਡਾ. ਰਾਜੇਸ਼ ਸ਼ਰਮਾ ਨੇ ਦਿੱਤਾ।
ਉਨ੍ਹਾਂ ਨੇ ਅਨੁਵਾਦ ਵਿੱਚ ਭਾਰਤੀ ਸਿਧਾਂਤ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਅਨੁਵਾਦ ਵਿੱਚ ਧੁਨੀ ਦੀ ਭੂਮਿਕਾ ਬਾਰੇ ਦਸਦਿਆਂ ਕਿਹਾ ਕਿ ਹਰ ਭਾਸ਼ਾ ਦੀ ਧੁਨੀ ਆਪਣੀ ਹੁੰਦੀ ਹੈ। ਇਹ ਧੁਨੀ ਹੀ ਅਨੁਵਾਦ ਦੇ ਅਤੇ ਭਾਸ਼ਾ ਦੇ ਰਿਸ਼ਤੇ ਨੂੰ ਨਿਰਧਾਰਿਤ ਕਰਦੀ ਹੈ। ਇਹ ਉਸ ਸੱਭਿਆਚਾਰ ਦੇ ਨਿਖੇੜੂ ਲੱਛਣਾਂ ਵਾਂਗ ਹੁੰਦੀ ਹੈ ਜਿਹੜੇ ਇੱਕ ਸੱਭਿਆਚਾਰ ਨੂੰ ਦੂਜੇ ਸੱਭਿਆਚਾਰ ਤੋਂ ਵਖਰਿਆਉਂਦੇ ਹਨ। ਉਦਘਾਟਨੀ ਸੈਸ਼ਨ ਵਿੱਚ ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਵਿੰਦਰ ਪਾਲ ਕੌਰ ਨੇ ਸਵਾਗਤੀ ਸ਼ਬਦ ਕਹੇ ਅਤੇ ਵਰਕਸ਼ਾਪ ਦੇ ਉਦੇਸ਼ ਬਾਰੇ ਜਾਣਕਾਰੀ ਸਾਂਝੀ ਕੀਤੀ, ਰਾਸ਼ਟਰੀ ਅਨੁਵਾਦ ਮਿਸ਼ਨ, ਮੈਸੂਰ ਵੱਲੋਂ ਆਏ ਡਾ. ਵਿਸ਼ਵਦੀਪ ਨੇ ਵਰਕਸ਼ਾਪ ਬਾਰੇ ਜਾਣ-ਪਛਾਣ ਕਰਵਾਈ।
ਇਸ ਮੌਕੇ ਦੇ ਵੱਖ-ਵੱਖ ਪੱਖਾਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਵਰਕਸ਼ਾਪ ਦੀ ਪਹਿਲੀ ਬੈਠਕ ਵਿੱਚ ਡਾ. ਰਾਜੇਸ਼ ਸ਼ਰਮਾ, ਅੰਗਰੇਜ਼ੀ ਵਿਭਾਗ ਵੱਲੋਂ 'ਅਨੁਵਾਦ ਅਤੇ ਵਿਆਖਿਆ' ਵਿਸ਼ੇ 'ਤੇ ਆਪਣਾ ਪੱਖ ਪੇਸ਼ ਕੀਤਾ ਗਿਆ। ਉਨਾਂ ਵੱਲੋਂ ਅਨੁਵਾਦ ਦੇ ਖੇਤਰ ਦੀਆਂ ਵਿਸ਼ੇਸ਼ਤਾਵਾਂ ਅਤੇ ਸਮੱਸਿਆਵਾਂ ਬਾਰੇ ਚਾਨਣਾ ਪਾਇਆ ਗਿਆ।
ਵਰਕਸ਼ਾਪ ਦੀ ਦੂਜੀ ਬੈਠਕ ਵਿੱਚ ਡਾ. ਸੁਰਜੀਤ ਸਿੰਘ, ਪ੍ਰੋਫੈਸਰ, ਪੰਜਾਬੀ ਵਿਭਾਗ ਵੱਲੋਂ 'ਸਾਹਿਤਕ ਅਨੁਵਾਦ' ਬਾਰੇ ਵਿਚਾਰ ਪੇਸ਼ ਕੀਤੇ ਗਏ। ਉਹਨਾਂ ਅਨੁਵਾਦ ਵਿੱਚ ਆਪਣੇ ਮੁੱਢਲੇ ਤਜਰਬਿਆਂ ਤੋਂ ਗੱਲ ਸ਼ੁਰੂ ਕੀਤੀ। ਉਹਨਾਂ ਅਨੁਵਾਦ ਵਿੱਚ ਪ੍ਰਸੰਗ ਅਤੇ ਮੈਟਾਫਰ ਦੀਆਂ ਚੁਣੌਤੀਆਂ ਉੱਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਕੋਈ ਵੀ ਭਾਸ਼ਾ ਜਦੋਂ ਦੂਜੀ ਭਾਸ਼ਾ ਵਿੱਚ ਅਨੁਵਾਦ ਕੀਤੀ ਜਾਂਦੀ ਹੈ ਤਾਂ ਉਹਨੂੰ ਉਦੇਸ਼ ਭਾਸ਼ਾ ਦੇ ਅਨੁਸਾਰੀ ਬਣਾਉਣ ਦੀ ਕੋਸ਼ਿਸ਼ ਅਨੁਵਾਦ ਦਾ ਅਸਲ ਮੰਤਵ ਰੋਕਦੀ ਹੈ ।
ਤੀਜੀ ਬੈਠਕ ਵਿੱਚ ਡਾ. ਸੀ. ਪੀ. ਕੰਬੋਜ, ਭਾਸ਼ਾ ਵਿਗਿਆਨ ਵਿਭਾਗ, ਨੇ ਮਸ਼ੀਨੀ ਅਨੁਵਾਦ ਅਤੇ ਅਨੁਵਾਦ ਉਪਕਰਣਾਂ ਦੀ ਵਰਤੋਂ ਬਾਰੇ ਪ੍ਰਯੋਗਾਤਮਕ ਜਾਣਕਾਰੀ ਦਿੱਤੀ। ਉਹਨਾਂ ਮਸ਼ੀਨੀ ਅਨੁਵਾਦ ਦੀ ਸੰਪਾਦਨਾ ਲਈ ਉਪਲਬਧ ਸਾਫਟਵੇਅਰ ਅਤੇ ਟੂਲਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਵੱਲੋਂ ਅਨੁਵਾਦਕ ਦੀ ਭੂਮਿਕਾ ਬਾਰੇ ਵੀ ਗੱਲ ਕੀਤੀ ਗਈ ਉਹਨਾਂ ਅਨੁਸਾਰ ਹੁਣ ਅਨੁਵਾਦਕ ਦਾ ਰੋਲ ਬਦਲ ਗਿਆ ਹੈ ਅਤੇ ਹੁਣ ਅਨੁਵਾਦਕ ਅਨੁਵਾਦ ਨੂੰ ਸੰਵਾਰਨ ਵੱਲ ਵੱਧ ਰਹੇ ਹਨ। ਉਹਨਾਂ ਨੇ ਮਸ਼ੀਨ ਟਰਾਂਸਲੇਸ਼ਨ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਬਾਰੇ ਵੀ ਗੱਲ ਕੀਤੀ।
ਪੰਜਾਬ ਸਰਕਾਰ ਦਾ ਸਲਾਹੁਣਯੋਗ ਕਦਮ ਹੈ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ': ਡਾ. ਜਗਦੀਪ ਸਿੰਘ
ਪੰਜਾਬੀ ਯੂਨੀਵਰਸਿਟੀ ਵਿਖੇ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਅਧੀਨ ਕਾਰਡ ਬਣਾਉਣ ਲਈ ਲਗਾਇਆ ਵਿਸ਼ੇਸ਼ ਕੈਂਪ
ਪਟਿਆਲਾ, 21 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਵਿਖੇ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਅਧੀਨ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।
ਯੂਨੀਵਰਸਿਟੀ ਦੇ ਭਾਈ ਘਨੱਈਆ ਸਿਹਤ ਕੇਂਦਰ ਵੱਲੋਂ ਐੱਨ.ਐੱਸ. ਐੱਸ. ਵਿਭਾਗ ਅਤੇ ਕੰਪਿਊਟਰ ਸੈਂਟਰ ਦੇ ਸਹਿਯੋਗ ਨਾਲ਼ ਯੂਨੀਵਰਸਿਟੀ ਕੈਂਪਸ ਅਤੇ ਅਰਬਨ ਅਸਟੇਟ ਦੇ ਵਸਨੀਕਾਂ ਲਈ ਲਗਾਏ ਜਾ ਰਹੇ ਇਸ ਵਿਸ਼ੇਸ਼ ਐਨਰੋਲਮੈਂਟ ਕੈਂਪ ਦਾ ਮੁੱਖ ਉਦੇਸ਼ ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਅਧੀਨ ਯੋਗ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਨਾ ਅਤੇ ਉਨ੍ਹਾਂ ਦੇ ਕਾਰਡ ਜਾਰੀ ਕਰਨਾ ਹੈ।
ਜ਼ਿਕਰਯੋਗ ਹੈ ਕਿ ਇਸ ਸਕੀਮ ਅਧੀਨ ਹਰੇਕ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ (ਨਗਦੀ ਰਹਿਤ) ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਉਪਰਾਲਾ ਯੂਨੀਵਰਸਿਟੀ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਕੈਂਪਸ ਨਿਵਾਸੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਆਮ ਲੋਕਾਂ ਲਈ ਮਦਦਗਾਰ ਰਹੇਗਾ ਕਿਉਂਕਿ ਕੈਂਪ ਦੌਰਾਨ ਸਿਖਲਾਈ ਪ੍ਰਾਪਤ ਸਟਾਫ਼ ਅਤੇ ਵਾਲੰਟੀਅਰਾਂ ਦੀ ਮਦਦ ਨਾਲ਼ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਸੁਖਾਲਾ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ਦੀ ਇਸ ਵਿਸ਼ੇਸ਼ ਉਪਰਾਲੇ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਮੈਡੀਕਲ ਐਮਰਜੈਂਸੀ ਦੌਰਾਨ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਸਬੰਧੀ ਸਰਕਾਰ ਵੱਲੋਂ ਉਠਾਇਆ ਗਿਆ ਇਹ ਕਦਮ ਬੇਹੱਦ ਸਲਾਹੁਣਯੋਗ ਹੈ ਜਿਸ ਨਾਲ਼ ਆਮ ਲੋਕਾਂ 'ਤੇ ਆਰਥਿਕ ਬੋਝ ਨਹੀਂ ਪਵੇਗਾ। ਉਨ੍ਹਾਂ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਇਸ ਯੋਜਨਾ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਨੀ ਨੇ ਦੱਸਿਆ ਕਿ ਇਹ ਕੈਂਪ ਜੋ ਕਿ ਪਹਿਲਾਂ 24 ਅਪ੍ਰੈਲ ਤੱਕ ਸੀ ਅਤੇ ਹੁਣ ਕੁੱਝ ਹੋਰ ਦਿਨ ਲਈ ਕੰਪਿਊਟਰ ਸੈਂਟਰ ਲੈਬ ਵਿਖੇ ਯੂਨੀਵਰਸਿਟੀ ਦੇ ਕੰਮਕਾਜੀ ਸਮੇਂ ਦੌਰਾਨ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਲਈ ਸਬੰਧਤ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਆਧਾਰ ਕਾਰਡ, ਵੋਟਰ ਆਈ.ਡੀ. ਕਾਰਡ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜਨਮ ਸਰਟੀਫਿਕੇਟ ਨਾਲ਼ ਲੈ ਕੇ ਆਉਣਾ ਜ਼ਰੂਰੀ ਹੈ। ਆਪਣੇ ਇਨ੍ਹਾਂ ਅਸਲ ਦਸਤਾਵੇਜ਼ਾਂ ਦੇ ਨਾਲ਼-ਨਾਲ਼ ਉਨ੍ਹਾਂ ਦੀਆਂ ਫੋਟੋ ਸਟੈਟ ਕਾਪੀਆਂ ਵੀ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ ਗਈ ਹੈ।
ਪੰਜਾਬੀ ਯੂਨੀਵਰਸਿਟੀ ਵਿਖੇ ਅਲੂਮਨੀ ਐਸੋਸੀਏਸ਼ਨ ਨੇ ਵਿਸ਼ੇਸ਼ ਇਕੱਤਰਤਾ ਕਰਵਾਈ
ਪੁਰਾਣੇ ਵਿਦਿਆਰਥੀ ਹੁੰਦੇ ਹਨ ਸੰਸਥਾ ਦਾ ਮਾਣ: ਡਾ. ਜਗਦੀਪ ਸਿੰਘ
ਪੰਜਾਬੀ ਯੂਨੀਵਰਸਿਟੀ ਦੇ ਰੰਗਮੰਚ ਨੇ ਹੀ ਅਦਾਕਾਰੀ ਦੀਆਂ ਬਾਰੀਕੀਆਂ ਸਿਖਾਈਆਂ: ਬਿੰਨੂ ਢਿੱਲੋਂ
ਪਟਿਆਲਾ, 20 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਵਿਖੇ ਅਲੂਮਨੀ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਇਕੱਤਰਤਾ ਕਰਵਾਈ ਗਈ। ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਬਿੰਨੂ ਢਿੱਲੋਂ ਅਤੇ ਨਵਦੀਪ ਕਲੇਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਅਲੂਮਨੀ ਐਸੋਸੀਏਸ਼ਨ ਕਿਸੇ ਵੀ ਸੰਸਥਾ ਦਾ ਸਰਮਾਇਆ ਅਤੇ ਰੀੜ੍ਹ ਦੀ ਹੱਡੀ ਹੁੰਦੀ ਹੈ। ਪੁਰਾਣੇ ਵਿਦਿਆਰਥੀ ਨਾ ਸਿਰਫ਼ ਸੰਸਥਾ ਦਾ ਮਾਣ ਵਧਾਉਂਦੇ ਹਨ, ਸਗੋਂ ਮੌਜੂਦਾ ਵਿਦਿਆਰਥੀਆਂ ਲਈ ਮਾਰਗਦਰਸ਼ਕ ਵਜੋਂ ਵੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਆਪਣੇ ਉਨ੍ਹਾਂ ਹੀਰਿਆਂ 'ਤੇ ਮਾਣ ਹੈ ਜੋ ਅੱਜ ਦੁਨੀਆ ਭਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਇਨ੍ਹਾਂ ਹੀਰਿਆਂ ਨੂੰ ਆਪਣੇ ਨਾਲ਼ ਜੋੜਨ ਵਿੱਚ ਮਾਣ ਮਹਿਸੂਸ ਕਰਦੀ ਹੈ।
ਅਦਾਕਾਰ ਬਿੰਨੂ ਢਿੱਲੋਂ ਨੇ ਆਪਣੇ ਵਿਦਿਆਰਥੀ ਜੀਵਨ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਸੇ ਯੂਨੀਵਰਸਿਟੀ ਦੇ ਰੰਗਮੰਚ ਨੇ ਉਨ੍ਹਾਂ ਨੂੰ ਅਦਾਕਾਰੀ ਦੀਆਂ ਬਾਰੀਕੀਆਂ ਸਿਖਾਈਆਂ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਨੂੰ ਆਪਣੀ ਮਾਂ ਸੰਸਥਾ ਆਖਦਿਆਂ ਇਸ ਨਾਲ਼ ਜੁੜਿਆ ਆਪਣੀਆਂ ਭਾਵਨਾਤਮਕ ਯਾਦਾਂ ਸਾਂਝੀਆਂ ਕੀਤੀਆਂ। ਉਸ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਸਦਾ ਹੀ ਮਾਣ ਰਿਹਾ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਤੋਂ ਪੜ੍ਹ ਕੇ ਅੱਜ ਦੁਨੀਆਂ ਭਰ ਵਿੱਚ ਆਪਣਾ ਨਾਮ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਸੀਂ ਆਪਣਾ ਨਾਮ ਬਣਾ ਚੁੱਕੇ ਹਾਂ ਤਾਂ ਇਹ ਸਮਾਂ ਆਪਣੀ ਮਾਂ ਸੰਸਥਾਲਈ ਵਾਪਸ ਕੁੱਝ ਕਰਨ ਦਾ ਹੈ। ਇਸ ਲਈ ਜਿੱਥੇ ਅਤੇ ਜਿਵੇਂ ਵੀ ਸੰਭਵ ਹੋਵੇ ਅਸੀਂ ਯੂਨੀਵਰਸਿਟੀ ਦੀ ਮਦਦ ਕਰਨ ਲਈ ਹਰ ਫਰੰਟ ਉੱਤੇ ਕੰਮ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਯੂਨੀਵਰਸਿਟੀ ਨਾਲ ਲਗਾਤਾਰ ਜੁੜੇ ਰਹਿਣ ਦਾ ਵੀ ਸਬੱਬ ਬਣਿਆ ਰਹੇਗਾ।
ਅਦਾਕਾਰ ਨਵਦੀਪ ਕਲੇਰ ਵੱਲੋਂ ਵੀ ਇਸ ਮੌਕੇ ਆਪਣੇ ਦਿਲੀ ਭਾਵ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ ਪ੍ਰਤੀ ਆਪਣੇ ਲਗਾਓ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਉਨ੍ਹਾਂ ਵੀ ਇਹ ਵਾਅਦਾ ਕੀਤਾ ਕਿ ਉਹ ਯੂਨੀਵਰਸਿਟੀ ਨਾਲ਼ ਆਪਣੀ ਸਮਰੱਥਾ ਅਨੁਸਾਰ ਕਿਸੇ ਵੀ ਪੱਖੋਂ ਖੜ੍ਹਨ ਲਈ ਤਿਆਰ ਹਨ। ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ।
ਇਸ ਇਕੱਤਰਤਾ ਦਾ ਮੁੱਖ ਮਕਸਦ ਸਾਬਕਾ ਵਿਦਿਆਰਥੀਆਂ ਨੂੰ ਮੁੜ ਆਪਣੀਆਂ ਜੜ੍ਹਾਂ ਨਾਲ ਜੋੜਨਾ ਅਤੇ ਯੂਨੀਵਰਸਿਟੀ ਦੇ ਵਿਕਾਸ ਵਿੱਚ ਉਨ੍ਹਾਂ ਦਾ ਸਹਿਯੋਗ ਲੈਣਾ ਸੀ। ਸਮਾਗਮ ਦੇ ਅੰਤ ਵਿੱਚ ਯੂਨੀਵਰਸਿਟੀ ਵੱਲੋਂ ਦੋਵਾਂ ਕਲਾਕਾਰਾਂ ਨੂੰ ਉਨ੍ਹਾਂ ਦੀਆਂ ਕਲਾਤਮਕ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਸਿਧਾਂਤਕ ਸਿੱਖਿਆ ਅਤੇ ਉਦਯੋਗਿਕ ਜ਼ਰੂਰਤਾਂ ਵਿਚਲੇ ਖੱਪੇ ਨੂੰ ਪੂਰਨਾ ਜ਼ਰੂਰੀ: ਡਾ. ਜਗਦੀਪ ਸਿੰਘ
ਪੰਜਾਬੀ ਯੂਨੀਵਰਸਿਟੀ ਵਿਖੇ 'ਉਦਯੋਗ-ਅਕਾਦਮਿਕ ਤਾਲਮੇਲ' ਦੇ ਮਕਸਦ ਨਾਲ਼ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
ਪਟਿਆਲਾ, 17 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ 'ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼' ਵੱਲੋਂ 'ਉਦਯੋਗ-ਅਕਾਦਮਿਕ ਤਾਲਮੇਲ' ਦੇ ਮਕਸਦ ਨਾਲ਼ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। 'ਇੰਡਸਟਰੀ-ਅਕੈਡਮੀਆ ਇੰਟਰੈਕਸ਼ਨ' ਨਾਮਕ ਇਸ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਦੌਰ ਵਿੱਚ ਸਿਧਾਂਤਕ ਸਿੱਖਿਆ ਅਤੇ ਉਦਯੋਗਿਕ ਜ਼ਰੂਰਤਾਂ ਵਿਚਲੇ ਖੱਪੇ ਨੂੰ ਪੂਰਨ ਦੇ ਮਕਸਦ ਨਾਲ਼ ਅਜਿਹੇ ਸਮਾਗਮ ਕਰਵਾਉਣਾ ਬਹੁਤ ਮਹੱਤਵ ਰਖਦਾ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ-ਅਕਾਦਮਿਕ ਸੰਵਾਦ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹੁਣ ਉਦਯੋਗਿਕ ਖੇਤਰ ਦੇ ਮਾਹਿਰਾਂ ਨਾਲ਼ ਲਗਾਤਾਰ ਰਾਬਤਾ ਕਾਇਮ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ਼-ਨਾਲ਼ ਅਮਲੀ ਤਜਰਬਿਆਂ ਬਾਰੇ ਵੀ ਸੇਧ ਮਿਲ ਸਕੇ।
ਵਿਭਾਗ ਮੁਖੀ ਡਾ. ਅਮਰਇੰਦਰ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੇਸ਼ੇਵਰ ਮੁਹਾਰਤ ਅਤੇ ਉਦਯੋਗਿਕ ਤਿਆਰੀ ਲਈ ਚਲਾਏ ਜਾ ਰਹੇ ਵੱਖ-ਵੱਖ ਅਕਾਦਮਿਕ ਅਤੇ ਸਹਿ-ਅਕਾਦਮਿਕ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਬੁਲਾਰਿਆਂ ਵਿੱਚ ਸ਼ਾਮਿਲ ਐੱਲ.ਐੱਮ. ਥਾਪਰ ਸਕੂਲ ਆਫ਼ ਮੈਨੇਜਮੈਂਟ ਦੇ ਡਾਇਰੈਕਟਰ ਤੇ ਡੀਨ ਅਤੇ ਆਈ.ਆਈ.ਐੱਮ. ਸ਼ਿਲਾਂਗ ਦੇ ਸਾਬਕਾ ਡਾਇਰੈਕਟਰ ਡਾ. ਡੀ. ਪੀ. ਗੋਇਲ ਨੇ ਆਪਣੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿੱਚ ਵਿਦਿਆਰਥੀ ਅਤੇ ਅਧਿਆਪਕ ਇੱਕੋ ਜਿਹੇ ਹੁੰਦੇ ਹਨ, ਪਰ ਸੰਸਥਾ ਦਾ ਮਾਹੌਲ ਅਤੇ ਬਿਹਤਰੀਨ ਅਭਿਆਸ ਹੀ ਸਿੱਖਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਦੇ ਹਨ।
ਨਾਮਵਰ ਐੱਚ.ਆਰ. ਮਾਹਿਰ ਸ੍ਰੀ ਪ੍ਰਿਤਪਾਲ ਸਿੰਘ ਕੁਲਾਰ ਨੇ ਵਿਦਿਆਰਥੀਆਂ ਨੂੰ ਅਜੋਕੇ ਦੌਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੱਖ-ਵੱਖ ਵਿਹਾਰਕ ਹੁਨਰ ਸਿੱਖਣ ਲਈ ਪ੍ਰੇਰਿਤ ਕੀਤਾ।
ਐੱਲ.ਪੀ.ਯੂ. ਦੇ ਸਾਬਕਾ ਪ੍ਰੋ-ਵਾਈਸ ਚਾਂਸਲਰ ਡਾ. ਸੰਜੇ ਮੋਦੀ ਨੇ ਕਿਹਾ ਕਿ ਜਮਾਤਾਂ ਨੂੰ ਅਧਿਆਪਕ-ਕੇਂਦ੍ਰਿਤ ਹੋਣ ਦੀ ਰਵਾਇਤ ਤੋਂ ਬਦਲ ਕੇ ਵਿਦਿਆਰਥੀ-ਕੇਂਦ੍ਰਿਤ ਬਣਾਉਣ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਲਾਈਵ ਪ੍ਰੋਜੈਕਟਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਸਟੇਟ ਬੈਂਕ ਇੰਸਟੀਚਿਊਟ ਆਫ਼ ਲਰਨਿੰਗ ਐਂਡ ਡਿਵੈਲਪਮੈਂਟ ਦੇ ਏ.ਜੀ.ਐੱਮ. ਤੇ ਡਾਇਰੈਕਟਰ ਸ੍ਰੀ ਯਸ਼ ਕੁਮਾਰ ਗਰਗ ਨੇ ਨਵੇਂ ਸਟਾਰਟ-ਅੱਪਸ ਲਈ ਬੈਂਕਾਂ ਦੀ ਭੂਮਿਕਾ ਅਤੇ ਸਰਕਾਰੀ ਸਕੀਮਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।
ਮੰਚ ਦਾ ਸੰਚਾਲਨ ਡਾ. ਬੀ. ਬੀ. ਸਿੰਗਲਾ ਅਤੇ ਡਾ. ਅਪਾਰ ਸਿੰਘ ਵੱਲੋਂ ਕੀਤਾ ਗਿਆ। ਸੈਸ਼ਨ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਮਾਹਿਰਾਂ ਨਾਲ ਸਵਾਲ-ਜਵਾਬ ਕਰ ਕੇ ਜਾਣਕਾਰੀ ਹਾਸਿਲ ਕੀਤੀ। ਅਖ਼ੀਰ ਵਿੱਚ ਡਾ. ਲਿਆਕਤ ਅਲੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ 300 ਤੋਂ ਵਧੇਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ
'ਪ੍ਰੀਤ ਟਰੈਕਟਰਜ਼' ਫ਼ਰਮ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਟਰੈਕਟਰ ਕੀਤਾ ਗਿਆ ਭੇਂਟ
ਸੰਸਥਾ ਦੇ ਸਰਵਪੱਖੀ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੁੰਦੇ ਹਨ ਅਜਿਹੇ ਸਹਿਯੋਗ: ਡਾ. ਜਗਦੀਪ ਸਿੰਘ
ਪਟਿਆਲਾ, 17 ਅਪ੍ਰੈਲ
ਟਰੈਕਟਰ ਅਤੇ ਖੇਤੀਬਾੜੀ ਮਸ਼ੀਨਰੀ ਦੇ ਨਿਰਮਾਣ ਲਈ ਪ੍ਰਸਿੱਧ ਪੰਜਾਬ ਅਧਾਰਿਤ ਫ਼ਰਮ 'ਪ੍ਰੀਤ ਟਰੈਕਟਰਜ਼' ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਟਰੈਕਟਰ ਭੇਂਟ ਕੀਤਾ ਗਿਆ ਹੈ।
ਫ਼ਰਮ ਦੇ ਪ੍ਰਤੀਨਿਧ ਸ੍ਰ. ਸੁਖਵਿੰਦਰ ਸਿੰਘ, ਸ੍ਰ. ਹਨਦੀਪ ਸਿੰਘ ਤੇ ਸ੍ਰ. ਗੁਰਪ੍ਰੀਤ ਸਿੰਘ, ਜੋ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ, ਉਹ ਉਚੇਚੇ ਤੌਰ 'ਤੇ ਯੂਨੀਵਰਸਿਟੀ ਕੈਂਪਸ ਪੁੱਜੇ ਅਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੂੰ ਟਰੈਕਟਰ ਦੀਆਂ ਚਾਬੀਆਂ ਸੌਂਪੀਆਂ।
ਪੰਜਾਬੀ ਯੂਨੀਵਰਸਿਟੀ ਦੇ ਵਿਕਾਸ ਕਾਰਜਾਂ ਅਤੇ ਕੈਂਪਸ ਦੀ ਸਾਂਭ-ਸੰਭਾਲ ਦੇ ਮਕਸਦ ਨਾਲ 'ਪ੍ਰੀਤ ਟਰੈਕਟਰਜ਼' ਵੱਲੋਂ ਦਿੱਤੇ ਗਏ ਇਸ ਸਹਿਯੋਗ ਲਈ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸੰਸਥਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰੀਤ ਟਰੈਕਟਰਜ਼ ਵਰਗੀ ਨਾਮਵਰ ਫ਼ਰਮ ਵੱਲੋਂ ਦਿੱਤਾ ਗਿਆ ਇਹ ਯੋਗਦਾਨ ਯੂਨੀਵਰਸਿਟੀ ਦੀਆਂ ਖੇਤੀਬਾੜੀ ਅਤੇ ਰੱਖ-ਰਖਾਅ ਸਬੰਧੀ ਗਤੀਵਿਧੀਆਂ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਪਣੀ ਮਾਂ-ਸੰਸਥਾ ਨਾਲ਼ ਇਸ ਤਰ੍ਹਾਂ ਦੀ ਭਾਵਨਾਤਮਕ ਸਾਂਝ ਰਖਦੇ ਹਨ ਅਤੇ ਇਸ ਦੇ ਵਿਕਾਸ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰ. ਸੁਖਵਿੰਦਰ ਸਿੰਘ, ਸ੍ਰ. ਹਨਦੀਪ ਸਿੰਘ ਤੇ ਸ੍ਰ. ਗੁਰਪ੍ਰੀਤ ਸਿੰਘ, ਵਰਗੇ ਹੋਣਹਾਰ ਸਾਬਕਾ ਵਿਦਿਆਰਥੀਆਂ ਦਾ ਆਪਣੀ ਸੰਸਥਾ ਪ੍ਰਤੀ ਇਹ ਪਿਆਰ ਅਤੇ ਜ਼ਿੰਮੇਵਾਰੀ ਵਾਲਾ ਰਵੱਈਆ ਹੋਰਨਾਂ ਵਿਦਿਆਰਥੀਆਂ ਲਈ ਇੱਕ ਵੱਡੀ ਪ੍ਰੇਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਹਿਯੋਗ ਸੰਸਥਾ ਦੇ ਸਰਵਪੱਖੀ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੁੰਦੇ ਹਨ।
ਸ੍ਰ. ਸੁਖਵਿੰਦਰ ਸਿੰਘ, ਸ੍ਰ. ਹਨਦੀਪ ਸਿੰਘ ਤੇ ਸ੍ਰ. ਗੁਰਪ੍ਰੀਤ ਸਿੰਘ ਨੇ ਇਸ ਮੌਕੇ ਆਪਣੇ ਭਾਵ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਰਗੀ ਮਹਾਨ ਸੰਸਥਾ ਦਾ ਹਿੱਸਾ ਹੋਣਾ ਉਨ੍ਹਾਂ ਲਈ ਹਮੇਸ਼ਾ ਹੀ ਫ਼ਖ਼ਰ ਵਾਲੀ ਗੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਜਿਸ ਮੁਕਾਮ 'ਤੇ ਪਹੁੰਚੇ ਹਨ, ਉਸ ਵਿੱਚ ਇਸ ਯੂਨੀਵਰਸਿਟੀ ਤੋਂ ਮਿਲੀ ਸਿੱਖਿਆ ਅਤੇ ਮਾਰਗਦਰਸ਼ਨ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ 'ਪ੍ਰੀਤ ਟਰੈਕਟਰਜ਼' ਵੱਲੋਂ ਇਹ ਨਿੱਕਾ ਜਿਹਾ ਸਹਿਯੋਗ ਇਸ ਵੱਕਾਰੀ ਸੰਸਥਾ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਾ ਇੱਕ ਚਿੰਨ੍ਹ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਟਰੈਕਟਰ ਕੈਂਪਸ ਦੇ ਰੱਖ-ਰਖਾਅ ਅਤੇ ਵਿਕਾਸ ਕਾਰਜਾਂ ਵਿੱਚ ਲਾਹੇਵੰਦ ਸਾਬਤ ਹੋਵੇਗਾ।
ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਫ਼ਰਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਵਿਦਿਆਰਥੀਆਂ ਲਈ ਨਵੇਂ ਦਰਵਾਜ਼ੇ ਖੋਲ੍ਹ ਰਹੀ ਹੈ ਦੂਰਵਰਤੀ ਸਿੱਖਿਆ ਪ੍ਰਣਾਲੀ: ਡਾ. ਜਗਦੀਪ ਸਿੰਘ
ਪੰਜਾਬੀ ਯੂਨੀਵਰਸਿਟੀ ਦੇ 'ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ' ਨੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਕਰਵਾਇਆ ਇੰਡਕਸ਼ਨ ਪ੍ਰੋਗਰਾਮ
ਪਟਿਆਲਾ, 16 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ 'ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ' ਵੱਲੋਂ ਅੱਜ ਜਨਵਰੀ 2026 ਸੈਸ਼ਨ ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਨੂੰ ਦੂਰਵਰਤੀ ਸਿੱਖਿਆ ਪ੍ਰਣਾਲੀ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣ ਲਈ ਇੱਕ ਵਿਸ਼ੇਸ਼ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਰਤਮਾਨ ਸਮੇਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ਦੇ ਹਵਾਲੇ ਨਾਲ਼ ਗੱਲ ਕੀਤੀ। ਉਨ੍ਹਾਂ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਵਿਭਾਗ ਵੱਲੋਂ ਜੁਲਾਈ ਅਤੇ ਜਨਵਰੀ ਦੇ ਦੋਹਰੇ ਸੈਸ਼ਨਾਂ ਵਿੱਚ ਦਾਖ਼ਲੇ ਦੀ ਪ੍ਰਣਾਲੀ ਸ਼ੁਰੂ ਕਰਕੇ ਇੱਕ ਮੋਹਰੀ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਦੀਆਂ ਲੋੜਾਂ ਮੁਤਾਬਕ ਹੈ, ਜਿਸ ਨਾਲ ਉਨ੍ਹਾਂ ਨੂੰ ਸਾਲ ਵਿੱਚ ਦੋ ਵਾਰ ਦਾਖ਼ਲਾ ਲੈਣ ਦੀ ਸੁਵਿਧਾ ਮਿਲਦੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਪੂਰੀ ਲਗਨ ਨਾਲ ਆਪਣੀ ਪੜ੍ਹਾਈ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ।
ਸੈਂਟਰ ਦੇ ਡਾਇਰੈਕਟਰ ਪ੍ਰੋ. ਸ਼ੈਲਿੰਦਰ ਸੇਖੋਂ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ 1968 ਤੋਂ ਕਾਰਜਸ਼ੀਲ ਇਹ ਵਿਭਾਗ ਦੇਸ਼ ਦੇ ਸਭ ਤੋਂ ਪੁਰਾਣੇ ਦੂਰਵਰਤੀ ਸਿੱਖਿਆ ਕੇਂਦਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੌਕਰੀਪੇਸ਼ਾ ਲੋਕਾਂ ਅਤੇ ਦੂਰ-ਦੁਰਾਡੇ ਦੇ ਵਿਦਿਆਰਥੀਆਂ ਲਈ ਇਸ ਪ੍ਰਣਾਲੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਸਪੱਸ਼ਟ ਕੀਤਾ ਕਿ ਇਹ ਕੋਰਸ ਰੈਗੂਲਰ ਕੋਰਸਾਂ ਦੇ ਬਰਾਬਰ ਮਾਨਤਾ ਰੱਖਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਵਿੱਚ ਦਾਖ਼ਲਾ ਲੈਣ ਵਾਲੇ ਲਗਭਗ 50 ਫ਼ੀਸਦੀ ਵਿਦਿਆਰਥੀ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਲੈਂਦੇ ਹਨ।
ਇਸ ਮੌਕੇ ਵਿਭਾਗ ਵੱਲੋਂ ਤਿਆਰ ਕੀਤੀ 'ਸਟੂਡੈਂਟ ਡੈਸ਼ਬੋਰਡ ਐਪਲੀਕੇਸ਼ਨ' ਬਾਰੇ ਵੀ ਜਾਣਕਾਰੀ ਦਿੱਤੀ ਗਈ, ਜੋ ਵਿਦਿਆਰਥੀਆਂ ਨੂੰ ਘਰ ਬੈਠੇ ਸਾਰੀਆਂ ਸਹੂਲਤਾਂ ਅਤੇ ਸੂਚਨਾਵਾਂ ਮੁਹੱਈਆ ਕਰਵਾਉਂਦੀ ਹੈ।
ਤਕਨੀਕੀ ਸੈਸ਼ਨ ਦੌਰਾਨ ਚੀਫ਼ ਲਾਇਬ੍ਰੇਰੀਅਨ ਡਾ. ਗਿਆਨ ਸਿੰਘ ਨੇ ਵਿਭਾਗੀ ਲਾਇਬ੍ਰੇਰੀ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਕੰਪਿਊਟਰ ਸਾਇੰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਵਿਸ਼ਾਲ ਸਿੰਘ ਨੇ ਵਿਦਿਆਰਥੀਆਂ ਨੂੰ ਵਿਭਾਗ ਦਾ ਵਰਚੁਅਲ ਦੌਰਾ ਵੀ ਕਰਵਾਇਆ।
ਸ੍ਰੀ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਡੈਸ਼ਬੋਰਡ ਐਪਲੀਕੇਸ਼ਨ ਚਲਾਉਣ ਦੀ ਸਿਖਲਾਈ ਦਿੱਤੀ।
ਮਨੋਵਿਗਿਆਨ ਵਿਭਾਗ ਤੋਂ ਪ੍ਰੋਫੈਸਰ ਨੈਨਾ ਸ਼ਰਮਾ ਨੇ ਵਿਦਿਆਰਥੀਆਂ ਨਾਲ ਸਵੈ-ਜਾਗਰੂਕਤਾ ਅਤੇ ਜੀਵਨ ਵਿੱਚ ਟੀਚੇ ਮਿੱਥਣ ਦੇ ਵਿਸ਼ੇ 'ਤੇ ਵਿਚਾਰ ਸਾਂਝੇ ਕੀਤੇ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋਫੈਸਰ ਹਰਪ੍ਰੀਤ ਕੌਰ ਸਾਹਨੀ ਨੇ ਨਿਭਾਈ।
ਮਨੁੱਖੀ ਸੰਵੇਦਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਜ਼ਰੀਆ ਹੈ ਕਲਾ: ਡਾ. ਜਗਦੀਪ ਸਿੰਘ
ਪੰਜਾਬੀ ਯੂਨੀਵਰਸਿਟੀ ਵਿਖੇ 31ਵੀਂ ਸਾਲਾਨਾ ਕਲਾ ਪ੍ਰਦਰਸ਼ਨੀ ਸ਼ੁਰੂ
ਪਟਿਆਲਾ, 16 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਸ੍ਰ. ਸੋਭਾ ਸਿੰਘ ਫਾਈਨ ਆਰਟਸ ਵਿਭਾਗ ਵੱਲੋਂ ਮਿਊਜ਼ੀਅਮ ਅਤੇ ਆਰਟ ਗੈਲਰੀ ਦੇ ਸਹਿਯੋਗ ਨਾਲ ਲਗਾਈ ਜਾ ਰਹੀ 31ਵੀਂ ਸਾਲਾਨਾ ਕਲਾ ਪ੍ਰਦਰਸ਼ਨੀ ਅੱਜ ਆਰੰਭ ਹੋ ਗਈ ਹੈ। 'ਪਰਵਾਜ਼-ਏ-ਖ਼ਿਆਲ' ਸਿਰਲੇਖ ਤਹਿਤ ਲਗਾਈ ਜਾ ਰਹੀ ਇਸ ਪ੍ਰਦਰਸ਼ਨੀ ਦਾ ਉਦਘਾਟਨ ਅੱਜ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨੀ ਵਿੱਚ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਕਲਾ-ਕਿਰਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕਲਾ ਮਨੁੱਖੀ ਸੰਵੇਦਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਜ਼ਰੀਆ ਹੈ ਅਤੇ ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਨਵੀਂ ਉਡਾਣ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਪਰਵਾਜ਼-ਏ-ਖ਼ਿਆਲ' ਵਰਗੇ ਮੰਚ ਨੌਜਵਾਨ ਕਲਾਕਾਰਾਂ ਨੂੰ ਆਪਣੀ ਕਲਾਤਮਕ ਪ੍ਰਤਿਭਾ ਨੂੰ ਪਛਾਣਨ ਅਤੇ ਨਿਖਾਰਨ ਦਾ ਸੁਨਹਿਰੀ ਮੌਕਾ ਦਿੰਦੇ ਹਨ।
ਇਸ ਪ੍ਰਦਰਸ਼ਨੀ ਵਿੱਚ ਪੇਂਟਿੰਗ, ਇੰਸਟਾਲੇਸ਼ਨ, ਗ੍ਰਾਫਿਕਸ ਪ੍ਰਿੰਟ ਮੇਕਿੰਗ ਅਤੇ ਸੈਰਾਮਿਕ ਪੌਟਰੀ ਵਰਗੀਆਂ ਵੱਖ-ਵੱਖ ਕਲਾ ਵੰਨਗੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।
ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਅੰਬਾਲਿਕਾ ਸੂਦ ਜੈਕਬ ਨੇ ਕਿਹਾ ਕਿ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਯੂਨੀਵਰਸਿਟੀ ਦੀ ਮਿਊਜ਼ੀਅਮ ਅਤੇ ਆਰਟ ਗੈਲਰੀ ਵਿਖੇ 30 ਮਈ 2026 ਤੱਕ ਰੋਜ਼ਾਨਾ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਆਮ ਲੋਕਾਂ ਅਤੇ ਕਲਾ ਪ੍ਰੇਮੀਆਂ ਲਈ ਖੁੱਲ੍ਹੀ ਰਹੇਗੀ।
ਡਾ. ਕਵਿਤਾ ਸਿੰਘ ਵੱਲੋਂ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਕਲਾਵਾਂ ਸਬੰਧੀ ਟਿੱਪਣੀਆਂ ਕੀਤੀਆਂ ਗਈਆਂ।
ਇਸ ਮੌਕੇ ਵਿਭਾਗ ਦੇ ਫੈਕਲਟੀ ਮੈਂਬਰ ਡਾ. ਅਤਿੰਦਰਪਾਲ ਸਿੰਘ, ਸਰਬਜੀਤ ਸਿੰਘ, ਪ੍ਰਭਦੀਪ ਕੌਰ, ਅਰਚਨਾ ਸ਼ਰਮਾ, ਮਨਪ੍ਰੀਤ ਕੌਰ ਆਦਿ ਮੌਜੂਦ ਰਹੇ।
ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਦੇ ਹਨ ਮਿਹਨਤੀ ਵਿਦਿਆਰਥੀ: ਉਪ-ਕੁਲਪਤੀ ਡਾ. ਜਗਦੀਪ ਸਿੰਘ
ਯੂ.ਪੀ.ਐੱਸ.ਸੀ. ਪ੍ਰੀਖਿਆ ਪਾਸ ਕਰਨ ਵਾਲ਼ੀ ਯੂਨੀਵਰਸਿਟੀ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ
ਪਟਿਆਲਾ, 15 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਯੂ.ਪੀ.ਐੱਸ.ਸੀ. ਵੱਲੋਂ ਆਯੋਜਿਤ ਸਿਵਿਲ ਸਰਵਿਸਿਜ਼ ਪ੍ਰੀਖਿਆਵਾਂ ਵਿੱਚ 422ਵਾਂ ਰੈਂਕ ਹਾਸਲ ਕਰਨ ਵਾਲ਼ੀ ਯੂਨੀਵਰਸਿਟੀ ਵਿਦਿਆਰਥਣ ਜਸਪ੍ਰੀਤ ਕੌਰ ਦਾ ਸਨਮਾਨ ਕੀਤਾ। ਜਸਪ੍ਰੀਤ ਕੌਰ ਅੱਜ ਇੱਥੇ ਯੂਨੀਵਰਸਿਟੀ ਵਿਚਲੇ ਆਪਣੇ ਸਿਵਿਲ ਇੰਜਨੀਅਰਿੰਗ ਵਿਭਾਗ ਵੱਲੋਂ ਦਿੱਤੇ ਗਏ ਵਿਸ਼ੇਸ਼ ਸੱਦੇ 'ਤੇ ਯੂਨੀਵਰਸਿਟੀ ਕੈਂਪਸ ਪਹੁੰਚੀ ਸੀ।
ਡਾ. ਜਗਦੀਪ ਸਿੰਘ ਨੇ ਜਸਪ੍ਰੀਤ ਕੌਰ ਅਤੇ ਉਸ ਦੇ ਸਿਵਿਲ ਇੰਜਨੀਅਰਿੰਗ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਜਸਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ ਲਈ, ਸਗੋਂ ਸਮੁੱਚੀ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਸਪ੍ਰੀਤ ਵਰਗੇ ਮਿਹਨਤੀ ਵਿਦਿਆਰਥੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਦੇ ਹਨ ਅਤੇ ਸਾਬਤ ਕਰਦੇ ਹਨ ਕਿ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਨਾਲ਼ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਜਸਪ੍ਰੀਤ ਕੌਰ ਨੂੰ ਉਸ ਦੇ ਭਵਿੱਖ ਦੇ ਪ੍ਰਸ਼ਾਸਨਿਕ ਸਫ਼ਰ ਲਈ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਇੱਕ ਇਮਾਨਦਾਰ ਅਤੇ ਲੋਕ-ਪੱਖੀ ਅਧਿਕਾਰੀ ਵਜੋਂ ਦੇਸ਼ ਦੀ ਸੇਵਾ ਕਰੇਗੀ।
ਇਸ ਮੌਕੇ ਸਿਵਿਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਿੰਦਰ ਸਿੰਘ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ, ਜਿਨ੍ਹਾਂ ਨੇ ਜਸਪ੍ਰੀਤ ਦੀਆਂ ਅਕਾਦਮਿਕ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
ਡਾ. ਮਨਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਜਸਪ੍ਰੀਤ ਕੌਰ ਸੈਸ਼ਨ 2014 ਤੋਂ 2018 ਦੌਰਾਨ ਵਿਭਾਗ ਦੀ ਹੋਣਹਾਰ ਅਤੇ ਮਿਹਨਤੀ ਵਿਦਿਆਰਥਣ ਰਹੀ ਹੈ।
ਇਸ ਮੌਕੇ ਹਾਜ਼ਰ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਵੱਲੋਂ ਵੀ ਜਸਪ੍ਰੀਤ ਕੌਰ ਨੂੰ ਵਧਾਈ ਦਿੱਤੀ ਗਈ।
ਨਿਊਜ਼-ਪੇਪਰ ਹਾਕਰ ਤੋਂ ਲੈ ਕੇ ਡਾਇਰੈਕਟਰ ਲੋਕ ਸੰਪਰਕ ਤੱਕ : ਡਾ. ਖੋਖਰ ਦਾ ਪ੍ਰੇਰਨਾਦਾਇਕ ਸਫ਼ਰ
ਪਟਿਆਲਾ, 9 ਅਪ੍ਰੈਲ
ਡਾ. ਹਰਮਿੰਦਰ ਸਿੰਘ ਖੋਖਰ ਦਾ ਪਟਿਆਲਾ ਸ਼ਹਿਰ ਦੀਆਂ ਗਲੀਆਂ ਵਿੱਚ ਅਖ਼ਬਾਰ ਵੇਚਣ ਤੋਂ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਬਣਨ ਤੱਕ ਦਾ ਸਫ਼ਰ ਦ੍ਰਿੜ ਇਰਾਦੇ, ਸਖ਼ਤ ਮਿਹਨਤ ਅਤੇ ਭਾਈਚਾਰਕ ਸਾਂਝ ਦਾ ਪ੍ਰਮਾਣ ਹੈ। ਗਰੀਬੀ ਅਤੇ ਕਈ ਚੁਣੌਤੀਆਂ ਦੇ ਬਾਵਜੂਦ, ਉਹ ਅਕਾਦਮਿਕ ਉੱਤਮਤਾ ਅਤੇ ਸਮਾਜਿਕ ਵਚਨਬੱਧਤਾ ਦੇ ਇੱਕ ਚਾਨਣ ਮੁਨਾਰੇ ਵਜੋਂ ਉੱਭਰੇ।
ਆਪਣੀ ਪੜ੍ਹਾਈ ਦਾ ਖ਼ਰਚਾ ਚੁੱਕਣ ਲਈ ਪਟਿਆਲਾ ਦੀਆਂ ਸੜਕਾਂ 'ਤੇ ਅਖ਼ਬਾਰਾਂ ਵੇਚਣ ਵਾਲੇ (ਹਾਕਰ) ਨਿਊਜ਼-ਪੇਪਰ ਹਾਕਰ ਤੋਂ ਕੈਰੀਅਰ ਦੀ ਸ਼ੁਰੂਆਤ ਕਰਨ ਵਾਲ਼ੇ ਡਾ. ਖੋਖਰ ਦੀ ਡਾਇਰੈਕਟਰ ਲੋਕ ਸੰਪਰਕ ਵਜੋਂ ਨਿਯੁਕਤੀ ਨੂੰ ਮਹਿਜ਼ ਇੱਕ ਪ੍ਰਸ਼ਾਸਨਿਕ ਪ੍ਰਾਪਤੀ ਦੀ ਬਜਾਇ ਮਿਹਨਤ ਅਤੇ ਉਮਰ ਭਰ ਸਿੱਖਣ ਦੇ ਜਜ਼ਬੇ ਦੀ ਜਿੱਤ ਦਾ ਇੱਕ ਸ਼ਕਤੀਸ਼ਾਲੀ ਪ੍ਰਮਾਣ ਅਤੇ ਹੋਰਨਾਂ ਲਈ ਪ੍ਰੇਰਣਾ ਸਰੋਤ ਵਜੋਂ ਵੇਖਿਆ ਜਾ ਰਿਹਾ ਹੈ।
ਡਾ. ਹਰਮਿੰਦਰ ਸਿੰਘ ਖੋਖਰ ਆਪਣੇ ਸ਼ੁਰੂਆਤੀ ਦਿਨਾਂ ਦੇ ਨਿਮਾਣੇ ਪਹਿਲੂ ਨੂੰ ਬੜੇ ਮਾਣ ਨਾਲ਼ ਸਾਂਝਾ ਕਰਦੇ ਹਨ। ਉਹ ਬੇਬਾਕੀ ਨਾਲ਼ ਆਖਦੇ ਹਨ ਕਿ ਉਹ ਉਨ੍ਹਾਂ ਵਿੱਚੋਂ ਨਹੀਂ ਜੋ 'ਵੱਡੇ' ਬਣ ਕੇ ਆਪਣੇ ਅਜਿਹੇ ਸਮਿਆਂ ਨੂੰ ਨਜ਼ਰਅੰਦਾਜ਼ ਹੀ ਕਰ ਦੇਣ। ਡਾ. ਖੋਖਰ ਦਸਦੇ ਹਨ ਕਿ ਉਸ ਦੌਰ ਵਿੱਚ ਜਦੋਂ ਅਖ਼ਬਾਰ ਹੀ ਸੂਚਨਾ ਦਾ ਮੁੱਖ ਸੋਮਾ ਹੁੰਦੇ ਸਨ, ਤਾਂ ਉਹ ਆਪਣੀ ਨੌਜਵਾਨੀ ਦੇ ਦਿਨਾਂ ਵਿੱਚ ਰੋਜ਼ਾਨਾ ਸਵੇਰੇ ਸਾਈਕਲ 'ਤੇ ਅਖ਼ਬਾਰਾਂ ਦੇ ਬੰਡਲ ਲੱਦ ਕੇ ਜਾਂ ਪੈਦਲ ਹੀ ਗਲੀਆਂ ਵਿੱਚ ਹੋਕੇ ਦਿੰਦੇ ਹੋਏ ਪਾਠਕਾਂ ਤੱਕ ਖ਼ਬਰਾਂ ਪਹੁੰਚਾਉਂਦੇ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਿੰਟ ਮੀਡੀਆ ਦੀ ਦੁਨੀਆ ਦਾ ਇਹ ਤਜਰਬਾ ਉਨ੍ਹਾਂ ਲਈ ਸਿਰਫ਼ ਕੰਮ ਨਹੀਂ ਸੀ; ਸਗੋਂ ਇਹ ਉਹ ਚੰਗਿਆੜੀ ਸਾਬਿਤ ਹੋਇਆ ਜਿਸ ਨੇ ਉਨ੍ਹਾਂ ਅੰਦਰ ਪੱਤਰਕਾਰੀ ਅਤੇ ਜਨ-ਸੰਚਾਰ ਲਈ ਜੀਵਨ ਭਰ ਦਾ ਜਨੂੰਨ ਪੈਦਾ ਕਰ ਦਿੱਤਾ।
ਡਾ. ਖੋਖਰ ਦਸਦੇ ਹਨ ਕਿ ਉਨ੍ਹਾਂ ਦੇ ਸਫ਼ਰ ਦੀ ਸ਼ੁਰੂਆਤ ਪਟਿਆਲਾ ਦੀਆਂ ਉਨ੍ਹਾਂ ਗਲੀਆਂ ਤੋਂ ਹੋਈ ਹੈ, ਜਿੱਥੇ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ, ਗਾਂਧੀ ਨਗਰ ਤੋਂ ਆਪਣੀ ਮੁੱਢਲੀ ਸਿੱਖਿਆ ਪੂਰੀ ਕੀਤੀ। ਇਤਿਹਾਸ ਅਤੇ ਗਿਆਨ ਪ੍ਰਤੀ ਡੂੰਘੀ ਰੁਚੀ ਸਦਕਾ ਉਨ੍ਹਾਂ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੋਂ ਬੀ.ਏ. (ਆਨਰਜ਼) ਅਤੇ ਐਮ.ਏ. (ਇਤਿਹਾਸ) ਦੀ ਡਿਗਰੀ ਹਾਸਲ ਕੀਤੀ। ਇੱਥੇ ਹੀ ਬੱਸ ਨਹੀਂ, ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ (ਐੱਲ-ਐੱਲ.ਬੀ.) ਦੀ ਪੜ੍ਹਾਈ ਵੀ ਕੀਤੀ, ਜਿਸ ਨੇ ਉਨ੍ਹਾਂ ਦੇ ਬਹੁ-ਪੱਖੀ ਕਰੀਅਰ ਦੀ ਮਜ਼ਬੂਤ ਨੀਂਹ ਰੱਖੀ।
ਡਾ. ਖੋਖਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਸਲੀ ਪਛਾਣ ਪੱਤਰਕਾਰੀ ਅਤੇ ਜਨ-ਸੰਚਾਰ ਦੀ ਦੁਨੀਆ ਵਿੱਚ ਮਿਲੀ। ਪੁਰਾਣੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਹ ਸਾਲ 1993 ਦਾ ਉਹ ਸਮਾਂ ਬੜੇ ਮਾਣ ਨਾਲ਼ ਯਾਦ ਕਰਦੇ ਹਨ ਜਦੋਂ ਉਨ੍ਹਾਂ, ਬਹੁਤ ਛੋਟੀ ਉਮਰ ਵਿੱਚ ਪੰਜਾਬੀ ਹਫ਼ਤਾਵਾਰੀ ਅਖ਼ਬਾਰ 'ਖੋਖਰ ਦੀ ਆਵਾਜ਼' ਸ਼ੁਰੂ ਕਰਨ ਦਾ ਦਲੇਰਾਨਾ ਕਦਮ ਚੁੱਕਿਆ ਅਤੇ ਇਸ ਦੇ ਸੰਪਾਦਕ, ਛਾਪਕ ਅਤੇ ਪ੍ਰਕਾਸ਼ਕ ਵਜੋਂ ਸੇਵਾ ਨਿਭਾਈ।
ਉਹ ਫ਼ਖ਼ਰ ਨਾਲ਼ ਦਸਦੇ ਹਨ ਕਿ ਸਾਲ 1998 ਵਿੱਚ, ਉਨ੍ਹਾਂ ਦੀ ਪ੍ਰਤਿਭਾ ਅਤੇ ਸਖ਼ਤ ਮਿਹਨਤ ਨੂੰ ਉਸ ਸਮੇਂ ਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਜਦੋਂ ਉਨ੍ਹਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵੱਕਾਰੀ ਪ੍ਰੀਖਿਆ ਪਾਸ ਕੀਤੀ ਅਤੇ ਭਾਰਤੀ ਸੂਚਨਾ ਸੇਵਾ (ਆਈ. ਆਈ. ਐੱਸ.-98 ਬੈਚ) ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਭਾਰਤ ਸਰਕਾਰ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ. ਆਈ. ਬੀ.) ਵਿੱਚ ਸ਼ਾਨਦਾਰ ਸੇਵਾਵਾਂ ਦਿੱਤੀਆਂ, ਜਿੱਥੇ ਉਨ੍ਹਾਂ ਨੇ ਰਾਸ਼ਟਰੀ ਪੱਧਰ ਦੇ ਸੰਚਾਰ ਅਤੇ ਜਨਤਕ ਮਾਮਲਿਆਂ ਵਿੱਚ ਬਹੁਮੁੱਲਾ ਤਜਰਬਾ ਹਾਸਲ ਕੀਤਾ।
ਡਾ. ਖੋਖਰ ਦਸਦੇ ਹਨ ਕਿ ਅਜਿਹੀਆਂ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਦੇ ਬਾਵਜੂਦ, ਉਨ੍ਹਾਂ ਦਾ ਦਿਲ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਿਹਾ। ਉਨ੍ਹਾਂ ਨੇ ਸਾਲ 2001 ਵਿੱਚ ਆਪਣੀ ਮਾਂ-ਸੰਸਥਾ ਦੀ ਸੇਵਾ ਕਰਨ ਲਈ ਅਕਾਦਮਿਕ ਖੇਤਰ ਵਿੱਚ ਵਾਪਸ ਆਉਣ ਦਾ ਫੈਸਲਾ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਸਹਾਇਕ ਲੋਕ ਸੰਪਰਕ ਅਧਿਕਾਰੀ ਵਜੋਂ ਸ਼ਾਮਲ ਹੋਏ। ਇੱਥੇ ਉਹ ਸਾਲਾਂ ਦੌਰਾਨ, ਆਪਣੀ ਦ੍ਰਿੜਤਾ ਅਤੇ ਲਗਾਤਾਰ ਬਿਹਤਰ ਪ੍ਰਦਰਸ਼ਨ ਸਦਕਾ ਲਗਾਤਾਰ ਤਰੱਕੀ ਕਰਦੇ ਗਏ। ਉਹ 2014 ਵਿੱਚ ਇੱਥੇ ਲੋਕ ਸੰਪਰਕ ਅਧਿਕਾਰੀ ਬਣੇ ਅਤੇ ਯੂਨੀਵਰਸਿਟੀ ਸਾਇੰਸ ਇੰਸਟਰੂਮੈਂਟੇਸ਼ਨ ਸੈਂਟਰ ਦੇ ਇੰਚਾਰਜ ਵਜੋਂ ਵਾਧੂ ਜ਼ਿੰਮੇਵਾਰੀ ਵੀ ਨਿਭਾਈ।
ਉਹ ਦਸਦੇ ਹਨ ਕਿ ਉਨ੍ਹਾਂ ਦਾ ਅਕਾਦਮਿਕ ਸਫ਼ਰ ਕਦੇ ਨਹੀਂ ਰੁਕਿਆ। ਗਿਆਨ ਦੀ ਅਥਾਹ ਪਿਆਸ ਸਦਕਾ ਉਨ੍ਹਾਂ ਨੇ ਉੱਤਰੀ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਤੋਂ ਉੱਚ ਡਿਗਰੀਆਂ ਹਾਸਲ ਕੀਤੀਆਂ। ਗੁਰੂ ਜੰਬੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਹਿਸਾਰ ਤੋਂ ਮਾਸਟਰ ਆਫ਼ ਜਰਨਲਿਜ਼ਮ; ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਤੋਂ ਐਮ.ਫਿਲ. ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਪੀਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ।
ਅਖ਼ਬਾਰਾਂ, ਸਰਕਾਰੀ ਸੇਵਾਵਾਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿੱਚ 33 ਸਾਲਾਂ ਦਾ ਵਿਸ਼ਾਲ ਤਜਰਬਾ ਰੱਖਣ ਵਾਲੇ ਡਾ. ਖੋਖਰ ਇੱਕ ਸੱਚੇ ਸਿਖਿਆਰਥੀ ਅਤੇ ਸਮਰਪਿਤ ਲੋਕ ਸੇਵਕ ਦੀ ਮਿਸਾਲ ਹਨ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਸੰਸਥਾਵਾਂ ਨੂੰ ਤਰੱਕੀ ਲਈ ਹਮੇਸ਼ਾ ਕਾਬਲ ਅਤੇ ਤਜਰਬੇਕਾਰ ਅਧਿਕਾਰੀਆਂ ਦੀ ਅਗਵਾਈ ਦੀ ਲੋੜ ਹੁੰਦੀ ਹੈ ਅਤੇ ਮੁੱਖ ਅਹੁਦਿਆਂ 'ਤੇ ਸਮਰੱਥ ਅਧਿਕਾਰੀਆਂ ਦਾ ਹੋਣਾ ਲਾਜ਼ਮੀ ਹੈ।
ਡਾ. ਹਰਮਿੰਦਰ ਸਿੰਘ ਖੋਖਰ ਦਾ ਇਹ ਸਫ਼ਰ, ਜੋ ਇੱਕ ਸਥਾਨਕ ਅਖ਼ਬਾਰ ਦੀ ਸੰਪਾਦਨਾ ਤੋਂ ਲੈ ਕੇ ਭਾਰਤੀ ਸੂਚਨਾ ਸੇਵਾ ਰਾਹੀਂ ਦੇਸ਼ ਦੀ ਸੇਵਾ ਕਰਨ ਅਤੇ ਹੁਣ ਪੰਜਾਬ ਦੀ ਇੱਕ ਪ੍ਰਮੁੱਖ ਯੂਨੀਵਰਸਿਟੀ ਵਿੱਚ ਸੰਚਾਰ ਵਿਭਾਗ ਦੀ ਅਗਵਾਈ ਕਰਨ ਤੱਕ ਪੁੱਜਿਆ, ਇਸ ਗੱਲ ਦੀ ਢੁਕਵੀਂ ਮਿਸਾਲ ਹੈ ਕਿ ਨਿਰੰਤਰ ਮਿਹਨਤ, ਸਿੱਖਿਆ ਅਤੇ ਆਪਣੀਆਂ ਜੜ੍ਹਾਂ ਪ੍ਰਤੀ ਵਫ਼ਾਦਾਰੀ ਨਾਲ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ।
ਡਾ. ਖੋਖਰ ਦਾ ਕਹਿਣਾ ਹੈ ਕਿ ਅੱਜ ਦੇ ਅਜਿਹੇ ਦੌਰ ਵਿੱਚ ਅਕਸਰ ਰਾਤੋ-ਰਾਤ ਮਿਲਣ ਵਾਲ਼ੀ ਸਫਲਤਾ ਨੂੰ ਵਡਿਆਇਆ ਜਾਂਦਾ ਹੈ, ਪਰ ਉਨ੍ਹਾਂ ਦੇ ਹੱਡੀਂ ਹੰਢਾਏ ਸਫ਼ਰ ਦੀ ਕਹਾਣੀ ਇਸ ਗੱਲ ਦਾ ਪ੍ਰਮਾਣ ਹੈ ਕਿ ਕਦਮ-ਦਰ-ਕਦਮ, ਡਿਗਰੀ-ਦਰ-ਡਿਗਰੀ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਕੇ ਹੀ ਅਸਲ ਮਹਾਨਤਾ ਬਣਦੀ ਹੈ।
ਗਿਆਨ ਦਾ ਪਰਉਪਕਾਰੀ ਹੋਣਾ ਬਹੁਤ ਜ਼ਰੂਰੀ ਹੈ: ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ
ਪੰਜਾਬੀ ਯੂਨੀਵਰਸਿਟੀ ਦੀ 41ਵੀਂ ਕਨਵੋਕੇਸ਼ਨ ਦੌਰਾਨ 725 ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਡਿਗਰੀਆਂ ਅਤੇ ਮੈਡਲ
ਸਮਾਜ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਪਾਉਣਗੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ: ਡਾ ਜਗਦੀਪ ਸਿੰਘ
ਪਟਿਆਲਾ, 9 ਅਪ੍ਰੈਲ
ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ. ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਦੀ 41ਵੀਂ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ ਕਿਹਾ ਕਿ ਗਿਆਨ ਦਾ ਪਰਉਪਕਾਰੀ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਗਿਆਨ ਜੇਕਰ ਪਰਉਪਕਾਰੀ ਨਾ ਹੋਵੇ ਤਾਂ ਉਪਯੋਗੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਉਹ ਧਰਤੀ ਹੈ ਜਿਸ ਨੂੰ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਪ੍ਰਾਪਤ ਹੈ। ਇਸ ਧਰਤੀ ਉੱਤੇ ਗਿਆਨ ਦੀ ਜੋਤ ਜਗਦੀ ਰਹਿਣੀ ਚਾਹੀਦੀ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਅਦਾਰੇ ਲਈ ਏਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਉਸ ਅਦਾਰੇ ਲਈ ਮਾਣ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਨਵੋਕੇਸ਼ਨ ਦਾ ਵਿਦਿਆਰਥੀ ਦੀ ਜਿੰਦਗੀ ਵਿਚ ਵੱਡਾ ਮਹੱਤਵ ਹੁੰਦਾ ਹੈ। ਕਿਸੇ ਵੀ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਕਨਵੋਕੇਸ਼ਨ ਵੱਡੇ ਉਤਸਵ ਵਰਗੀ ਮਹੱਤਤਾ ਰਖਦੀ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਕਨਵੋਕੇਸ਼ਨ ਦੇ ਦਿਨ ਜਦੋਂ ਵੱਖ-ਵੱਖ ਫੈਕਲਟੀਆਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਆਪਣੀਆਂ ਡਿਗਰੀਆਂ ਹਾਸਿਲ ਕਰ ਰਹੇ ਹਨ ਤਾਂ ਸਾਨੂੰ ਇਸ ਗੱਲ 'ਤੇ ਮਾਣ ਕਰਨ ਦੇ ਨਾਲ-ਨਾਲ ਇਹ ਅਹਿਦ ਲੈਣਾ ਚਾਹੀਦਾ ਹੈ ਕਿ ਅਸੀਂ ਯੂਨੀਵਰਸਿਟੀ ਨੂੰ ਹੋਰ ਨਵੀਆਂ ਬਲਦੀਆਂ ਤੱਕ ਲੈ ਕੇ ਜਾਈਏ। ਉਨ੍ਹਾਂ ਡਿਗਰੀ ਅਤੇ ਮੈਡਲ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਯੂਨੀਵਰਸਿਟੀਆਂ ਖੋਜ ਦਾ ਧੁਰਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੀ ਖੋਜ ਨੂੰ ਮਿਆਰੀ, ਪ੍ਰਮਾਣਕ ਅਤੇ ਸਮਾਜ ਲਈ ਵੱਧ ਤੋਂ ਵੱਧ ਉਪਯੋਗੀ ਬਣਾਉਣ ਵੱਲ ਵਿਸ਼ੇਸ਼ ਕਦਮ ਉਠਾ ਰਹੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪੰਜਾਬੀ ਯੂਨੀਵਰਸਿਟੀ ਦੇ ਇਹ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦਿਆਂ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਜ਼ਿਕਰਯੋਗ ਹੈ ਕਿ ਇਸ ਮੌਕੇ ਸੈਸ਼ਨ 2022-23 ਅਤੇ ਸੈਸ਼ਨ 2023-24 ਦੇ 725 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ ਗਏ। ਇਸ ਗਿਣਤੀ ਵਿੱਚ 457 ਡਾਕਟਰੇਟ ਡਿਗਰੀਆਂ ਸ਼ਾਮਿਲ ਹਨ। ਜਦ ਕਿ 179 ਪੋਸਟ ਗ੍ਰੈਜੂਏਟ ਅਤੇ ਪੇਸ਼ੇਵਰ ਕੋਰਸਾਂ ਦੇ ਵਿਦਿਆਰਥੀ ਅਤੇ 86 ਅੰਡਰ ਗ੍ਰੈਜੂਏਟ ਕੋਰਸਾਂ ਦੇ ਟੌਪਰ ਵਿਦਿਆਰਥੀਆਂ ਨੂੰ ਮਿਲਣ ਵਾਲ਼ੇ ਵਿਦਿਆਰਥੀ ਸ਼ਾਮਿਲ ਸਨ। ਮੈਡਲਾਂ ਦੀ ਗਿਣਤੀ ਵਿੱਚ ਤਿੰਨ ਚਾਂਸਲਰ ਮੈਡਲ ਅਤੇ ਨੌਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਿੱਤੇ ਜਾਂਦੇ ਮੈਡਲ (ਦੋ ਸਾਲਾਂ ਦੇ 18 ਮੈਡਲ) ਸ਼ਾਮਿਲ ਸਨ।
ਪੀ-ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰਨ ਵਾਲ਼ੇ ਕੁੱਲ 457 ਵਿਦਿਆਰਥੀਆਂ ਵਿੱਚ ਲਾਈਫ਼ ਸਾਇੰਸ ਫ਼ੈਕਲਟੀ ਦੇ 27 ਵਿਦਿਆਰਥੀ, ਫਿਜ਼ੀਕਲ ਸਾਇੰਸਜ਼ ਫ਼ੈਕਲਟੀ ਦੇ 37 ਵਿਦਿਆਰਥੀ, ਸੋਸ਼ਲ ਸਾਇੰਸਜ਼ ਫ਼ੈਕਲਟੀ ਦੇ 90 ਵਿਦਿਆਰਥੀ, ਆਰਟ ਐਂਡ ਕਲਚਰ ਫ਼ੈਕਲਟੀ ਦੇ 10 ਵਿਦਿਆਰਥੀ, ਭਾਸ਼ਾ ਫ਼ੈਕਲਟੀ ਦੇ 55 ਵਿਦਿਆਰਥੀ, ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸਜ਼ ਫ਼ੈਕਲਟੀ ਦੇ 55 ਵਿਦਿਆਰਥੀ, ਬਿਜ਼ਨਸ ਫ਼ੈਕਲਟੀ ਦੇ 85 ਵਿਦਿਆਰਥੀ, ਕਾਨੂੰਨ ਫ਼ੈਕਲਟੀ ਦੇ 16 ਵਿਦਿਆਰਥੀ, ਇੰਜਨੀਅਰ ਐਂਡ ਟੈਕਨੋਲੋਜੀ ਫ਼ੈਕਲਟੀ ਦੇ 37 ਵਿਦਿਆਰਥੀ, ਮੈਡੀਸਨ ਫ਼ੈਕਲਟੀ ਦੇ 14 ਵਿਦਿਆਰਥੀ ਅਤੇ ਕੰਪਿਊਟਿੰਗ ਸਾਇੰਸਜ਼ ਦੇ 31 ਵਿਦਿਆਰਥੀ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਵਾਰ ਨਿਵੇਕਲੀ ਪਹਿਲ ਕਰਦਿਆਂ ਪੰਜਾਬੀ ਸਭਿਆਚਾਰ ਦੀ ਪ੍ਰਤੀਨਿਧਤਾ ਵਾਲ਼ੇ ਵਸਤਰ ਬਣਵਾਏ ਗਏ ਸਨ। ਇਹ ਵਸਤਰ ਕਾਨਵੋਕੇਸ਼ਨ ਤੋਂ ਉਪਰੰਤ ਵਿਦਿਆਰਥੀ ਆਪਣੇ ਨਾਲ ਲੈ ਕੇ ਜਾ ਸਕਦੇ ਸਨ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਰਜਿਸਟਰ ਪ੍ਰੋ. ਦਵਿੰਦਰ ਪਾਲ ਸਿੰਘ ਸਿੱਧੂ, ਕੰਟਰੋਲਰ ਪ੍ਰੋ. ਮਨੀਸ਼ ਕਪੂਰ, ਅਡੀਸ਼ਨਲ ਕੰਟਰੋਲਰ ਪ੍ਰੋ. ਬੀ.ਬੀ. ਸਿੰਗਲਾ ਆਦਿ ਅਧਿਕਾਰੀਆਂ ਨੇ ਕਨਵੋਕੇਸ਼ਨ ਦੀ ਰਸਮ ਅਨੁਸਾਰ ਵੱਖ-ਵੱਖ ਭੂਮਿਕਾਵਾਂ ਨਿਭਾਈਆਂ।
ਕਨਵੋਕੇਸ਼ਨ ਦੀ ਰਵਾਇਤ ਅਨੁਸਾਰ ਇਸ ਮੌਕੇ ਵੱਡੀ ਗਿਣਤੀ ਵਿੱਚ ਸਿੰਡੀਕੇਟ ਅਤੇ ਸੈਨੇਟ ਮੈਂਬਰ ਤੋਂ ਇਲਾਵਾ ਵੱਖ-ਵੱਖ ਫੈਕਲਟੀਆਂ ਦੇ ਡੀਨ ਵੀ ਮੰਚ ਉੱਤੇ ਹਾਜ਼ਰ ਰਹੇ
ਸੜਕਾਂ ਦੇ ਨਿਰਮਾਣ ਸਮੇਂ ਵਰਤੀ ਜਾਂਦੀ ਸਮੱਗਰੀ ਨੂੰ ਬਿਹਤਰ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਲੱਭੇ ਗਏ ਢੰਗ
ਕੌਫ਼ੀ ਬੀਨਜ਼ ਤੋਂ ਮਿਲਣ ਵਾਲੀ ਸੁਆਹ ਵਰਗੇ ਕੁੱਝ ਵਿਅਰਥ ਸਮਝੇ ਜਾਂਦੇ ਪਦਾਰਥ ਹੋ ਸਕਦੇ ਹਨ ਕਾਰਗਰ
ਸੜਕ ਨਿਰਮਾਣ ਲਈ ਤਕਨੀਕੀ ਅਤੇ ਆਰਥਿਕ ਪੱਖੋਂ ਬਿਹਤਰ ਹੋ ਸਕਦੀ ਹੈ ਇਹ ਵਿਧੀ
ਪਟਿਆਲਾ, 5 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਸਿਵਲ ਇੰਜਨੀਅਰਿੰਗ ਵਿਭਾਗ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਸੜਕਾਂ ਦੇ ਨਿਰਮਾਣ ਸਮੇਂ ਵਰਤੀ ਜਾਂਦੀ ਸਮੱਗਰੀ ਨੂੰ ਬਿਹਤਰ ਬਣਾਉਣ ਦੇ ਢੰਗ ਲੱਭੇ ਗਏ ਹਨ। ਇਥੋਪੀਆ ਮੂਲ ਦੇ ਖੋਜਾਰਥੀ ਡਾ. ਅਦਿਸੂ ਆਇਲੇ ਜੇਬੋ ਨੇ ਨਿਗਰਾਨ ਡਾ. ਕੁਨਾਲ ਜੈਨ ਦੀ ਅਗਵਾਈ ਵਿੱਚ ਕੀਤੀ ਖੋਜ ਰਾਹੀਂ ਕਾਲ਼ੀ ਮਿੱਟੀ ਜਾਂ ਭਾਰ ਹੇਠਾਂ ਜ਼ਿਆਦਾ ਦਬਣ ਵਾਲੀ ਮਿੱਟੀ ਵਿੱਚ ਮਿਲਾਈ ਜਾ ਸਕਣ ਵਾਲ਼ੀ ਕੁੱਝ ਅਜਿਹੀ ਵਿਅਰਥ ਸਮਝੀ ਜਾਂਦੀ ਸਮੱਗਰੀ ਬਾਰੇ ਅਹਿਮ ਨੁਕਤੇ ਸਾਹਮਣੇ ਲਿਆਂਦੇ ਹਨ ਜਿਸ ਨਾਲ਼ ਉਸ ਮਿੱਟੀ ਦੀ ਭਾਰ ਚਕਣ ਦੀ ਸਮਰਥਾ ਵਧ ਜਾਂਦੀ ਹੈ।
ਡਾ. ਅਦਿਸੂ ਆਇਲੇ ਜੇਬੋ ਨੇ ਦੱਸਿਆ ਕਿ ਇਸ ਖੋਜ ਨੇ ਸੜਕ ਨਿਰਮਾਣ ਅਤੇ ਮਿੱਟੀ ਦੀ ਮਜ਼ਬੂਤੀ ਦੇ ਖੇਤਰ ਵਿੱਚ ਨਵੇਂ ਰਾਹ ਖੋਲ੍ਹੇ ਹਨ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਸਾਹਮਣੇ ਆਇਆ ਕਿ ਕੌਫ਼ੀ ਬੀਨਜ਼ ਤੋਂ ਮਿਲਣ ਵਾਲੀ ਸੁਆਹ, ਝਾਂਵਾਂ ਪੱਥਰ, ਹਲਕਾ ਜਵਾਲਾਮੁਖੀ ਪੱਥਰ ਭਾਵ ਪਿਊਮਸ ਅਤੇ ਕਾਲਾ ਜਵਾਲਾਮੁਖੀ ਮਲਬਾ ਭਾਵ ਸਕਾਰੀਆ ਇਸ ਪੱਖੋਂ ਕਾਰਗਰ ਸਹਾਈ ਸਿੱਧ ਹੋ ਸਕਦੇ ਹਨ। ਕੌਫੀ ਹਸਕ ਐਸ਼ (ਸੀ ਐੱਚ ਏ), ਸਕੋਰੀਆ ਅਤੇ ਪਿਊਮਿਸ ਵਰਗੇ ਬਦਲਵੇਂ ਤੱਤਾਂ ਦੀ ਵਰਤੋਂ ਕਰਕੇ ਕਾਲ਼ੀ ਮਿੱਟੀ ਨੂੰ ਮਜ਼ਬੂਤ ਕਰਨ ਦਾ ਵਿਸਤ੍ਰਿਤ ਅਧਿਐਨ ਕੀਤਾ ਗਿਆ ਜਿਸ ਵਿੱਚੋਂ ਅਹਿਮ ਨੁਕਤੇ ਸਾਹਮਣੇ ਆਏ।ਉਨ੍ਹਾਂ ਦੱਸਿਆ ਕਿ ਇਸ ਖੋਜ ਨੇ ਸਾਬਤ ਕੀਤਾ ਹੈ ਕਿ ਸੀ ਐੱਚ ਏ ਅਤੇ ਸਕੋਰੀਆ ਵਰਗੇ ਪਦਾਰਥ ਮਿੱਟੀ ਵਿੱਚ ਪੈਂਦੀਆਂ ਤਰੇੜਾਂ ਨੂੰ ਰੋਕਣ ਅਤੇ ਸੜਕਾਂ ਦੀ ਜਕੜਨ ਸਮਰਥਾ (ਇੰਟਰਲੋਕਿੰਗ ਡੈਂਸਟੀ) ਨੂੰ ਵਧਾਉਣ ਵਿੱਚ ਕਾਰਗਰ ਹਨ। ਉਨ੍ਹਾਂ ਦੱਸਿਆ ਕਿ ਇਹ ਸਮੱਗਰੀ ਉਸ ਦੇ ਮੂਲ ਦੇਸ ਇਥੋਪੀਆ ਵਿੱਚ ਆਮ ਹੀ ਵਿਅਰਥ ਪਈ ਮਿਲਦੀ ਹੈ।
ਡਾ. ਕੁਨਾਲ ਜੈਨ ਨੇ ਦੱਸਿਆ ਕਿ ਖੋਜ ਦੌਰਾਨ 'ਅਨਕਨਫਾਈਂਡ ਕੰਪਰੈਸਿਵ ਸਟ੍ਰੈਂਥ' (ਯੂ. ਸੀ. ਐੱਸ.) ਅਤੇ 'ਕੈਲੀਫੋਰਨੀਆ ਬੇਅਰਿੰਗ ਰੇਸ਼ੋ' (ਸੀ. ਬੀ.ਆਰ. ) ਰਾਹੀਂ ਮਿੱਟੀ ਦੇ ਵਿਵਹਾਰ ਵਿੱਚ ਵੱਡੇ ਸੁਧਾਰ ਦਰਜ ਕੀਤੇ ਗਏ।ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ਼ ਆਰਥਿਕ ਅਤੇ ਤਕਨੀਕੀ ਤੌਰ ਤੇ ਲਾਭ ਮਿਲੇਗਾ। ਆਈ. ਆਈ. ਟੀ. ਪੇਵ ਸੌਫ਼ਟਵੇਅਰ ਅਤੇ ਇੰਡੀਅਨ ਰੋਡ ਕਾਂਗਰਸ (ਆਈ. ਆਰ. ਸੀ. 2018) ਦੇ ਮਾਪਦੰਡਾਂ ਅਨੁਸਾਰ ਤਿਆਰ ਕੀਤੇ ਗਏ ਮਾਡਲਾਂ ਨੇ ਸਾਬਤ ਕੀਤਾ ਕਿ ਇਹ ਸਮੱਗਰੀ ਸੜਕ ਨਿਰਮਾਣ ਲਈ ਤਕਨੀਕੀ ਅਤੇ ਆਰਥਿਕ ਪੱਖੋਂ ਬਿਹਤਰ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਇਸ ਖੋਜਾ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਅਜਿਹੀ ਖੋਜ ਨੂੰ ਉਤਸ਼ਾਹਿਤ ਕਰਦੀ ਹੈ ਜੋ ਸਮਾਜ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸਾਰਥਕ ਯੋਗਦਾਨ ਪਾ ਸਕੇ। ਉਨ੍ਹਾਂ ਕਿਹਾ ਕਿ ਇਸ ਖੋਜ ਰਾਹੀਂ ਸੜਕ ਨਿਰਮਾਣ ਲਈ ਲੱਭੇ ਗਏ ਸਸਤੇ ਅਤੇ ਟਿਕਾਊ ਬਦਲਾਅ ਇੰਜਨੀਅਰਿੰਗ ਦੇ ਖੇਤਰ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਣਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਭਵਿੱਖ ਵਿੱਚ ਵੀ ਅਜਿਹੇ ਲੋਕ-ਪੱਖੀ ਪ੍ਰੋਜੈਕਟਾਂ 'ਤੇ ਕੰਮ ਕਰਦੇ ਰਹਿਣਗੇ।
ਪੰਜਾਬੀ ਯੂਨੀਵਰਸਿਟੀ ਵਿਖੇ ਕਾਨਵੋਕੇਸ਼ਨ ਦੀਆਂ ਤਿਆਰੀਆਂ ਜੋਰਾਂ 'ਤੇ
9 ਅਪ੍ਰੈਲ ਨੂੰ ਹੋਵੇਗੀ 41ਵੀਂ ਕਾਨਵੋਕੇਸ਼ਨ, 725 ਵਿਦਿਆਰਥੀਆਂ ਨੂੰ ਪੀ-ਐੱਡ. ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ ਜਾਣਗੇ
ਪਟਿਆਲਾ, 3 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਵਿਖੇ 9 ਅਪ੍ਰੈਲ, 2026 ਨੂੰ ਹੋਣ ਜਾ ਰਹੀ 41ਵੀਂ ਕਾਨਵੋਕੇਸ਼ਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਗਠਿਤ ਵੱਖ-ਵੱਖ ਕਮੇਟੀਆਂ ਆਪੋ ਆਪਣੇ ਹਿੱਸੇ ਦੇ ਕਾਰਜ ਮੁਕੰਮਲ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸ ਮੌਕੇ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਹੋਣਗੇ। ਜ਼ਿਕਰਯੋਗ ਹੈ ਕਿ ਡਾ. ਜਗਦੀਪ ਸਿੰਘ ਵੱਲੋਂ ਉਪ-ਕੁਲਪਤੀ ਵਜੋਂ ਅਹੁਦਾ ਸੰਭਾਲ਼ਣ ਤੋਂ ਬਾਅਦ ਇਹ ਪਹਿਲੀ ਕਾਨਵੋਕੇਸ਼ਨ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਸੈਸ਼ਨ 2022-23 ਅਤੇ ਸੈਸ਼ਨ 2023-24 ਦੇ 725 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ ਜਾਣਗੇ। ਇਸ ਗਿਣਤੀ ਵਿੱਚ 457 ਡਾਕਟਰੇਟ ਡਿਗਰੀਆਂ ਸ਼ਾਮਿਲ ਹਨ। ਜਦ ਕਿ 179 ਪੋਸਟ ਗ੍ਰੈਜੂਏਟ ਅਤੇ ਪੇਸ਼ੇਵਰ ਕੋਰਸਾਂ ਦੇ ਵਿਦਿਆਰਥੀ ਅਤੇ 86 ਅੰਡਰ ਗ੍ਰੈਜੂਏਟ ਕੋਰਸਾਂ ਦੇ ਟੌਪਰ ਵਿਦਿਆਰਥੀਆਂ ਨੂੰ ਮਿਲਣ ਵਾਲ਼ੇ ਵਿਦਿਆਰਥੀ ਸ਼ਾਮਿਲ ਹਨ। ਮੈਡਲਾਂ ਦੀ ਗਿਣਤੀ ਵਿੱਚ ਤਿੰਨ ਚਾਂਸਲਰ ਮੈਡਲ ਅਤੇ ਨੌਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਿੱਤੇ ਜਾਂਦੇ ਮੈਡਲ (ਦੋ ਸਾਲਾਂ ਦੇ 18 ਮੈਡਲ) ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਇਸ ਸਮਾਗਮ ਨੂੰ ਇੱਕ ਅਕਾਦਮਿਕ ਉਤਸਵ ਵਾਂਗ ਮਨਾਉਣ ਲਈ ਵੱਡੇ ਪੱਧਰ 'ਤੇ ਤਿਆਰੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਇਹ ਇੱਕ ਇਤਿਹਾਸਕ ਮੌਕਾ ਹੁੰਦਾ ਹੈ ਜਿੱਥੇ ਵਿਦਿਆਰਥੀਆਂ ਦੀ ਸਾਲਾਂ ਦੀ ਮਿਹਨਤ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਪੰਜਾਬੀ ਸਭਿਆਚਾਰ ਦੀ ਪ੍ਰਤੀਨਿਧਤਾ ਵਾਲ਼ੇ ਵਸਤਰ ਬਣਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਦੀ ਵਿਲੱਖਣਤਾ ਇਹ ਹੋਵੇਗੀ ਕਿ ਇਹ ਵਸਤਰ ਕਾਨਵੋਕੇਸ਼ਨ ਤੋਂ ਉਪਰੰਤ ਵਿਦਿਆਰਥੀ ਆਪਣੇ ਨਾਲ ਲੈ ਕੇ ਜਾ ਸਕਦੇ ਹਨ।
ਕੰਟਰੋਲਰ ਪ੍ਰੀਖਿਆਵਾਂ ਡਾ. ਮਨੀਸ਼ ਕਪੂਰ ਨੇ ਦੱਸਿਆ ਕਿ ਕਾਨਵੋਕੇਸ਼ਨ ਲਈ ਲਾਜ਼ਮੀ ਰਿਹਰਸਲ 8 ਅਪ੍ਰੈਲ ਨੂੰ ਦੁਪਹਿਰ 12 ਵਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੇ ਸ਼੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ ਹੋਵੇਗੀ। ਜਿਹੜੇ ਉਮੀਦਵਾਰ ਸਮਰੱਥ ਅਧਿਕਾਰੀ ਦੁਆਰਾ ਤਸਦੀਕ ਕੀਤੇ ਸ਼ਨਾਖਤੀ ਐਂਟਰੀ ਕਾਰਡ ਆਪਣੇ ਨਾਲ ਨਹੀਂ ਲਿਆਉਣਗੇ ਜਾਂ ਰਿਹਰਸਲ ਅਟੈਂਡ ਨਹੀਂ ਕਰਨਗੇ, ਉਨ੍ਹਾਂ ਨੂੰ ਕਾਨਵੋਕੇਸ਼ਨ ਵਿੱਚ ਸ਼ਾਮਿਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਰਿਹਰਸਲ ਸ਼ੁਰੂ ਹੋਣ ਤੋਂ ਪਹਿਲਾਂ ਸਾਇੰਸ ਆਡੀਟੋਰੀਅਮ ਵਿਖੇ ਸਥਾਪਿਤ ਕੀਤੇ ਗਏ ਸਟਾਲ ਤੋਂ ਅਕਾਦਮਿਕ ਵਸਤਰ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਸਬੰਧੀ ਕਾਨਵੋਕੇਸ਼ਨ 'ਤੇ ਵਿਦਿਆਰਥੀਆਂ ਤੋਂ ਇੱਕ ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਚਾਰਜ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਰੈਗੂਲਰ ਉਮੀਦਵਾਰਾਂ ਨੂੰ ਉਨ੍ਹਾਂ ਦੀਆਂ ਸੰਸਥਾਵਾਂ ਅਤੇ ਵਿਭਾਗਾਂ ਰਾਹੀਂ ਅਤੇ ਪ੍ਰਾਈਵੇਟ ਉਮੀਦਵਾਰਾਂ ਨੂੰ ਸਿੱਧੇ ਤੌਰ 'ਤੇ ਸੱਦਾ-ਪੱਤਰ ਭੇਜ ਦਿੱਤੇ ਗਏ ਹਨ। ਜਿਨ੍ਹਾਂ ਉਮੀਦਵਾਰਾਂ ਨੂੰ ਸੱਦਾ-ਪੱਤਰ ਪ੍ਰਾਪਤ ਨਹੀਂ ਹੋਏ, ਉਹ ਪ੍ਰੀਖਿਆ-ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਿਗਰਾਨ ਸ. ਹਰਪ੍ਰੀਤ ਸਿੰਘ ਸਹਿਗਲ ਨੂੰ ਮੋਬਾਈਲ ਨੰ. 98780-41415 'ਤੇ, ਨਿਗਰਾਨ ਸ੍ਰੀਮਤੀ ਵੀਰਪਾਲ ਕੌਰ ਨੂੰ ਮੋਬਾਈਲ ਨੰ. 79019-85272 'ਤੇ ਅਤੇ ਕਲਰਕ ਸ੍ਰੀ ਦਵਿੰਦਰ ਸਿੰਘ ਨੂੰ ਮੋਬਾਈਲ ਨੰ. 98150-19312 ਤੇ' ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪੀ-ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰਨ ਵਾਲ਼ੇ ਕੁੱਲ 457 ਵਿਦਿਆਰਥੀਆਂ ਵਿੱਚ ਲਾਈਫ਼ ਸਾਇੰਸ ਫ਼ੈਕਲਟੀ ਦੇ 27 ਵਿਦਿਆਰਥੀ, ਫਿਜ਼ੀਕਲ ਸਾਇੰਸਜ਼ ਫ਼ੈਕਲਟੀ ਦੇ 37 ਵਿਦਿਆਰਥੀ, ਸੋਸ਼ਲ ਸਾਇੰਸਜ਼ ਫ਼ੈਕਲਟੀ ਦੇ 90 ਵਿਦਿਆਰਥੀ, ਆਰਟ ਐਂਡ ਕਲਚਰ ਫ਼ੈਕਲਟੀ ਦੇ 10 ਵਿਦਿਆਰਥੀ, ਭਾਸ਼ਾ ਫ਼ੈਕਲਟੀ ਦੇ 55 ਵਿਦਿਆਰਥੀ, ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸਜ਼ ਫ਼ੈਕਲਟੀ ਦੇ 55 ਵਿਦਿਆਰਥੀ, ਬਿਜ਼ਨਸ ਫ਼ੈਕਲਟੀ ਦੇ 85 ਵਿਦਿਆਰਥੀ, ਕਾਨੂੰਨ ਫ਼ੈਕਲਟੀ ਦੇ 16 ਵਿਦਿਆਰਥੀ, ਇੰਜਨੀਅਰ ਐਂਡ ਟੈਕਨੋਲੋਜੀ ਫ਼ੈਕਲਟੀ ਦੇ 37 ਵਿਦਿਆਰਥੀ, ਮੈਡੀਸਨ ਫ਼ੈਕਲਟੀ ਦੇ 14 ਵਿਦਿਆਰਥੀ ਅਤੇ ਕੰਪਿਊਟਿੰਗ ਸਾਇੰਸਜ਼ ਦੇ 31 ਵਿਦਿਆਰਥੀ ਸ਼ਾਮਿਲ ਹਨ।
ਪੰਜਾਬੀ ਯੂਨੀਵਰਸਿਟੀ ਵਿਖੇ 'ਗੁਰੂ ਗੋਬਿੰਦ ਸਿੰਘ ਜੀ ਦੀ ਤਲਵੰਡੀ ਸਾਬੋ ਤੋਂ ਦੱਖਣ ਦੀ ਯਾਤਰਾ: ਰਾਜਸਥਾਨ ਦੀ ਵਿਰਾਸਤ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਵਾਇਆ
ਪਟਿਆਲਾ, 02 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਵਿਖੇ 'ਮਹਾਰਾਣਾ ਪ੍ਰਤਾਪ ਚੇਅਰ' ਵੱਲੋਂ ‘ਗੁਰੂ ਗੋਬਿੰਦ ਸਿੰਘ ਜੀ ਦੀ ਤਲਵੰਡੀ ਸਾਬੋ ਤੋਂ ਦੱਖਣ ਦੀ ਯਾਤਰਾ: ਰਾਜਸਥਾਨ ਦੀ ਵਿਰਾਸਤ’ ਵਿਸ਼ੇ 'ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।
ਇਹ ਭਾਸ਼ਣ ਇਤਿਹਾਸ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਸਾਬਕਾ ਡੀਨ ਖੋਜ ਪ੍ਰੋ. ਜਸਪਾਲ ਕੌਰ ਧੰਜੂ ਨੇ ਦਿੱਤਾ।
ਪ੍ਰੋ. ਜਸਪਾਲ ਕੌਰ ਧੰਜੂ ਨੇ ਆਪਣੇ ਖੋਜ ਭਰਪੂਰ ਭਾਸ਼ਣ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਤਲਵੰਡੀ ਸਾਬੋ ਤੋਂ ਦੱਖਣ ਵੱਲ ਕੀਤੀ ਗਈ ਇਤਿਹਾਸਕ ਯਾਤਰਾ ਦਾ ਵਿਸਥਾਰ ਵਿੱਚ ਵਰਣਨ ਕੀਤਾ। ਉਨ੍ਹਾਂ ਇਸ ਪਵਿੱਤਰ ਯਾਤਰਾ ਦੌਰਾਨ ਰਾਜਸਥਾਨ ਦੀ ਵਿਸ਼ੇਸ਼ ਭੂਮਿਕਾ ਅਤੇ ਉੱਥੋਂ ਦੀ ਇਤਿਹਾਸਕ ਵਿਰਾਸਤ 'ਤੇ ਚਾਨਣਾ ਪਾਇਆ। ਉਨ੍ਹਾਂ ਸਿੱਖ ਇਤਿਹਾਸ ਦੇ ਉਨ੍ਹਾਂ ਪਹਿਲੂਆਂ ਨੂੰ ਦਸਤਾਵੇਜ਼ੀ ਰੂਪ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ ਜੋ ਰਾਜਸਥਾਨ ਨਾਲ ਡੂੰਘੇ ਸਬੰਧ ਰੱਖਦੇ ਹਨ ਪਰ ਅਜੇ ਤੱਕ ਚਰਚਾ ਵਿੱਚ ਘੱਟ ਆਏ ਹਨ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮਹਾਰਾਣਾ ਪ੍ਰਤਾਪ ਚੇਅਰ ਦੀ ਇੰਚਾਰਜ ਅਤੇ ਇਤਿਹਾਸ ਵਿਭਾਗ ਦੇ ਮੁਖੀ ਡਾ. ਸੰਦੀਪ ਕੌਰ ਨੇ ਭਾਸ਼ਣ ਦੇ ਵਿਸ਼ੇ ਬਾਰੇ ਜਾਣ-ਪਛਾਣ ਕਰਵਾਈ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਬਲਰਾਜ ਸਿੰਘ ਵੱਲੋਂ ਨਿਭਾਈ ਗਈ।
ਅਖੀਰ ਵਿੱਚ ਇਤਿਹਾਸ ਵਿਭਾਗ ਦੇ ਪ੍ਰੋ. ਦਲਜੀਤ ਸਿੰਘ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ, ਵਿਦਵਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ 150 ਤੋਂ ਵੱਧ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਸਿੱਖ ਇਤਿਹਾਸ ਅਤੇ ਪੰਜਾਬ-ਰਾਜਸਥਾਨ ਦੇ ਸਾਂਝੇ ਵਿਰਸੇ ਵਿੱਚ ਡੂੰਘੀ ਦਿਲਚਸਪੀ ਦਿਖਾਈ।
ਸਾਂਝੇ ਯਤਨਾਂ ਨਾਲ਼ ਨਸ਼ੇ ਦੀ ਚੁਣੌਤੀ 'ਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਪੰਜਾਬ: ਡਾ. ਜਗਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਵਿਖੇ 'ਜ਼ਿੰਦਗੀ ਜ਼ਿੰਦਾਬਾਦ ਮਿਸ਼ਨ' ਤਹਿਤ ਨਸ਼ਾ ਮੁਕਤ ਸਮਾਜ ਲਈ ਕਰਵਾਇਆ ਜਾਗਰੂਕਤਾ ਸੈਮੀਨਾਰ
ਪਟਿਆਲਾ, 2 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਵਿਖੇ 'ਜ਼ਿੰਦਗੀ ਜ਼ਿੰਦਾਬਾਦ ਮਿਸ਼ਨ' ਤਹਿਤ ਨਸ਼ਾ ਮੁਕਤ ਸਮਾਜ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਏ ਜਾ ਰਹੇ 'ਜ਼ਿੰਦਗੀ ਜ਼ਿੰਦਾਬਾਦ ਮਿਸ਼ਨ' ਤਹਿਤ 'ਗਲੋਬਲ ਸਿੱਖਸ' ਸੰਸਥਾ ਵੱਲੋਂ ਉਲੀਕੀ ਗਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਇਹ ਸੈਮੀਨਾਰ ਕਰਵਾਇਆ ਗਿਆ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਨਸ਼ਾਖੋਰੀ ਇੱਕ ਗੁੰਝਲਦਾਰ ਸਮਾਜਿਕ, ਡਾਕਟਰੀ ਅਤੇ ਆਰਥਿਕ ਸਮੱਸਿਆ ਹੈ। ਉਨ੍ਹਾਂ ਅੰਤਰਰਾਸ਼ਟਰੀ ਪੱਧਰ 'ਤੇ ਨਸ਼ਿਆਂ ਦੀ ਤਸਕਰੀ ਪਿੱਛੇ ਕੰਮ ਕਰਦੇ ਗਠਜੋੜ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਉਨ੍ਹਾਂ ਪੰਜਾਬ ਦੇ ਲੋਕਾਂ ਦੇ ਜਜ਼ਬੇ ਅਤੇ ਹਿੰਮਤ ਦੀ ਸ਼ਲਾਘਾ ਕਰਦਿਆਂ ਭਰੋਸਾ ਜਤਾਇਆ ਕਿ ਸਾਂਝੇ ਯਤਨਾਂ ਸਦਕਾ ਸੂਬਾ ਇਸ ਚੁਣੌਤੀ 'ਤੇ ਜਿੱਤ ਪ੍ਰਾਪਤ ਕਰ ਸਕਦਾ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਐੱਸ.ਡੀ.ਐੱਮ. ਸ੍ਰੀ ਗੁਰਦੇਵ ਸਿੰਘ ਧਾਮ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਨੂੰ ਰੋਕਣਾ ਭਾਵੇਂ ਪੂਰੀ ਤਰ੍ਹਾਂ ਸਾਡੇ ਹੱਥ ਵਿੱਚ ਨਾ ਹੋਵੇ, ਪਰ ਇਸ ਦੀ ਮੰਗ ਨੂੰ ਘਟਾਉਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨਸ਼ਾ ਪੀੜਤਾਂ ਪ੍ਰਤੀ ਨਫ਼ਰਤ ਨੂੰ ਖਤਮ ਕਰਨ ਅਤੇ ਅਜਿਹੇ ਮਾਮਲਿਆਂ ਦੀ ਨਿਡਰ ਹੋ ਕੇ ਰਿਪੋਰਟ ਕਰਨ ਦੀ ਅਪੀਲ ਕੀਤੀ।
ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਦਮਨਜੀਤ ਸੰਧੂ ਨੇ ਨੌਜਵਾਨਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਸਮੱਸਿਆ ਨੌਜਵਾਨਾਂ ਵਿੱਚ ਹੈ, ਤਾਂ ਇਸ ਦਾ ਹੱਲ ਵੀ ਉਨ੍ਹਾਂ ਰਾਹੀਂ ਹੀ ਨਿਕਲੇਗਾ।
ਗਲੋਬਲ ਸਿੱਖਸ ਸੰਸਥਾ ਤੋਂ ਸ੍ਰੀ ਹਰਮੀਕ ਸਿੰਘ ਨੇ ਕਿਹਾ ਕਿ ਭਾਰਤ ਇੱਕ ਨੌਜਵਾਨ ਦੇਸ਼ ਹੈ ਅਤੇ ਸਾਨੂੰ ਇਸ ਸ਼ਕਤੀ ਨੂੰ ਸਹੀ ਦਿਸ਼ਾ ਵਿੱਚ ਲਗਾਉਣ ਦੀ ਲੋੜ ਹੈ। ਉਨ੍ਹਾਂ ਨਸ਼ਾ ਪੀੜਤਾਂ ਨੂੰ ਅਪਰਾਧੀ ਨਹੀਂ ਬਲਕਿ ਹਮਦਰਦੀ ਦੇ ਪਾਤਰ ਦੱਸਿਆ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਰਹਿ ਕੇ ਇੱਕ ਮਜ਼ਬੂਤ ਤੇ ਨਸ਼ਾ ਮੁਕਤ ਸੂਬਾ ਬਣਾਉਣ ਵਿੱਚ ਯੋਗਦਾਨ ਪਾਉਣ।
ਜ਼ਿੰਦਗੀ ਜ਼ਿੰਦਾਬਾਦ ਮਿਸ਼ਨ ਤੋਂ ਸ੍ਰੀ ਨਿਰਵੀਰ ਸਿੰਘ ਨੇ ਨੌਜਵਾਨਾਂ 'ਤੇ ਸਾਥੀਆਂ ਦੇ ਪ੍ਰਭਾਵ ਬਾਰੇ ਗੱਲ ਕੀਤੀ ਅਤੇ ਚੰਗੀ ਸੰਗਤ, ਕੌਂਸਲਿੰਗ ਅਤੇ ਕਰੀਅਰ ਗਾਈਡੈਂਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਪੰਜਾਬ ਵਿੱਚ ਨੈਤਿਕਤਾ ਅਤੇ ਕਾਰੋਬਾਰੀ ਸਿੱਖਿਆ ਵਰਗੇ ਵਿਸ਼ੇ ਸ਼ੁਰੂ ਕਰਨ ਦੀ ਵਕਾਲਤ ਕੀਤੀ।
ਇਸ ਮਿਸ਼ਨ ਦੇ ਪਹਿਲੇ ਸੈਸ਼ਨ ਦਾ ਆਯੋਜਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਦਮਨਜੀਤ ਸੰਧੂ ਵੱਲੋਂ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ 200 ਤੋਂ ਵੱਧ ਸਕੂਲੀ ਤੇ ਕਾਲਜ ਵਿਦਿਆਰਥੀਆਂ ਸਮੇਤ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਮਨੋਵਿਗਿਆਨ ਵਿਭਾਗ ਦੇ ਖੋਜਾਰਥੀਆਂ ਰਾਧਾ, ਵਿਕਰਮ, ਨਮਨਦੀਪ ਕੌਰ, ਸਾਹਿਬਜੀਤ ਕੌਰ ਅਤੇ ਅਵਲੀਨ ਕੌਰ ਵੱਲੋਂ ਨਸ਼ਿਆਂ ਨੂੰ 'ਨਾਂਹ' ਕਹਿਣ ਦੀ ਕਲਾ 'ਤੇ ਇੱਕ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ ਗਈ। ਇਸ ਵਿੱਚ ਨਸ਼ਿਆਂ ਦੇ ਦਿਮਾਗ 'ਤੇ ਮਾੜੇ ਪ੍ਰਭਾਵਾਂ ਅਤੇ ਇਸ ਨਾਲ ਜੁੜੇ ਖ਼ਤਰਨਾਕ ਅੰਕੜਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
Contact Us:
Dr. Harminder Singh Khokhar
Director, Public Relations